ਚੰਡੀਗੜ੍ਹ/ਨਕੋਦਰ, 21 ਜੁਲਾਈ,2026(ਸੰਜੀਵ ਸਿੰਗਲਾ): ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਨਕੋਦਰ ਸਥਿਤ ਦਰਬਾਰ ਬਾਪੂ ਲਾਲ ਬਾਦਸ਼ਾਹ ਜੀ ਵਿਖੇ ਕਰਵਾਏ ਜਾ ਰਹੇ 43ਵੇਂ ਤਿੰਨ ਰੋਜ਼ਾ ਮੇਲੇ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦੀਆਂ ਸਿੱਖਿਆਵਾਂ ਪਿਆਰ, ਮਨੁੱਖਤਾ, ਆਪਸੀ ਸਦਭਾਵਨਾ ਅਤੇ ਸਮਾਜਿਕ ਏਕਤਾ ਦਾ ਪ੍ਰਤੀਕ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਬਾਪੂ ਲਾਲ ਬਾਦਸ਼ਾਹ ਜੀ ਦਾ ਸੰਦੇਸ਼ ਸਾਨੂੰ ਇਹ ਸਿਖਾਉਂਦਾ ਹੈ ਕਿ ਜਿੱਥੇ ਸੱਚਾ ਪਿਆਰ ਅਤੇ ਮਨੁੱਖਤਾ ਹੁੰਦੀ ਹੈ, ਉੱਥੇ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਲਈ ਕੋਈ ਥਾਂ ਨਹੀਂ ਰਹਿੰਦੀ। ਉਨ੍ਹਾਂ ਪਵਿੱਤਰ ਅਸਥਾਨ ‘ਤੇ ਮੱਥਾ ਟੇਕਦਿਆਂ ਦੋਵਾਂ ਸੂਬਿਆਂ ਦੀ ਖੁਸ਼ਹਾਲੀ ਅਤੇ ਦੇਸ਼ ਦੀ ਤਰੱਕੀ ਲਈ ਅਰਦਾਸ ਕੀਤੀ।
ਇਸ ਮੌਕੇ ਦਰਬਾਰ ਬਾਪੂ ਲਾਲ ਬਾਦਸ਼ਾਹ ਜੀ ਦੇ ਗੱਦੀਨਸ਼ੀਨ ਅਤੇ ਸਾਬਕਾ ਸੰਸਦ ਮੈਂਬਰ ਸ੍ਰੀ ਹੰਸਰਾਜ ਹੰਸ ਵੀ ਮੌਜੂਦ ਰਹੇ। ਮੁੱਖ ਮੰਤਰੀ ਨੇ ਆਯੋਜਨ ਕਮੇਟੀ ਅਤੇ ਸ੍ਰੀ ਹੰਸਰਾਜ ਹੰਸ ਵੱਲੋਂ ਦਿੱਤੇ ਗਏ ਸੱਦੇ ਅਤੇ ਸਨਮਾਨ ਲਈ ਧੰਨਵਾਦ ਕੀਤਾ।
ਸ੍ਰੀ ਸੈਣੀ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਭਾਵੇਂ ਪ੍ਰਸ਼ਾਸਨਿਕ ਤੌਰ ‘ਤੇ ਵੱਖਰੇ ਸੂਬੇ ਹਨ, ਪਰ ਦੋਵਾਂ ਦੀ ਸੱਭਿਆਚਾਰਕ ਵਿਰਾਸਤ, ਗੁਰੂ ਪਰੰਪਰਾ ਅਤੇ ਲੋਕਾਂ ਦੇ ਆਪਸੀ ਰਿਸ਼ਤੇ ਬਹੁਤ ਡੂੰਘੇ ਹਨ। ਉਨ੍ਹਾਂ ਕਿਹਾ ਕਿ ਦੋਵੇਂ ਸੂਬੇ ਭਰਾਵਾਂ ਵਾਂਗ ਮਿਲਜੁਲ ਕੇ ਅੱਗੇ ਵਧਦੇ ਰਹਿਣਗੇ।
ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਬਾਪੂ ਲਾਲ ਬਾਦਸ਼ਾਹ ਜੀ ਦੀਆਂ ਮਨੁੱਖਤਾ ਅਤੇ ਸੇਵਾ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਗਰੀਬਾਂ, ਲੋੜਵੰਦਾਂ ਅਤੇ ਪਿੱਛੜੇ ਵਰਗਾਂ ਲਈ ਕਈ ਲੋਕ ਭਲਾਈ ਯੋਜਨਾਵਾਂ ਚਲਾ ਰਹੀ ਹੈ। ਸਰਕਾਰ ਦਾ ਮਕਸਦ ਵਿਕਾਸ ਦੇ ਲਾਭ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣਾ ਹੈ।
ਸਾਬਕਾ ਸੰਸਦ ਮੈਂਬਰ ਸ੍ਰੀ ਹੰਸਰਾਜ ਹੰਸ ਨੇ ਵੀ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਬਾਪੂ ਲਾਲ ਬਾਦਸ਼ਾਹ ਜੀ ਦਾ ਦਰਬਾਰ ਪਿਆਰ, ਆਸਥਾ ਅਤੇ ਸੂਫੀ ਪਰੰਪਰਾ ਦਾ ਕੇਂਦਰ ਹੈ। ਉਨ੍ਹਾਂ ਕਿਹਾ ਕਿ ਸੂਫੀ ਵਿਚਾਰਧਾਰਾ ਲੋਕਾਂ ਦੇ ਦਿਲਾਂ ਨੂੰ ਜੋੜਨ ਅਤੇ ਆਪਸੀ ਪਿਆਰ ਵਧਾਉਣ ਦਾ ਸੰਦੇਸ਼ ਦਿੰਦੀ ਹੈ।
ਉਨ੍ਹਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਸਾਦਗੀ ਅਤੇ ਸ਼ਰਧਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਦੇ ਸੱਭਿਆਚਾਰਕ ਤੇ ਸਮਾਜਿਕ ਰਿਸ਼ਤੇ ਹਮੇਸ਼ਾ ਮਜ਼ਬੂਤ ਰਹਿਣਗੇ।
ਇਸ ਮੌਕੇ ਸਾਬਕਾ ਸੰਸਦ ਮੈਂਬਰ ਸ੍ਰੀਮਤੀ ਸੁਨੀਤਾ ਦੁੱਗਲ, ਸ੍ਰੀ ਸੁਸ਼ੀਲ ਕੁਮਾਰ ਰਿੰਕੂ, ਸਾਬਕਾ ਮੰਤਰੀ ਸ੍ਰੀ ਅਸੀਮ ਗੋਇਲ, ਪ੍ਰਧਾਨ ਸਰਦਾਰ ਜਗਬੀਰ ਸਿੰਘ ਬਰਾੜ ਅਤੇ ਸਰਦਾਰ ਗੁਲਾਬ ਸਿੰਘ ਸੰਧੂ ਸਮੇਤ ਕਈ ਹੋਰ ਸ਼ਖਸੀਅਤਾਂ ਹਾਜ਼ਰ ਸਨ।
