ਵਿਧਾਇਕ ਨੇ ਸੰਗਤਪੁਰ ਸੋਢੀਆਂ ਸਹਿਕਾਰੀ ਸਭਾ ਦੇ ਮੈਂਬਰਾਂ ਨੂੰ ਵੰਡਿਆ 07 ਲੱਖ ਰੁਪਏ ਦਾ ਮੁਨਾਫਾ
ਫਤਹਿਗੜ੍ਹ ਸਾਹਿਬ, 05 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਹਿਕਾਰੀ ਸਭਾਵਾਂ ਨੂੰ ਮਜ਼ਬੂਤ ਕਰਨ ਅਤੇ ਪੇਂਡੂ ਅਰਥਵਿਵਸਥਾ ਲਈ ਕਈ ਅਹਿਮ ਉਪਰਾਲੇ ਕੀਤੇ ਹਨ, ਜਿਸ ਨਾਲ ਸਹਿਕਾਰੀ ਸਭਾਵਾਂ ਦੀ ਆਰਥਿਕ ਸਥਿਤੀ ਵਿੱਚ ਵੱਡੇ ਪੱਧਰ ਤੇ ਸੁਧਾਰ ਆਇਆ ਹੈ। ਇਹ ਪ੍ਰਗਟਾਵਾ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਕੋਆਪਰੇਟਿਵ ਸੁਸਾਇਟੀ ਪਿੰਡ ਸੰਗਤਪੁਰ ਸੋਢੀਆਂ ਦੇ ਮੁਨਾਫਾ ਵੰਡ ਸਮਾਰੋਹ ਦੌਰਾਨ ਸੁਸਾਇਟੀ ਦੇ ਮੈਂਬਰਾਂ ਨੂੰ 7 ਲੱਖ ਰੁਪਏ ਦਾ ਮੁਨਾਫਾ ਵੰਡਣ ਮੌਕੇ ਕੀਤਾ। ਵਿਧਾਇਕ ਲਖਬੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਹਿਕਾਰੀ ਸਭਾਵਾਂ ਸਿਰਫ਼ ਕਰਜ਼ਾ ਪ੍ਰਦਾਨ ਕਰਨ ਤੱਕ ਸੀਮਤ ਨਾ ਰਹਿਣ, ਸਗੋਂ ਕਿਸਾਨਾਂ ਅਤੇ ਪੇਂਡੂ ਲੋਕਾਂ ਨੂੰ ਵੱਖ-ਵੱਖ ਸੇਵਾਵਾਂ ਇੱਕੋ ਥਾਂ ’ਤੇ ਮੁਹੱਈਆ ਕਰਵਾਉਣ ਲਈ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਸਹਿਕਾਰੀ ਸੰਸਥਾਵਾਂ ਨੂੰ ਹੋਰ ਮਜ਼ਬੂਤ ਕਰਕੇ ਕਿਸਾਨਾਂ, ਮਜ਼ਦੂਰਾਂ, ਮਹਿਲਾਵਾਂ ਅਤੇ ਪੇਂਡੂ ਪਰਿਵਾਰਾਂ ਲਈ ਰੋਜ਼ਗਾਰ ਤੇ ਆਮਦਨ ਦੇ ਨਵੇਂ ਮੌਕੇ ਪੈਦਾ ਕਰਨਾ ਹੈ। ਸਹਿਕਾਰਤਾ ਦੇ ਖੇਤਰ ਨੂੰ ਮਜ਼ਬੂਤ ਕਰਨਾ ਪੰਜਾਬ ਦੀ ਪੇਂਡੂ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਅਹਿਮ ਕਦਮ ਹੈ।

ਉਨ੍ਹਾਂ ਕਿਹਾ ਕਿ ਮੁੱਢਲੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਕੰਪਿਊਟਰੀਕਰਨ ਪ੍ਰਕਿਰਿਆ, ਕਾਮਨ ਸਰਵਿਸ ਸੈਂਟਰ, ਜਨ ਔਸ਼ਧੀ ਕੇਂਦਰਾਂ ਅਤੇ ਹੋਰ ਲੋਕ-ਹਿੱਤ ਸੇਵਾਵਾਂ ਨਾਲ ਸਹਿਕਾਰੀ ਸਭਾਵਾਂ ਦੀ ਕਾਰਗੁਜ਼ਾਰੀ ਵਿੱਚ ਪਾਰਦਰਸ਼ਤਾ ਅਤੇ ਸੁਵਿਧਾ ਵਧੀ ਹੈ। ਇਸ ਤੋਂ ਇਲਾਵਾ ਖੇਤੀਬਾੜੀ ਮਸ਼ੀਨਰੀ ਲਈ ਸਬਸਿਡੀ, ਮਹਿਲਾ ਸਮੂਹਾਂ ਨੂੰ ਹੁਨਰ ਸਿਖਲਾਈ ਅਤੇ ਸਹਿਕਾਰੀ ਮੈਂਬਰਾਂ ਲਈ ਸਿਹਤ ਸੇਵਾਵਾਂ ਵਰਗੇ ਉਪਰਾਲਿਆਂ ਨਾਲ ਵੀ ਲੋਕਾਂ ਨੂੰ ਲਾਭ ਮਿਲ ਰਿਹਾ ਹੈ।ਉਹਨਾਂ ਕਿਹਾ ਕਿ ਸੰਗਤਪੁਰ ਸੋਢੀਆਂ ਦੀ ਸੁਸਾਇਟੀ ਹਮੇਸ਼ਾ ਹੀ ਮੁਨਾਫੇ ਦੇ ਵਿੱਚ ਰਹੀ ਹੈ, ਇਸ ਲਈ ਇਥੋਂ ਦੇ ਮੈਂਬਰ ਵਧਾਈ ਦੇ ਪਾਤਰ ਹਨ, ਪਰੰਤੂ ਸਮੇਂ ਦੇ ਹਾਣੀ ਬਣਨਾ ਸਮੇ ਦੀ ਲੋੜ ਹੈ। ਉਹਨਾਂ ਦੱਸਿਆ ਕਿ ਇਹ ਸੁਸਾਇਟੀ ਹੁਣ ਤੱਕ ਕੁੱਲ 65 ਲੱਖ ਰੁਪਏ ਦਾ ਮੁਨਾਫਾ ਵੰਡ ਚੁੱਕੀ ਹੈ। ਇਸ ਮੌਕੇ ਏ.ਆਰ. ਰਮਨ ਕੁਮਾਰ, ਡੀ.ਐਮ. ਦਵਿੰਦਰ ਪਾਲ ਸਿੰਘ ਢਿੱਲੋ, ਇੰਸਪੈਕਟਰ ਮਨੀ ਵਰਮਾ, ਅਮਰਿੰਦਰ ਸਿੰਘ ਮੰਡੋਫ਼ਲ, ਕੁਲਵਿੰਦਰ ਸਿੰਘ ਡੇਰਾ, ਰਾਜ ਦਵਿੰਦਰ ਸਿੰਘ ਲਾਡੀ, ਸਰਪ੍ਰਸਤ ਸਰਬਜੀਤ ਸਿੰਘ, ਪ੍ਰਧਾਨ ਜਗਤਾਰ ਸਿੰਘ, ਮੀਤ ਪ੍ਰਧਾਨ ਸੁਖਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਪਰਵਿੰਦਰ ਸਿੰਘ, ਸਕੱਤਰ ਗੁਰਮੀਤ ਸਿੰਘ, ਜਗਜੀਤ ਸਿੰਘ ਰਿਊਣਾ, ਅਮਿਤ ਕੁਮਾਰ, ਮਨਿੰਦਰ ਬਰਾੜ ਅਤੇ ਸਮੂਹ ਪ੍ਰਬੰਧਕ ਕਮੇਟੀ ਮੈਂਬਰ ਹਾਜ਼ਰ ਸਨ।







