ਨਵੀਂ ਦਿੱਲੀ, 19 ਅਗਸਤ 2026 (ਜਗਦੇਵ ਰੰਚਨਾ) : ਦਿੱਲੀ ਦੇ ਸਾਬਕਾ ਜਲ ਮੰਤਰੀ ਅਤੇ ਆਮ ਆਦਮੀ ਪਾਰਟੀ (AAP) ਆਗੂ ਸਤੇਂਦਰ ਜੈਨ ਨੂੰ ਦਿੱਲੀ ਜਲ ਬੋਰਡ (DJB) ਦੇ ਸੀਵਰੇਜ ਟ੍ਰੀਟਮੈਂਟ ਪਲਾਂਟਾਂ (STPs) ਦੇ ਅਪਗ੍ਰੇਡੇਸ਼ਨ ਨਾਲ ਸਬੰਧਤ ਕਥਿਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਮੰਗਲਵਾਰ ਦੇਰ ਰਾਤ ਅਰੁਣਾ ਆਸਫ਼ ਅਲੀ ਹਸਪਤਾਲ ਲਿਜਾਇਆ ਗਿਆ। ਇੱਥੇ ਉਨ੍ਹਾਂ ਦਾ ਮੈਡੀਕਲ ਟੈਸਟ ਕਰਵਾਇਆ ਗਿਆ।
ਐਂਟੀ-ਕਰੱਪਸ਼ਨ ਬ੍ਰਾਂਚ (ACB) ਨੇ ਇਸ ਮਾਮਲੇ ਵਿੱਚ ਜੈਨ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਨੂੰ ਲੈ ਕੇ ਭਾਜਪਾ ਅਤੇ ‘ਆਪ’ ਵਿਚਾਲੇ ਸਿਆਸੀ ਬਿਆਨਬਾਜ਼ੀ ਵੀ ਤੇਜ਼ ਹੋ ਗਈ ਹੈ। ਭਾਜਪਾ ਆਗੂਆਂ ਨੇ ਜੈਨ ਦੀ ਗ੍ਰਿਫ਼ਤਾਰੀ ਨੂੰ ਕਥਿਤ ਭ੍ਰਿਸ਼ਟਾਚਾਰ ਨਾਲ ਜੋੜਦਿਆਂ ‘ਆਪ’ ’ਤੇ ਨਿਸ਼ਾਨਾ ਸਾਧਿਆ। ਦੂਜੇ ਪਾਸੇ ‘ਆਪ’ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਜਾਂਚ ਏਜੰਸੀਆਂ ਦੀ ਵਰਤੋਂ ਵਿਰੋਧੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਕਰ ਰਹੀ ਹੈ। ‘ਆਪ’ ਦੀ ਰਾਸ਼ਟਰੀ ਬੁਲਾਰਨ ਪ੍ਰਿਯੰਕਾ ਕੱਕੜ ਨੇ ਦਾਅਵਾ ਕੀਤਾ ਕਿ ਜੈਨ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਸਹਿ-ਇੰਚਾਰਜ ਹਨ ਅਤੇ ਇਸੇ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮਾਮਲਾ ਦਿੱਲੀ ਜਲ ਬੋਰਡ ਦੇ STPs ਨੂੰ ਅਪਗ੍ਰੇਡ ਕਰਨ ਲਈ ਟੈਂਡਰ ਪ੍ਰਕਿਰਿਆ ਵਿੱਚ ਕਥਿਤ ਬੇਨਿਯਮੀਆਂ ਅਤੇ ਅਪਰਾਧਿਕ ਸਾਜ਼ਿਸ਼ ਨਾਲ ਸਬੰਧਤ ਹੈ।
