ਨਵੀਂ ਦਿੱਲੀ, 11 ਅਗਸਤ 2026 (ਜਗਦੇਵ ਸਿੰਘ ਜੱਗੀ) : ਨੇਤਾਜੀ ਸੁਭਾਸ਼ ਚੰਦਰ ਬੋਸ ਦੀਆਂ ਅਸਥੀਆਂ ਜਾਪਾਨ ਤੋਂ ਭਾਰਤ ਲਿਆਉਣ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ। ਇਹ ਪਟੀਸ਼ਨ ਨੇਤਾਜੀ ਦੀ ਧੀ ਅਨੀਤਾ ਪਫਾਫ਼ ਵੱਲੋਂ ਦਾਇਰ ਕੀਤੀ ਗਈ ਹੈ। ਚੀਫ਼ ਜਸਟਿਸ ਆਫ਼ ਇੰਡੀਆ ਸੂਰਿਆ ਕਾਂਤ, ਜਸਟਿਸ ਜੋਇਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।
ਪਟੀਸ਼ਨ ਵਿੱਚ ਅਨੀਤਾ ਪਫਾਫ਼ ਨੇ ਕਿਹਾ ਹੈ ਕਿ ਜਾਪਾਨ ਦੇ ਟੋਕੀਓ ਸਥਿਤ ਰੇਨਕੋਜੀ ਮੰਦਰ ਵਿੱਚ 1945 ਤੋਂ ਸੰਭਾਲ ਕੇ ਰੱਖੀਆਂ ਗਈਆਂ ਨੇਤਾਜੀ ਨਾਲ ਜੋੜੀਆਂ ਜਾਣ ਵਾਲੀਆਂ ਅਸਥੀਆਂ ਨੂੰ ਭਾਰਤ ਵਾਪਸ ਲਿਆਉਣ ਬਾਰੇ ਸਰਕਾਰ ਵੱਲੋਂ ਅਜੇ ਤੱਕ ਕੋਈ ਅੰਤਿਮ ਅਤੇ ਸਮਾਂਬੱਧ ਫੈਸਲਾ ਨਹੀਂ ਲਿਆ ਗਿਆ। ਉਨ੍ਹਾਂ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਅਸਥੀਆਂ ਨੂੰ ਭਾਰਤ ਲਿਆਉਣ ਲਈ ਸਰਕਾਰ ਨੂੰ ਨਿਰਦੇਸ਼ ਦਿੱਤੇ ਜਾਣ, ਤਾਂ ਜੋ ਨੇਤਾਜੀ ਦੀ ਇਕਲੌਤੀ ਜੀਵਤ ਸਿੱਧੀ ਵੰਸ਼ਜ ਹੋਣ ਦੇ ਨਾਤੇ ਉਹ ਉਨ੍ਹਾਂ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਪੂਰੀ ਇੱਜ਼ਤ ਅਤੇ ਮਰਿਆਦਾ ਨਾਲ ਕਰ ਸਕਣ। ਅਨੀਤਾ ਪਫਾਫ਼ ਲੰਬੇ ਸਮੇਂ ਤੋਂ ਭਾਰਤ ਸਰਕਾਰ ਨੂੰ ਨੇਤਾਜੀ ਦੀਆਂ ਅਸਥੀਆਂ ਵਾਪਸ ਲਿਆਉਣ ਦੀ ਅਪੀਲ ਕਰ ਰਹੀ ਹੈ। ਜਨਵਰੀ 2026 ਵਿੱਚ ਨੇਤਾਜੀ ਦੀ 129ਵੀਂ ਜਯੰਤੀ ਮੌਕੇ ਵੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿੱਚ ਦਖ਼ਲ ਦੀ ਮੰਗ ਕੀਤੀ ਸੀ।






