ਓਲੇਸ਼ਕੀ ਖੇਤਰ ਵਿੱਚ ਜੰਗਬੰਦੀ ਦੌਰਾਨ ਕਰੀਬ 800 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ, ਪ੍ਰਭਾਵਿਤ ਲੋਕਾਂ ਤੱਕ ਭੋਜਨ, ਪਾਣੀ ਅਤੇ ਦਵਾਈਆਂ ਪਹੁੰਚਾਈਆਂ ਗਈਆਂ
ਵਾਸ਼ਿੰਗਟਨ, 2 ਨਵੰਬਰ 2026 (ਛਤਰਪਾਲ ਸਿੰਘ ) : ਰੂਸ ਅਤੇ ਯੂਕਰੇਨ ਵਿਚਾਲੇ ਜਾਰੀ ਜੰਗ ਦੌਰਾਨ ਮਨੁੱਖੀ ਸਹਾਇਤਾ ਲਈ ਕੀਤੀ ਗਈ ਪੰਜ ਦਿਨਾਂ ਦੀ ਵਿਸ਼ੇਸ਼ ਜੰਗਬੰਦੀ ਸਫਲਤਾਪੂਰਵਕ ਸਮਾਪਤ ਹੋ ਗਈ ਹੈ। ਅਮਰੀਕਾ ਦੀ ਫਸਟ ਲੇਡੀ ਮੇਲਾਨੀਆ ਟਰੰਪ ਨੇ ਇਸ ਪਹਿਲਕਦਮੀ ਲਈ ਦੋਵਾਂ ਦੇਸ਼ਾਂ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਉਮੀਦ ਪ੍ਰਗਟਾਈ ਹੈ ਕਿ ਇਹ ਸਮਝੌਤਾ ਭਵਿੱਖ ਵਿੱਚ ਸਥਾਈ ਸ਼ਾਂਤੀ ਦੀ ਨੀਂਹ ਬਣ ਸਕਦਾ ਹੈ। ਮੇਲਾਨੀਆ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਯੂਕਰੇਨ ਦੇ ਓਲੇਸ਼ਕੀ ਖੇਤਰ ਵਿੱਚ 27 ਅਕਤੂਬਰ ਨੂੰ ਸ਼ੁਰੂ ਹੋਈ ਜੰਗਬੰਦੀ 1 ਨਵੰਬਰ ਨੂੰ ਤੈਅ ਸਮੇਂ ਅਨੁਸਾਰ ਖ਼ਤਮ ਹੋ ਗਈ। ਇਸ ਦੌਰਾਨ ਜੰਗ ਪ੍ਰਭਾਵਿਤ ਇਲਾਕੇ ਵਿੱਚ ਜ਼ਰੂਰੀ ਮਨੁੱਖੀ ਸਹਾਇਤਾ ਪਹੁੰਚਾਈ ਗਈ ਅਤੇ ਲਗਭਗ 800 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਇਸ ਮਨੁੱਖੀ ਮਿਸ਼ਨ ਰਾਹੀਂ ਪ੍ਰਭਾਵਿਤ ਲੋਕਾਂ ਤੱਕ ਭੋਜਨ, ਸਾਫ਼ ਪਾਣੀ ਅਤੇ ਦਵਾਈਆਂ ਵਰਗੀਆਂ ਜ਼ਰੂਰੀ ਵਸਤਾਂ ਪਹੁੰਚਾਉਣ ਵਿੱਚ ਸਫਲਤਾ ਮਿਲੀ। ਉਨ੍ਹਾਂ ਰੂਸ ਅਤੇ ਯੂਕਰੇਨ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਓਲੇਸ਼ਕੀ ਵਿੱਚ ਹੋਇਆ ਇਹ ਸਹਿਯੋਗ ਦੋਵਾਂ ਦੇਸ਼ਾਂ ਵਿਚਾਲੇ ਲੰਬੇ ਸਮੇਂ ਤੱਕ ਸ਼ਾਂਤੀ ਕਾਇਮ ਕਰਨ ਲਈ ਇੱਕ ਆਧਾਰ ਬਣ ਸਕਦਾ ਹੈ। ਇਹ ਸਥਾਨਕ ਪੱਧਰ ਦਾ ਜੰਗਬੰਦੀ ਸਮਝੌਤਾ ਯੂਕਰੇਨ ਦੇ ਸੰਸਦੀ ਮਨੁੱਖੀ ਅਧਿਕਾਰ ਕਮਿਸ਼ਨਰ ਦਿਮਿਤਰੋ ਲੁਬਿਨੇਤਸ ਅਤੇ ਰੂਸ ਦੀ ਮਨੁੱਖੀ ਅਧਿਕਾਰ ਕਮਿਸ਼ਨਰ ਯਾਨਾ ਲਾਂਤਰਾਤੋਵਾ ਵਿਚਾਲੇ ਹੋਈ ਗੱਲਬਾਤ ਰਾਹੀਂ ਤਿਆਰ ਕੀਤਾ ਗਿਆ ਸੀ। ਇਸ ਪ੍ਰਕਿਰਿਆ ਵਿੱਚ ਮੇਲਾਨੀਆ ਟਰੰਪ ਨੇ ਵਿਚੋਲਗੀ ਦੀ ਭੂਮਿਕਾ ਨਿਭਾਈ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੇਂਸਕੀ ਨੇ ਵੀ ਮੇਲਾਨੀਆ ਟਰੰਪ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਜੰਗਬੰਦੀ ਦੌਰਾਨ ਓਲੇਸ਼ਕੀ ਵੱਲ ਜਾਣ ਵਾਲੀਆਂ ਸੜਕਾਂ ਤੋਂ ਬਾਰੂਦੀ ਸੁਰੰਗਾਂ ਹਟਾਈਆਂ ਗਈਆਂ ਅਤੇ ਮਨੁੱਖੀ ਸਹਾਇਤਾ ਪਹੁੰਚਾਈ ਗਈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਇਲਾਕੇ ਵਿੱਚੋਂ ਕੱਢਣ ਦੀ ਲੋੜ ਸੀ, ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਯੂਕਰੇਨੀ ਨਾਗਰਿਕਾਂ ਨੇ ਚੇਰਨੀਹੀਵ ਖੇਤਰ ਰਾਹੀਂ ਯੂਕਰੇਨ ਵਿੱਚ ਦਾਖ਼ਲਾ ਕੀਤਾ। ਇਸ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਹਾਇਕ ਯੂਰੀ ਉਸ਼ਾਕੋਵ ਨੇ ਕਿਹਾ ਕਿ ਪੁਤਿਨ ਨੇ ਕਦੇ ਵੀ ਜ਼ੇਲੇਂਸਕੀ ਨਾਲ ਗੱਲਬਾਤ ਕਰਨ ਤੋਂ ਇਨਕਾਰ ਨਹੀਂ ਕੀਤਾ। ਰੂਸੀ ਸਮਾਚਾਰ ਏਜੰਸੀ TASS ਮੁਤਾਬਕ ਉਨ੍ਹਾਂ ਕਿਹਾ ਕਿ ਜੇਕਰ ਜ਼ੇਲੇਂਸਕੀ ਗੱਲਬਾਤ ਲਈ ਗੰਭੀਰ ਹਨ ਤਾਂ ਉਹ ਮਾਸਕੋ ਆ ਸਕਦੇ ਹਨ। ਹਾਲਾਂਕਿ ਪੰਜ ਦਿਨਾਂ ਦੀ ਇਹ ਜੰਗਬੰਦੀ ਮਨੁੱਖੀ ਸਹਾਇਤਾ ਅਤੇ ਲੋਕਾਂ ਦੀ ਸੁਰੱਖਿਅਤ ਨਿਕਾਸੀ ਤੱਕ ਸੀਮਤ ਰਹੀ ਹੈ। ਇਸ ਨੂੰ ਰੂਸ-ਯੂਕਰੇਨ ਵਿਚਾਲੇ ਪੂਰੀ ਜੰਗ ਖ਼ਤਮ ਹੋਣ ਦਾ ਸਮਝੌਤਾ ਨਹੀਂ ਮੰਨਿਆ ਜਾ ਸਕਦਾ। ਫਿਰ ਵੀ ਇਸ ਪਹਿਲਕਦਮੀ ਨੂੰ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਅਤੇ ਭਵਿੱਖ ਦੀ ਸ਼ਾਂਤੀ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਰਿਹਾ ਹੈ।
