Homeਪਟਿਆਲਾ ਅਪਡੇਟਪਟਿਆਲਾ 'ਚ 28 ਜੁਲਾਈ ਨੂੰ ਸ਼ਿਵ ਭਗਤੀ ਦੀ ਸ਼ਾਮ

ਪਟਿਆਲਾ ‘ਚ 28 ਜੁਲਾਈ ਨੂੰ ਸ਼ਿਵ ਭਗਤੀ ਦੀ ਸ਼ਾਮ

ਪਟਿਆਲਾ, 23 ਜੁਲਾਈ, 2026 (ਦੀਪਕ ਦੱਤਾ) : ਪੰਜਾਬ ਸਰਕਾਰ ਵੱਲੋਂ ਪਟਿਆਲਾ ਦੇ ਆਤਮਾ ਰਾਮ ਕੁਮਾਰ ਸਭਾ ਗਰਾਊਂਡ ਵਿਖੇ 28 ਜੁਲਾਈ ਦੀ ਸ਼ਾਮ 6.30 ਵਜੇ ਭਗਵਾਨ ਸ਼ਿਵ ਜੀ ਨੂੰ ਸਮਰਪਿਤ ਮਹਾਨ ਧਾਰਮਿਕ ਸਮਾਗਮ, ‘ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਕਰਵਾਇਆ ਜਾਵੇਗਾ। ਇਹ ਪ੍ਰਗਟਾਵਾ ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਕੀਤਾ। ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਤੇਜਿੰਦਰ ਮਹਿਤਾ, ਸਨਾਤਨ ਸੇਵਾ ਸਮਿਤੀ ਦੇ ਪ੍ਰਧਾਨ ਵਿਜੈ ਸ਼ਰਮਾ, ਮੇਅਰ ਕੁੰਦਨ ਗੋਗੀਆ ਤੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵੀ ਮੌਜੂਦ ਸਨ।

ਪਟਿਆਲਾ ਵਿਖੇ ਪ੍ਰੈਸ ਕਾਨਫਰੰਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਮਹਾਨ ਧਾਰਮਿਕ ਸਮਾਗਮ ‘ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਦੌਰਾਨ ਸੰਗਤੀ ਰੂਪ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ, ਪੰਜਾਬ ਦੇ ਕੈਬਨਿਟ ਮੰਤਰੀ ਤੇ ਵਿਧਾਇਕਾਂ ਸਮੇਤ ਹੋਰ ਅਹਿਮ ਸ਼ਖ਼ਸੀਅਤਾਂ ਵੀ ਸ਼ਾਮਲ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਵੱਡੇ ਧਾਰਮਿਕ ਸਮਾਗਮ ਮੌਕੇ ਪ੍ਰਸਿੱਧ ਧਾਰਮਿਕ ਗੁਣਗਾਨ ਕਰਤਾ ਸ੍ਰੀ ਹੰਸ ਰਾਜ ਰਘੂਵੰਸ਼ੀ ਭਗਵਾਨ ਸ਼ਿਵ ਦਾ ਗੁਣ ਗਾਇਨ ਕਰਨਗੇ ਅਤੇ ਭਜਨਾਂ ਰਾਹੀਂ ਹਜ਼ਾਰਾਂ ਸ਼ਰਧਾਲੂਆਂ ਨੂੰ ਅਧਿਆਤਮਿਕਤਾ ਨਾਲ ਜੋੜਨਗੇ।

ਸਲਾਹਕਾਰ ਦੀਪਕ ਬਾਲੀ ਨੇ ਜ਼ੋਰ ਦੇ ਕੇ ਕਿਹਾ ਕਿ ਪਟਿਆਲਾ ਸ਼ਹਿਰ ਵਿੱਚ ਪਹਿਲੀ ਵਾਰ 28 ਜੁਲਾਈ ਨੂੰ ਏਨੇ ਵੱਡੇ ਪੱਧਰ ’ਤੇ ਆਤਮਾ ਰਾਮ ਕੁਮਾਰ ਸਭਾ ਗਰਾਊਂਡ ਵਿਖੇ ਸ਼ਾਮ 6:30 ਵਜੇ ਇਹ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ, ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਵੱਲੋਂ ਪ੍ਰਬੰਧਕਾਂ ਨੂੰ ਸ਼ਰਧਾਲੂਆਂ ਦੀ ਸੁਵਿਧਾ ਲਈ ਕੀਤੇ ਜਾਣ ਵਾਲੇ ਲੋੜੀਂਦੇ ਪ੍ਰਬੰਧਾਂ ਵਿੱਚ ਪੂਰਨ ਸਹਿਯੋਗ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਉਨ੍ਹਾਂ ਨੇ ਇਸ ਸਮਾਗਮ ਨੂੰ ਸ਼ਰਧਾ, ਆਸਥਾ, ਵਿਸ਼ਵਾਸ ਅਤੇ ਸਭਿਆਚਾਰ ਦਾ ਇਕ ਵਿਲੱਖਣ ਸੁਮੇਲ ਕਰਾਰ ਦਿੰਦਿਆਂ ਆਸ ਪ੍ਰਗਟਾਈ ਕਿ ਇਸ ਵਿੱਚ ਪਟਿਆਲਾ ਅਤੇ ਨੇੜਲੇ ਜਿਲ੍ਹਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਵਲੋਂ ਸ਼ਿਰਕਤ ਕੀਤੀ ਜਾਵੇਗੀ। ਪ੍ਰਧਾਨ ਸਨਾਤਨ ਸੇਵਾ ਸਮਿਤੀ ਵਿਜੇ ਸ਼ਰਮਾ ਨੇ ਕਿਹਾ ਕਿ ਸਮਾਗਮ ਪੰਜਾਬ ਦੀ ਅਮੀਰ ਧਾਰਮਿਕ ਤੇ ਸਭਿਆਚਾਰਕ ਰਵਾਇਤਾਂ ਅਤੇ ਭਾਈਚਾਰਕ ਸਾਂਝ ਤੇ ਏਕਤਾ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਇਸ ਵਿਸ਼ੇਸ਼ ਪਹਿਲਕਦਮੀ ਦਾ ਮੁੱਖ ਉਦੇਸ਼ ਇਸ ਖੇਤਰ ਵਿੱਚ ਭਾਈਚਾਰਕ ਸਾਂਝ, ਸ਼ਾਂਤੀ ਅਤੇ ਧਾਰਮਿਕ ਇਕਜੁੱਟਤਾ ਨੂੰ ਹੋਰ ਮਜ਼ਬੂਤ ਕਰਨਾ ਹੈ।

ਸਲਾਹਕਾਰ ਦੀਪਕ ਬਾਲੀ, ਚੇਅਰਮੈਨ ਤੇਜਿੰਦਰ ਮਹਿਤਾ, ਮੇਅਰ ਕੁੰਦਨ ਗੋਗੀਆ ਤੇ ਚੇਅਰਮੈਨ ਹਰਪਾਲ ਜੁਨੇਜਾ ਨੇ ਪਟਿਆਲਾ ਅਤੇ ਨੇੜਲੇ ਖੇਤਰਾਂ ਦੇ ਨਿਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਵੱਡੀ ਗਿਣਤੀ ਵਿੱਚ ਇਸ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਕੇ ਅਸ਼ੀਰਵਾਦ ਪ੍ਰਾਪਤ ਕਰਨ। ਉਨ੍ਹਾਂ ਦੱਸਿਆ ਕਿ ਪਹਿਲਾਂ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ, ਕ੍ਰਿਸ਼ਚਨ ਭਾਈਚਾਰੇ ਦਾ ਤਿਉਹਾਰ ਵੀ ਰਾਜ ਪੱਧਰੀ ਮਨਾਇਆ ਜਾ ਚੁੱਕਾ ਹੈ ਅਤੇ ਹੁਣ ਸ੍ਰੀ ਗੁਰੂ ਰਵਿਦਾਸ ਜੀ ਦਾ 650 ਸਾਲਾ ਪ੍ਰਕਾਸ਼ ਦਿਹਾੜਾ ਵੀ ਵੱਡੇ ਪੱਧਰ ਉਤੇ ਮਨਾਇਆ ਜਾ ਰਿਹਾ ਹੈ ਜਦਕਿ ਪੂਰੇ ਰਾਜ ਭਰ ਅੰਦਰ ਸਨਾਤਨ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਵੀ ਸਮਾਗਮ ਕਰਵਾਏ ਜਾ ਰਹੇ ਹਨ।

RELATED ARTICLES
- Advertisment -
Google search engine
Google search engine
Google search engine

Most Popular

Recent Comments