ਅਲਾਸਕਾ, 22 ਅਗਸਤ 2026 (ਹਰਸ਼ਪ੍ਰੀਤ ਕੌਰ) : ਅਮਰੀਕਾ ਦੇ ਅਲਾਸਕਾ ਸੂਬੇ ਵਿੱਚ ਇੱਕ ਛੋਟਾ ਜਹਾਜ਼ ਸੰਘਣੀ ਧੁੰਦ ਦਰਮਿਆਨ ਲੈਂਡਿੰਗ ਦੀ ਕੋਸ਼ਿਸ਼ ਕਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ ਜਹਾਜ਼ ’ਚ ਸਵਾਰ ਸਾਰੇ 8 ਲੋਕਾਂ ਦੀ ਮੌਤ ਹੋ ਗਈ। ਸੰਘੀ ਜਾਂਚਕਰਤਾਵਾਂ ਮੁਤਾਬਕ ਇਹ ਹਾਦਸਾ ਪੱਛਮੀ ਅਲਾਸਕਾ ਦੇ ਇੱਕ ਦੂਰ-ਦੁਰਾਡੇ ਫੌਜੀ ਹਵਾਈ ਅੱਡੇ ’ਤੇ ਵੀਰਵਾਰ ਦੁਪਹਿਰ ਵਾਪਰਿਆ। ਜਹਾਜ਼ ਨੇ ਧੁੰਦ ਕਾਰਨ ਦੂਜੀ ਵਾਰ ਲੈਂਡਿੰਗ ਦੀ ਕੋਸ਼ਿਸ਼ ਕੀਤੀ ਸੀ, ਪਰ ਇਸ ਦੌਰਾਨ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਅਨੁਸਾਰ ਹਵਾਈ ਅੱਡੇ ’ਤੇ ਦਿੱਖ ਇੰਨੀ ਘੱਟ ਸੀ ਕਿ ਪਾਇਲਟਾਂ ਨੂੰ ਲੈਂਡਿੰਗ ਲਈ ਪੂਰੀ ਤਰ੍ਹਾਂ ਕਾਕਪਿਟ ਦੇ ਇੰਸਟਰੂਮੈਂਟਾਂ ’ਤੇ ਨਿਰਭਰ ਰਹਿਣਾ ਪਿਆ। ਇਹ ਹਵਾਈ ਅੱਡਾ ਐਂਕਰੇਜ ਤੋਂ ਲਗਭਗ 450 ਮੀਲ ਪੱਛਮ ਵੱਲ ਸਥਿਤ ਹੈ।
ਹਾਦਸੇ ਵਿੱਚ ਮਾਰੇ ਗਏ ਦੋ ਪਾਇਲਟਾਂ ਅਤੇ ਛੇ ਯਾਤਰੀਆਂ ਦੀ ਪਛਾਣ ਫਿਲਹਾਲ ਜਾਰੀ ਨਹੀਂ ਕੀਤੀ ਗਈ। ਮ੍ਰਿਤਕਾਂ ਵਿੱਚ ਅਮਰੀਕੀ ਆਰਮੀ ਕੋਰਪਸ ਆਫ ਇੰਜੀਨੀਅਰਜ਼ ਦੇ ਦੋ ਕਰਮਚਾਰੀ ਵੀ ਸ਼ਾਮਲ ਸਨ। ਰਿਪੋਰਟਾਂ ਮੁਤਾਬਕ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਹਵਾਈ ਅੱਡੇ ਦੇ ਨੇੜੇ ਮੌਸਮ ਨਿਗਰਾਨੀ ਸਟੇਸ਼ਨ ਨੇ ਕਰੀਬ 10 ਮੀਲ ਦੀ ਦਿੱਖ ਦਰਜ ਕੀਤੀ ਸੀ। ਇਸ ਦੌਰਾਨ ਹੇਠਲੇ ਬੱਦਲ ਅਤੇ ਧੁੰਦ ਮੌਜੂਦ ਸੀ। ਪਰ ਲਗਭਗ 15 ਮਿੰਟ ਬਾਅਦ ਦਿੱਖ ਘਟ ਕੇ ਇੱਕ ਚੌਥਾਈ ਮੀਲ ਤੋਂ ਵੀ ਘੱਟ ਰਹਿ ਗਈ। ਕੇਪ ਨਿਊਏਨਹੈਮ ਲਾਂਗ ਰੇਂਜ ਰਡਾਰ ਸਾਈਟ ਏਅਰਪੋਰਟ ਇੱਕ ਪਹਾੜੀ ਢਲਾਣ ’ਤੇ ਬਣੇ ਕੱਚੇ ਰਨਵੇ ’ਤੇ ਸਥਿਤ ਹੈ। ਇਹ ਸਥਾਨ ਅਲਾਸਕਾ ਦੇ ਹਵਾਈ ਖੇਤਰ ਅਤੇ ਸਰਹੱਦੀ ਖੇਤਰਾਂ ਦੀ ਨਿਗਰਾਨੀ ਕਰਨ ਵਾਲੇ ਦੂਰ-ਦੁਰਾਡੇ ਰਡਾਰ ਸਟੇਸ਼ਨਾਂ ਦੇ ਨੈੱਟਵਰਕ ਦਾ ਹਿੱਸਾ ਹੈ।
ਇਹ ਰਡਾਰ ਸਥਾਪਨਾ 1950 ਦੇ ਦਹਾਕੇ ਵਿੱਚ ਠੰਢੀ ਜੰਗ ਦੌਰਾਨ ਸੋਵੀਅਤ ਮਿਸਾਈਲ ਹਮਲਿਆਂ ਦੀ ਚੇਤਾਵਨੀ ਦੇਣ ਲਈ ਬਣਾਈ ਗਈ ਸੀ। ਮੌਜੂਦਾ ਸਮੇਂ ਵਿੱਚ ਇੱਥੋਂ ਰੂਸ, ਉੱਤਰੀ ਕੋਰੀਆ ਅਤੇ ਚੀਨ ਵੱਲੋਂ ਆਉਣ ਵਾਲੇ ਹਵਾਈ ਖੇਤਰ ’ਤੇ ਨਜ਼ਰ ਰੱਖਣ ਵਿੱਚ ਸਹਾਇਤਾ ਮਿਲਦੀ ਹੈ। ਅਮਰੀਕੀ ਹਵਾਈ ਸੈਨਾ ਦੇ ਅਲਾਸਕਨ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ ਰਾਬਰਟ ਡੇਵਿਸ ਨੇ ਮ੍ਰਿਤਕਾਂ ਨੂੰ ਮੁਸ਼ਕਲ ਹਾਲਾਤਾਂ ਵਿੱਚ ਮਹੱਤਵਪੂਰਨ ਜ਼ਿੰਮੇਵਾਰੀ ਨਿਭਾਉਣ ਵਾਲੇ ਤਜਰਬੇਕਾਰ ਪੇਸ਼ੇਵਰ ਦੱਸਿਆ ਅਤੇ ਇਸ ਹਾਦਸੇ ਨੂੰ ਫੌਜੀ ਭਾਈਚਾਰੇ ਲਈ ਵੱਡਾ ਨੁਕਸਾਨ ਕਰਾਰ ਦਿੱਤਾ। ਆਰਮੀ ਕੋਰਪਸ ਆਫ ਇੰਜੀਨੀਅਰਜ਼ ਨੇ ਪੁਸ਼ਟੀ ਕੀਤੀ ਕਿ ਮਾਰੇ ਗਏ ਦੋ ਕਰਮਚਾਰੀ ਏਅਰ ਫੋਰਸ ਦੇ ਕੰਮ ਨਾਲ ਸਬੰਧਤ ਇੱਕ ਪ੍ਰੋਜੈਕਟ ਲਈ ਯਾਤਰਾ ਕਰ ਰਹੇ ਸਨ।
NTSB ਦੀ ਟੀਮ ਸ਼ੁੱਕਰਵਾਰ ਨੂੰ ਹਾਦਸੇ ਵਾਲੀ ਥਾਂ ਵੱਲ ਰਵਾਨਾ ਹੋਈ। ਜਾਂਚਕਰਤਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਨਗੇ ਕਿ ਹਾਦਸੇ ਤੋਂ ਪਹਿਲਾਂ ਪਾਇਲਟਾਂ ਨੇ ਕੋਈ ਐਮਰਜੈਂਸੀ ਸੁਨੇਹਾ ਭੇਜਿਆ ਸੀ ਜਾਂ ਸੰਪਰਕ ਅਚਾਨਕ ਟੁੱਟ ਗਿਆ ਸੀ। ਇਸ ਦੇ ਨਾਲ ਹੀ ਹਾਦਸੇ ਸਮੇਂ ਦੇ ਮੌਸਮ ਅਤੇ ਜਹਾਜ਼ ਦੀ ਲੈਂਡਿੰਗ ਨਾਲ ਜੁੜੀਆਂ ਸਥਿਤੀਆਂ ਦੀ ਵੀ ਜਾਂਚ ਕੀਤੀ ਜਾਵੇਗੀ। ਅਲਾਸਕਾ ਦੀ ਸੈਨੇਟਰ ਲੀਜ਼ਾ ਮੁਰਕੋਵਸਕੀ ਨੇ ਦੱਸਿਆ ਕਿ ਜਹਾਜ਼ ਦਾ ਆਪਰੇਟਰ Security Aviation ਸੀ, ਜੋ ਐਂਕਰੇਜ ਸਥਿਤ ਚਾਰਟਰ ਸੇਵਾ ਹੈ। ਉਨ੍ਹਾਂ ਨੇ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਅਲਾਸਕਾ ਵਾਸੀਆਂ ਨਾਲ ਹਮਦਰਦੀ ਜਤਾਈ।






