ਓਟਾਵਾ, 2 ਨਵੰਬਰ 2026 (ਸ਼ਹੀਦ-ਏ-ਆਜ਼ਮ-ਬਿਊਰੋ ) : ਅਮਰੀਕਾ ਅਤੇ ਕੈਨੇਡਾ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੇ ਵਪਾਰਕ ਵਿਵਾਦ ਦੇ ਹੱਲ ਦੀਆਂ ਉਮੀਦਾਂ ਮੁੜ ਵਧਦੀਆਂ ਦਿਖਾਈ ਦੇ ਰਹੀਆਂ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਤਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੋਈ ਗੱਲਬਾਤ ਨੂੰ ‘ਸਾਰਥਕ ਅਤੇ ਰਚਨਾਤਮਕ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਟੀਮਾਂ ਆਉਣ ਵਾਲੇ ਹਫ਼ਤਿਆਂ ਵਿੱਚ ਸੰਭਾਵਿਤ ਵਪਾਰਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਕੰਮ ਕਰਨਗੀਆਂ। ਕਾਰਨੀ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਟਰੰਪ ਨਾਲ ਹੋਈ ਗੱਲਬਾਤ ਵਿੱਚ ਅਜਿਹੇ ਸਮਝੌਤੇ ਦੀ ਰੂਪਰੇਖਾ ’ਤੇ ਵਿਚਾਰ ਕੀਤਾ ਗਿਆ, ਜਿਸ ਨਾਲ ਰੁਜ਼ਗਾਰ ਦੇ ਮੌਕੇ ਵਧਣ, ਪਰਿਵਾਰਾਂ ਦਾ ਖਰਚਾ ਘਟਣ ਅਤੇ ਕੈਨੇਡਾ ਦੀਆਂ ਭਾਸ਼ਾਵਾਂ, ਸੱਭਿਆਚਾਰ ਤੇ ਪ੍ਰਭੂਸੱਤਾ ਦੀ ਰੱਖਿਆ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਮੁਤਾਬਕ ਦੋਵਾਂ ਦੇਸ਼ਾਂ ਦੀਆਂ ਟੀਮਾਂ ਹੁਣ ਇਸ ਦਿਸ਼ਾ ਵਿੱਚ ਅਗਲੇ ਹਫ਼ਤਿਆਂ ਦੌਰਾਨ ਕੰਮ ਕਰਨਗੀਆਂ।
ਇਹ ਬਿਆਨ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸਬੰਧਾਂ ਵਿੱਚ ਆਈ ਨਵੀਂ ਸਰਗਰਮੀ ਦਾ ਸੰਕੇਤ ਹੈ। ਇਸ ਤੋਂ ਪਹਿਲਾਂ ਅਗਸਤ ਮਹੀਨੇ ਵਿੱਚ ਕੈਨੇਡਾ ਨੇ ਗੱਲਬਾਤ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ ਸੀ। ਕਾਰਨੀ ਨੇ ਉਸ ਸਮੇਂ ਅਮਰੀਕਾ ਦੀਆਂ ਕੁਝ ਮੰਗਾਂ ਨੂੰ ਕੈਨੇਡਾ ਦੀ ਪ੍ਰਭੂਸੱਤਾ, ਫਰਾਂਸੀਸੀ ਭਾਸ਼ਾ ਦੀ ਸੁਰੱਖਿਆ ਅਤੇ ਆਟੋਮੋਬਾਈਲ ਉਦਯੋਗ ਲਈ ਖ਼ਤਰਾ ਦੱਸਿਆ ਸੀ। ਇਸ ਦੇ ਜਵਾਬ ਵਿੱਚ ਟਰੰਪ ਪ੍ਰਸ਼ਾਸਨ ਨੇ ਕੈਨੇਡਾ ਦੇ ਲਗਭਗ 20 ਅਰਬ ਅਮਰੀਕੀ ਡਾਲਰ ਦੇ ਸਾਮਾਨ ’ਤੇ 50 ਫ਼ੀਸਦੀ ਟੈਰਿਫ ਲਗਾ ਦਿੱਤਾ ਸੀ। ਕੈਨੇਡਾ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਅਮਰੀਕੀ ਉਤਪਾਦਾਂ ’ਤੇ ਟੈਰਿਫ ਲਗਾਏ ਸਨ। ਬਾਅਦ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਮੁੜ ਸ਼ੁਰੂ ਹੋਈ, ਪਰ ਇਸ ਵਿੱਚ ਤਰੱਕੀ ਕਾਫ਼ੀ ਹੌਲੀ ਰਹੀ। ਪਿਛਲੇ ਹਫ਼ਤੇ ਕਾਰਨੀ ਨੇ ਕਿਹਾ ਸੀ ਕਿ ਗੱਲਬਾਤ ਵਿੱਚ ਕੁਝ ਤੇਜ਼ੀ ਆਈ ਹੈ, ਪਰ ਬੁੱਧਵਾਰ ਤੱਕ ਉਨ੍ਹਾਂ ਦਾ ਮੰਨਣਾ ਸੀ ਕਿ ਅਮਰੀਕਾ ਦੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਸਮਝੌਤਾ ਹੋਣ ਦੀ ਸੰਭਾਵਨਾ ਨਹੀਂ ਹੈ।
ਸਟੀਲ ਅਤੇ ਵਾਹਨ ਉਦਯੋਗ ’ਤੇ ਟੈਰਿਫ ਰਾਹਤ ਦੀ ਚਰਚਾ
ਵਪਾਰਕ ਗੱਲਬਾਤ ਦੌਰਾਨ ਅਮਰੀਕਾ ਵੱਲੋਂ ਕੈਨੇਡੀਅਨ ਸਟੀਲ ਅਤੇ ਆਟੋਮੋਬਾਈਲਜ਼ ’ਤੇ ਲਗਾਏ ਟੈਰਿਫ ਵਿੱਚ ਸੰਭਾਵਿਤ ਰਾਹਤ ਦੇ ਮੁੱਦੇ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਹਾਲਾਂਕਿ, ਕਿਸੇ ਸੰਭਾਵਿਤ ਸਮਝੌਤੇ ਦੀਆਂ ਸ਼ਰਤਾਂ ਜਾਂ ਵੇਰਵੇ ਅਜੇ ਜਨਤਕ ਨਹੀਂ ਕੀਤੇ ਗਏ।ਇਹ ਵਿਵਾਦ ਅਮਰੀਕਾ ਵਿੱਚ 3 ਨਵੰਬਰ ਨੂੰ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਸਿਆਸੀ ਮੁੱਦਾ ਵੀ ਬਣ ਗਿਆ ਹੈ। ਖ਼ਾਸ ਕਰਕੇ ਮਿਸ਼ੀਗਨ ਅਤੇ ਮੇਨ ਵਰਗੇ ਰਾਜਾਂ ਵਿੱਚ ਟੈਰਿਫ ਕਾਰਨ ਸਥਾਨਕ ਕਾਰੋਬਾਰਾਂ ਨੂੰ ਹੋ ਰਹੇ ਨੁਕਸਾਨ ਨੂੰ ਲੈ ਕੇ ਰਿਪਬਲਿਕਨ ਉਮੀਦਵਾਰਾਂ ’ਤੇ ਦਬਾਅ ਵਧ ਰਿਹਾ ਹੈ। ਮਿਸ਼ੀਗਨ ਤੋਂ ਰਿਪਬਲਿਕਨ ਸੈਨੇਟ ਉਮੀਦਵਾਰ ਮਾਈਕ ਰੋਜਰਜ਼ ਵੀ ਟੈਰਿਫ ਵਿਵਾਦ ਖ਼ਤਮ ਕਰਨ ਦੀ ਮੰਗ ਕਰ ਚੁੱਕੇ ਹਨ। ਦੂਜੇ ਪਾਸੇ, ਟਰੰਪ ਵੱਲੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਸਬੰਧੀ ਵਾਰ-ਵਾਰ ਦਿੱਤੇ ਗਏ ਬਿਆਨਾਂ ਅਤੇ ਵਪਾਰਕ ਤਣਾਅ ਨੇ ਕਾਰਨੀ ਨੂੰ ਨਵੇਂ ਅੰਤਰਰਾਸ਼ਟਰੀ ਬਾਜ਼ਾਰਾਂ ਦੀ ਭਾਲ ਕਰਨ ਲਈ ਪ੍ਰੇਰਿਤ ਕੀਤਾ ਹੈ। ਇਸੇ ਕੜੀ ਵਿੱਚ ਸ਼ੁੱਕਰਵਾਰ ਨੂੰ ਕੈਨੇਡਾ ਅਤੇ ਯੂਰਪੀ ਸੰਘ ਨੇ ਨਵਾਂ ਆਰਥਿਕ ਅਤੇ ਸੁਰੱਖਿਆ ਗਠਜੋੜ ਸ਼ੁਰੂ ਕੀਤਾ। ਕਾਰਨੀ ਦਾ ਟੀਚਾ ਅਗਲੇ ਦਹਾਕੇ ਦੌਰਾਨ ਅਮਰੀਕਾ ਤੋਂ ਇਲਾਵਾ ਹੋਰ ਦੇਸ਼ਾਂ ਨੂੰ ਕੈਨੇਡਾ ਦੀ ਬਰਾਮਦ ਦੁੱਗਣੀ ਕਰਨਾ ਹੈ। ਹੁਣ ਦੇਖਣਾ ਹੋਵੇਗਾ ਕਿ ਟਰੰਪ ਅਤੇ ਕਾਰਨੀ ਵਿਚਾਲੇ ਹੋਈ ਤਾਜ਼ਾ ਗੱਲਬਾਤ ਦੋਵਾਂ ਦੇਸ਼ਾਂ ਦੇ ਵਪਾਰਕ ਵਿਵਾਦ ਨੂੰ ਖ਼ਤਮ ਕਰਨ ਵਿੱਚ ਕਿੰਨੀ ਸਫਲ ਰਹਿੰਦੀ ਹੈ।
