ਕੈਲੀਫੋਰਨੀਆ, 18 ਅਗਸਤ, 2026 (ਅਮਨਦੀਪ ਸਰਾਂ) : ਐਪਲ ਆਪਣੇ ਪਹਿਲੇ ਫੋਲਡੇਬਲ ਆਈਫੋਨ ਨੂੰ ਅਗਲੇ ਮਹੀਨੇ ਬਾਜ਼ਾਰ ਵਿੱਚ ਉਤਾਰਨ ਦੀ ਤਿਆਰੀ ਕਰ ਰਿਹਾ ਹੈ, ਪਰ ਨਵੇਂ ਰਿਪੋਰਟਾਂ ਮੁਤਾਬਕ ਅਮਰੀਕਾ ਤੋਂ ਬਾਹਰਲੇ ਬਾਜ਼ਾਰਾਂ ਵਿੱਚ ਗਾਹਕਾਂ ਨੂੰ ਇਸ ਲਈ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਸਪਲਾਈ ਚੇਨ, ਕੀਮਤ ਅਤੇ ਟੈਸਟਿੰਗ ਨਾਲ ਜੁੜੀਆਂ ਚੁਣੌਤੀਆਂ ਕਾਰਨ ਡਿਵਾਈਸ ਦੀ ਉਪਲਬਧਤਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਰਿਪੋਰਟ ਅਨੁਸਾਰ ਚੀਨ ਸਥਿਤ ਐਪਲ ਦੇ ਇੱਕ ਪ੍ਰਮੁੱਖ ਸਪਲਾਇਰ ਨੇ ਸਪਲਾਈ ਅਤੇ ਕੀਮਤ ਨਾਲ ਜੁੜੀਆਂ ਸਮੱਸਿਆਵਾਂ ਦੀ ਪੁਸ਼ਟੀ ਕੀਤੀ ਹੈ। ਸਪਲਾਇਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਦੇਰੀ ਦਾ ਮੁੱਖ ਕਾਰਨ ਉਤਪਾਦਨ ਲਈ ਲੋੜੀਂਦੀ ਸਪਲਾਈ ਅਤੇ ਕੀਮਤ ਨਾਲ ਸਬੰਧਤ ਮੁੱਦੇ ਹਨ।
ਰਿਪੋਰਟ ਮੁਤਾਬਕ ਐਪਲ ਨੂੰ ਪਹਿਲਾਂ ਹੀ ਤਿਆਰ ਕੀਤੇ ਗਏ ਕੁਝ ਪ੍ਰੋਡਕਸ਼ਨ ਮਾਡਲਾਂ ਦੀ ਟੈਸਟਿੰਗ ਦੌਰਾਨ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰੋਡਕਸ਼ਨ ਵੈਰੀਫਿਕੇਸ਼ਨ ਟੈਸਟਾਂ ਵਿੱਚ ਫੋਲਡੇਬਲ ਫੋਨ ਦੇ ਹਿੰਜ ਅਤੇ ਫੋਲਡੇਬਲ ਡਿਸਪਲੇ ਨਾਲ ਜੁੜੀਆਂ ਸਮੱਸਿਆਵਾਂ ਸਾਹਮਣੇ ਆਉਣ ਦੀ ਗੱਲ ਕਹੀ ਗਈ ਹੈ। ਸ਼ੁਰੂਆਤੀ ਯੋਜਨਾ ਮੁਤਾਬਕ ਆਈਫੋਨ ਫੋਲਡ ਦਾ ਵੱਡੇ ਪੱਧਰ ’ਤੇ ਉਤਪਾਦਨ ਜੂਨ 2026 ਵਿੱਚ ਸ਼ੁਰੂ ਹੋਣਾ ਸੀ। ਇਸ ਸਮਾਂ-ਸਾਰਣੀ ਨੂੰ ਬਾਅਦ ਵਿੱਚ ਅਗਸਤ ਦੀ ਸ਼ੁਰੂਆਤ ਤੱਕ ਅੱਗੇ ਕੀਤਾ ਗਿਆ। ਹੁਣ ਰਿਪੋਰਟਾਂ ਵਿੱਚ ਇੱਕ ਵਾਰ ਫਿਰ ਟਾਈਮਲਾਈਨ ਬਦਲਣ ਦੇ ਸੰਕੇਤ ਮਿਲ ਰਹੇ ਹਨ।
ਹਾਲਾਂਕਿ ਐਪਲ ਵੱਲੋਂ ਆਈਫੋਨ ਫੋਲਡ ਦੀ ਉਪਲਬਧਤਾ ਜਾਂ ਸੰਭਾਵਿਤ ਦੇਰੀ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ। ਜੇਕਰ ਸਪਲਾਈ ਅਤੇ ਟੈਸਟਿੰਗ ਨਾਲ ਜੁੜੀਆਂ ਚੁਣੌਤੀਆਂ ਜਾਰੀ ਰਹਿੰਦੀਆਂ ਹਨ ਤਾਂ ਅਮਰੀਕਾ ਤੋਂ ਬਾਹਰਲੇ ਬਾਜ਼ਾਰਾਂ ਵਿੱਚ ਇਸ ਦੀ ਵਿਕਰੀ ਬਾਅਦ ਵਿੱਚ ਸ਼ੁਰੂ ਹੋ ਸਕਦੀ ਹੈ। ਐਪਲ ਦਾ ਇਹ ਫੋਲਡੇਬਲ ਆਈਫੋਨ ਕੰਪਨੀ ਲਈ ਇੱਕ ਵੱਡਾ ਨਵਾਂ ਉਤਪਾਦ ਹੋਵੇਗਾ ਅਤੇ ਟੈਕਨਾਲੋਜੀ ਮਾਰਕੀਟ ਵਿੱਚ ਇਸ ਦੀ ਲਾਂਚ ਨੂੰ ਲੈ ਕੇ ਕਾਫ਼ੀ ਉਤਸ਼ਾਹ ਹੈ।





