ਡਿਗਾਰੂ ਰੇਲਵੇ ਸਟੇਸ਼ਨ ‘ਤੇ ਸਵੇਰੇ 6:54 ਵਜੇ ਵਾਪਰਿਆ ਹਾਦਸਾ, ਰਾਹਤ ਤੇ ਬਚਾਅ ਕਾਰਜ ਸ਼ੁਰੂ
ਗੁਹਾਟੀ, 11 ਨਵੰਬਰ, 2026 (ਚੌਧਰੀ ਪ੍ਰਭਜੀਤ ਸਿੰਘ ) : ਅਸਾਮ ਦੇ ਕਾਮਰੂਪ (ਮੈਟਰੋ) ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਕੋਲਕਾਤਾ-ਸੈਰਾਂਗ ਐਕਸਪ੍ਰੈੱਸ ਰੇਲਗੱਡੀ ਦੇ ਛੇ ਡੱਬੇ ਡਿਗਾਰੂ ਰੇਲਵੇ ਸਟੇਸ਼ਨ ‘ਤੇ ਪਟੜੀ ਤੋਂ ਉਤਰ ਗਏ। ਰਾਹਤ ਦੀ ਗੱਲ ਇਹ ਰਹੀ ਕਿ ਹਾਦਸੇ ਵਿੱਚ ਕਿਸੇ ਵੀ ਯਾਤਰੀ ਦੇ ਜ਼ਖ਼ਮੀ ਹੋਣ ਜਾਂ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ। ਨੌਰਥ ਈਸਟ ਫਰੰਟੀਅਰ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ (CPRO) ਕਪਿੰਜਲ ਕਿਸ਼ੋਰ ਸ਼ਰਮਾ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 6:54 ਵਜੇ ਵਾਪਰਿਆ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ।
ਰੇਲਵੇ ਅਨੁਸਾਰ, ਟ੍ਰੇਨ ਨੰਬਰ 13125 ਕੋਲਕਾਤਾ-ਸੈਰਾਂਗ ਐਕਸਪ੍ਰੈੱਸ ਨੂੰ ਕਿਸੇ ਹੋਰ ਰੇਲਗੱਡੀ ਨੂੰ ਪਹਿਲ ਦੇਣ ਲਈ ਡਿਗਾਰੂ ਸਟੇਸ਼ਨ ‘ਤੇ ਲਿਆਂਦਾ ਜਾ ਰਿਹਾ ਸੀ। ਇਸ ਦੌਰਾਨ ਲੋਕੋ ਪਾਇਲਟ ਵੱਲੋਂ ਰਫ਼ਤਾਰ ‘ਤੇ ਕਾਬੂ ਨਾ ਪਾ ਸਕਣ ਕਾਰਨ ਇੰਜਣ ਸਮੇਤ ਪੰਜ ਡੱਬੇ ਪਟੜੀ ਤੋਂ ਉਤਰ ਗਏ। ਹਾਲਾਂਕਿ ਮੁੱਢਲੀ ਰਿਪੋਰਟ ਵਿੱਚ ਕੁੱਲ ਛੇ ਡੱਬਿਆਂ ਦੇ ਪਟੜੀ ਤੋਂ ਉਤਰਨ ਦੀ ਪੁਸ਼ਟੀ ਕੀਤੀ ਗਈ ਹੈ। ਰੇਲਵੇ ਅਧਿਕਾਰੀਆਂ ਮੁਤਾਬਕ ਸਾਰੇ ਯਾਤਰੀ ਸੁਰੱਖਿਅਤ ਹਨ। ਪ੍ਰਭਾਵਿਤ ਯਾਤਰੀਆਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਪਹੁੰਚਾਉਣ ਲਈ ਬਦਲਵੀਂ ਰੇਲਗੱਡੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਰੇਲਵੇ ਦੇ ਜਨਰਲ ਮੈਨੇਜਰ ਸਮੇਤ ਹੋਰ ਉੱਚ ਅਧਿਕਾਰੀ ਵੀ ਘਟਨਾ ਸਥਾਨ ਲਈ ਰਵਾਨਾ ਹੋ ਗਏ ਹਨ।
ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਰੇਲ ਹਾਦਸਿਆਂ ਦੀਆਂ ਘਟਨਾਵਾਂ
ਇਸ ਤੋਂ ਪਹਿਲਾਂ ਸੋਮਵਾਰ ਰਾਤ ਗੁਜਰਾਤ ਵਿੱਚ ਦਾਹੋਦ ਤੋਂ ਜਾਕੋਟ ਵੱਲ ਜਾ ਰਹੀ ਮਾਲਗੱਡੀ ਦੇ ਦੋ ਪਹੀਏ ਢੇਡੇਲਾ ਨੇੜੇ ਪਟੜੀ ਤੋਂ ਉਤਰ ਗਏ ਸਨ। ਇਸ ਕਾਰਨ ਡਾਊਨ ਲਾਈਨ ‘ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਅਤੇ ਦਿੱਲੀ ਜਾਣ ਵਾਲੀਆਂ ਦੋ ਰੇਲਗੱਡੀਆਂ ਦੇਰੀ ਨਾਲ ਚੱਲੀਆਂ। ਇਸ ਘਟਨਾ ਵਿੱਚ ਵੀ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਸੀ। ਇਸੇ ਤਰ੍ਹਾਂ ਤਾਮਿਲਨਾਡੂ ਦੇ ਤਿਰੁਪੱਤੂਰ ਜ਼ਿਲ੍ਹੇ ਵਿੱਚ ਜੋਲਾਰਪੇਟਾਈ ਜੰਕਸ਼ਨ ਦੇ ਰੇਲਵੇ ਯਾਰਡ ਤੋਂ ਸੱਤ ਖਾਲੀ ਡੱਬੇ ਬਿਨਾਂ ਇੰਜਣ ਦੇ ਹੀ ਆਪਣੇ ਆਪ ਚੱਲ ਪਏ ਅਤੇ ਲਗਭਗ ਛੇ ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਥਾਮਲੇਰੀ ਮੁਥੂਰ ਨੇੜੇ ਪਟੜੀ ਤੋਂ ਉਤਰ ਗਏ। ਇਸ ਘਟਨਾ ਕਾਰਨ ਬੈਂਗਲੁਰੂ-ਚੇਨਈ ਰੇਲ ਮਾਰਗ ‘ਤੇ ਆਵਾਜਾਈ ਪ੍ਰਭਾਵਿਤ ਹੋਈ ਅਤੇ ਕਈ ਰੇਲਗੱਡੀਆਂ ਨੂੰ ਰੋਕਣਾ ਪਿਆ। ਡਿਊਟੀ ‘ਤੇ ਤਾਇਨਾਤ ਗੇਟਕੀਪਰ ਨੇ ਡੱਬਿਆਂ ਦੇ ਪਟੜੀ ਤੋਂ ਉਤਰਨ ਦੀ ਆਵਾਜ਼ ਸੁਣ ਕੇ ਤੁਰੰਤ ਰੇਲਵੇ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਸ ਨਾਲ ਇੱਕ ਵੱਡਾ ਹਾਦਸਾ ਟਲ ਗਿਆ। ਰੇਲਵੇ ਕਰਮਚਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਪਟੜੀ ਤੋਂ ਉਤਰੇ ਡੱਬਿਆਂ ਨੂੰ ਹਟਾਉਣ ਅਤੇ ਰੇਲ ਆਵਾਜਾਈ ਬਹਾਲ ਕਰਨ ਦਾ ਕੰਮ ਸ਼ੁਰੂ ਕੀਤਾ।
