ਨਵੀਂ ਦਿੱਲੀ, 11 ਨਵੰਬਰ, 2026 (ਛਤਰਪਾਲ ਸਿੰਘ ) : WhatsApp ਹੁਣ ਸਿਰਫ਼ ਮੈਸੇਜ ਭੇਜਣ ਅਤੇ ਕਾਲ ਕਰਨ ਤੱਕ ਸੀਮਤ ਨਹੀਂ ਰਹਿਣਾ ਚਾਹੁੰਦਾ, ਸਗੋਂ ਕੰਪਨੀ ਇਸ ਨੂੰ ਰੋਜ਼ਾਨਾ ਜ਼ਿੰਦਗੀ ਦੇ ਕਈ ਜ਼ਰੂਰੀ ਕੰਮਾਂ ਲਈ ਇੱਕ ਹੀ ਪਲੇਟਫਾਰਮ ਬਣਾਉਣ ਦੀ ਤਿਆਰੀ ਕਰ ਰਹੀ ਹੈ। ਇਸ ਤਹਿਤ ਬਿੱਲਾਂ ਦਾ ਭੁਗਤਾਨ ਕਰਨ, ਕਰਜ਼ਾ ਲੈਣ ਅਤੇ ਵਿਦੇਸ਼ ਯਾਤਰਾ ਦੌਰਾਨ ਮੋਬਾਈਲ ਕਨੈਕਟੀਵਿਟੀ ਵਰਗੀਆਂ ਸਹੂਲਤਾਂ ਨੂੰ WhatsApp ਰਾਹੀਂ ਆਸਾਨ ਬਣਾਉਣ ਲਈ ਵਿੱਤੀ ਸੇਵਾਵਾਂ ਅਤੇ ਟੈਲੀਕਾਮ ਕੰਪਨੀਆਂ ਨਾਲ ਸਾਂਝੇਦਾਰੀ ਕੀਤੀ ਜਾ ਰਹੀ ਹੈ। WhatsApp ਦੇ ਮੁਖੀ ਕੁਨਾਲ ਸ਼ਾਹ ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਇੱਕ ਪੋਸਟ ਰਾਹੀਂ ਕੰਪਨੀ ਦੀਆਂ ਭਵਿੱਖੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ WhatsApp ਨਾਲ ਆਪਣੇ ਲਗਭਗ ਚਾਰ ਮਹੀਨਿਆਂ ਦੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਕੰਪਨੀ ਦਾ ਉਦੇਸ਼ ਲੋਕਾਂ ਨੂੰ ਆਪਣੇ ਅਜ਼ੀਜ਼ਾਂ ਨਾਲ ਜੋੜ ਕੇ ਰੱਖਣ ਦੇ ਨਾਲ-ਨਾਲ ਉਨ੍ਹਾਂ ਦੇ ਰੋਜ਼ਾਨਾ ਕੰਮ ਵੀ ਇਸੇ ਐਪ ਰਾਹੀਂ ਪੂਰੇ ਕਰਵਾਉਣਾ ਹੈ। ਕੁਨਾਲ ਸ਼ਾਹ ਮੁਤਾਬਕ, ਇਸ ਸਮੇਂ WhatsApp ’ਤੇ ਸ਼ੁਰੂ ਹੋਣ ਵਾਲੇ ਕਈ ਕੰਮ ਪੂਰੇ ਕਰਨ ਲਈ ਉਪਭੋਗਤਾਵਾਂ ਨੂੰ ਦੂਜੀਆਂ ਵੈੱਬਸਾਈਟਾਂ ਜਾਂ ਐਪਸ ’ਤੇ ਜਾਣਾ ਪੈਂਦਾ ਹੈ। ਕੰਪਨੀ ਇਸ ਪ੍ਰਕਿਰਿਆ ਨੂੰ ਘਟਾਉਣਾ ਚਾਹੁੰਦੀ ਹੈ, ਤਾਂ ਜੋ ਇੱਕ ਗੱਲਬਾਤ ਰਾਹੀਂ ਸ਼ੁਰੂ ਹੋਇਆ ਕੰਮ ਉਸੇ ਪਲੇਟਫਾਰਮ ’ਤੇ ਪੂਰਾ ਕੀਤਾ ਜਾ ਸਕੇ।
AI ਦੀ ਮਦਦ ਨਾਲ ਬੁਕਿੰਗ ਅਤੇ ਅਪਾਇੰਟਮੈਂਟ ਦਾ ਵੀ ਮਿਲੇਗਾ ਪ੍ਰਬੰਧ
WhatsApp ਆਪਣੀਆਂ ਨਵੀਆਂ ਸਹੂਲਤਾਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਵੀ ਵਧਾਉਣ ਜਾ ਰਿਹਾ ਹੈ। ਇਸ ਰਾਹੀਂ ਉਪਭੋਗਤਾਵਾਂ ਨੂੰ ਲੋੜੀਂਦੀ ਜਾਣਕਾਰੀ ਲੱਭਣ, ਕੰਮ ਪੂਰੇ ਕਰਨ ਅਤੇ ਬੁਕਿੰਗਾਂ ਤੇ ਅਪਾਇੰਟਮੈਂਟਾਂ ਦਾ ਰਿਕਾਰਡ ਰੱਖਣ ਵਿੱਚ ਮਦਦ ਮਿਲ ਸਕੇਗੀ। ਸ਼ਾਹ ਨੇ ਕਿਹਾ ਕਿ ਤਕਨਾਲੋਜੀ ਦਾ ਮਕਸਦ ਲੋਕਾਂ ਦਾ ਸਮਾਂ ਬਚਾਉਣਾ ਹੋਣਾ ਚਾਹੀਦਾ ਹੈ, ਤਾਂ ਜੋ ਉਹ ਆਪਣਾ ਵਧੇਰੇ ਸਮਾਂ ਨਿੱਜੀ ਸਬੰਧਾਂ ਅਤੇ ਜ਼ਰੂਰੀ ਕੰਮਾਂ ਲਈ ਦੇ ਸਕਣ।
ਹਰ ਰੋਜ਼ ਭੇਜੇ ਜਾਂਦੇ ਹਨ 10 ਅਰਬ ਤੋਂ ਵੱਧ ਵਾਇਸ ਮੈਸੇਜ
ਕੰਪਨੀ ਆਪਣੇ ਮੌਜੂਦਾ ਸੰਚਾਰ ਫੀਚਰਾਂ ਨੂੰ ਵੀ ਬਿਹਤਰ ਬਣਾਉਣ ’ਤੇ ਕੰਮ ਕਰੇਗੀ। ਇਨ੍ਹਾਂ ਵਿੱਚ ਵਾਇਸ ਮੈਸੇਜ, ਗਰੁੱਪ, ਸਟਿੱਕਰ ਅਤੇ ਵੀਡੀਓ ਕਾਲ ਵਰਗੀਆਂ ਸਹੂਲਤਾਂ ਸ਼ਾਮਲ ਹਨ। ਕੁਨਾਲ ਸ਼ਾਹ ਵੱਲੋਂ ਸਾਂਝੇ ਕੀਤੇ ਅੰਕੜਿਆਂ ਅਨੁਸਾਰ, WhatsApp ’ਤੇ ਹਰ ਰੋਜ਼ 10 ਅਰਬ ਤੋਂ ਵੱਧ ਵਾਇਸ ਮੈਸੇਜ ਅਤੇ 4 ਅਰਬ ਤੋਂ ਵੱਧ ਸਟਿੱਕਰ ਭੇਜੇ ਜਾਂਦੇ ਹਨ। ਇਸ ਪਲੇਟਫਾਰਮ ’ਤੇ ਰੋਜ਼ਾਨਾ 100 ਅਰਬ ਤੋਂ ਵੱਧ ਮੈਸੇਜ ਅਤੇ 2 ਅਰਬ ਕਾਲਾਂ ਹੁੰਦੀਆਂ ਹਨ। ਦੁਨੀਆ ਭਰ ਵਿੱਚ 3 ਅਰਬ ਤੋਂ ਵੱਧ ਲੋਕ ਇਸ ਦੀ ਵਰਤੋਂ ਕਰ ਰਹੇ ਹਨ।
ਨਿੱਜਤਾ ਅਤੇ ਸੁਰੱਖਿਆ ਨਾਲ ਸਮਝੌਤਾ ਨਹੀਂ ਹੋਵੇਗਾ
ਨਵੀਆਂ ਸਹੂਲਤਾਂ ਸ਼ੁਰੂ ਕਰਨ ਦੇ ਨਾਲ WhatsApp ਨੇ ਉਪਭੋਗਤਾਵਾਂ ਦੀ ਨਿੱਜਤਾ ਨੂੰ ਵੀ ਤਰਜੀਹ ਦੇਣ ਦੀ ਗੱਲ ਕਹੀ ਹੈ। ਸ਼ਾਹ ਅਨੁਸਾਰ, ਨਿੱਜੀ ਮੈਸੇਜ ਅਤੇ ਕਾਲਾਂ ਪਹਿਲਾਂ ਵਾਂਗ ਐਂਡ-ਟੂ-ਐਂਡ ਐਨਕ੍ਰਿਪਸ਼ਨ ਨਾਲ ਸੁਰੱਖਿਅਤ ਰਹਿਣਗੀਆਂ। ਉਨ੍ਹਾਂ ਕਿਹਾ ਕਿ ਲੋਕਾਂ ਦਾ ਭਰੋਸਾ ਹਾਸਲ ਕਰਨ ਵਿੱਚ ਸਾਲ ਲੱਗਦੇ ਹਨ, ਪਰ ਇਸ ਨੂੰ ਗੁਆਉਣ ਵਿੱਚ ਇੱਕ ਪਲ ਲੱਗ ਸਕਦਾ ਹੈ। ਇਸ ਲਈ WhatsApp ਦੇ ਭਵਿੱਖੀ ਵਿਕਾਸ ਵਿੱਚ ਸਾਦਗੀ, ਭਰੋਸੇਯੋਗਤਾ ਅਤੇ ਨਿੱਜਤਾ ਸਭ ਤੋਂ ਮਹੱਤਵਪੂਰਨ ਰਹਿਣਗੇ।
