ਸੰਗਰੂਰ, 10 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ) : ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸੰਗਰੂਰ ਦੇ ਕੈਰੋਂ ਫੈਕਟਰੀ ਗਰਾਊਂਡ, ਪਟਿਆਲਾ ਬਾਈਪਾਸ, ਯਾਦਵਿੰਦਰਾ ਹੋਟਲ ਦੇ ਸਾਹਮਣੇ ‘ਸਰਸ ਮੇਲਾ-2026’ ਵਿੱਚ ਸ਼ਿਰਕਤ ਕਰਦਿਆਂ ਸਮੁੱਚੀ ਪ੍ਰਬੰਧਕੀ ਟੀਮ ਨਾਲ ਮੇਲੇ ਦੀ ਰਸਮੀ ਸ਼ੁਰੂਆਤ ਕਰਵਾਈ ਅਤੇ ਮੇਲੇ ਵਿੱਚ ਪਹੁੰਚੇ ਇਲਾਕਾ ਨਿਵਾਸੀਆਂ ਦਾ ਨਿੱਘਾ ਸਵਾਗਤ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਇਹ ਮੇਲਾ 20 ਅਕਤੂਬਰ ਤਕ ਜਾਰੀ ਰਹੇਗਾ। ਇਸ ਮੌਕੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਸਰਸ ਮੇਲਾ ਸਾਡੀ ਅਮੀਰ ਵਿਰਾਸਤ, ਸੱਭਿਆਚਾਰ ਅਤੇ ਰਵਾਇਤੀ ਕਲਾਵਾਂ ਦਾ ਖੂਬਸੂਰਤ ਸੁਮੇਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਲੋਕਾਂ ਨੂੰ ਦੇਸ਼ ਦੇ ਵੱਖ-ਵੱਖ ਖੇਤਰਾਂ ਦੀ ਕਲਾ ਅਤੇ ਸੱਭਿਆਚਾਰ ਨਾਲ ਜੋੜਨ ਦੇ ਨਾਲ-ਨਾਲ ਪੇਂਡੂ ਦਸਤਕਾਰਾਂ, ਕਾਰੀਗਰਾਂ ਅਤੇ ਸਵੈ-ਸਹਾਇਤਾ ਸਮੂਹਾਂ ਨੂੰ ਆਪਣੇ ਹੁਨਰ ਦੀ ਪਛਾਣ ਬਣਾਉਣ ਲਈ ਮਹੱਤਵਪੂਰਨ ਮੰਚ ਪ੍ਰਦਾਨ ਕਰਦੇ ਹਨ।

ਸ੍ਰੀਮਤੀ ਭਰਾਜ ਨੇ ਕਿਹਾ ਕਿ ਹੱਥੀਂ ਤਿਆਰ ਕੀਤੇ ਉਤਪਾਦਾਂ ਵਿੱਚ ਕਾਰੀਗਰਾਂ ਦੀ ਮਿਹਨਤ, ਸਿਰਜਣਾਤਮਕਤਾ ਅਤੇ ਪੀੜ੍ਹੀਆਂ ਤੋਂ ਚੱਲੀ ਆ ਰਹੀ ਕਲਾ ਦੀ ਝਲਕ ਮਿਲਦੀ ਹੈ। ਇਨ੍ਹਾਂ ਉਤਪਾਦਾਂ ਦੀ ਖਰੀਦਦਾਰੀ ਕਰਕੇ ਲੋਕ ਦਸਤਕਾਰਾਂ ਦੀ ਆਮਦਨ ਵਧਾਉਣ ਅਤੇ ਰਵਾਇਤੀ ਹੁਨਰ ਨੂੰ ਸੰਭਾਲਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮੇਲੇ ਵਿੱਚ ਲੱਗੇ ਸਟਾਲਾਂ ’ਤੇ ਪਹੁੰਚ ਕੇ ਪੇਂਡੂ ਦਸਤਕਾਰਾਂ ਅਤੇ ਸਵੈ-ਸਹਾਇਤਾ ਸਮੂਹਾਂ ਵੱਲੋਂ ਤਿਆਰ ਕੀਤੀਆਂ ਵਸਤਾਂ ਖਰੀਦਣ ਅਤੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕਰਨ। ਵਿਧਾਇਕ ਨੇ ਕਿਹਾ ਕਿ ਸਵੈ-ਸਹਾਇਤਾ ਸਮੂਹਾਂ ਲਈ ਅਜਿਹੇ ਮੇਲੇ ਆਪਣੇ ਉਤਪਾਦ ਸਿੱਧੇ ਖਰੀਦਦਾਰਾਂ ਤੱਕ ਪਹੁੰਚਾਉਣ ਦਾ ਵਧੀਆ ਮੌਕਾ ਹਨ। ਖ਼ਾਸ ਤੌਰ ’ਤੇ ਇਨ੍ਹਾਂ ਸਮੂਹਾਂ ਨਾਲ ਜੁੜੀਆਂ ਮਹਿਲਾਵਾਂ ਨੂੰ ਆਪਣੇ ਹੁਨਰ ਰਾਹੀਂ ਆਰਥਿਕ ਤੌਰ ’ਤੇ ਮਜ਼ਬੂਤ ਹੋਣ ਅਤੇ ਸਵੈ-ਨਿਰਭਰਤਾ ਵੱਲ ਅੱਗੇ ਵਧਣ ਲਈ ਉਤਸ਼ਾਹ ਮਿਲਦਾ ਹੈ। ਉਨ੍ਹਾਂ ਕਿਹਾ ਕਿ ਪੇਂਡੂ ਹੁਨਰ ਨੂੰ ਵੱਡੀ ਮੰਡੀ ਨਾਲ ਜੋੜਨ ਵਾਲੇ ਅਜਿਹੇ ਉਪਰਾਲਿਆਂ ਦੀ ਸਫ਼ਲਤਾ ਵਿੱਚ ਲੋਕਾਂ ਦੀ ਭਾਗੀਦਾਰੀ ਅਹਿਮ ਭੂਮਿਕਾ ਨਿਭਾਉਂਦੀ ਹੈ। ਮੇਲੇ ਦੀ ਪਹਿਲੀ ਸ਼ਾਮ ਪ੍ਰਸਿੱਧ ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਅਤੇ ਮੇਲੇ ਦੀਆਂ ਰੌਣਕਾਂ ਨੂੰ ਹੋਰ ਵਧਾਇਆ। ਸ੍ਰੀਮਤੀ ਭਰਾਜ ਨੇ ਕਿਹਾ ਕਿ ਸੱਭਿਆਚਾਰਕ ਪੇਸ਼ਕਾਰੀਆਂ ਲੋਕਾਂ ਨੂੰ ਪੰਜਾਬੀ ਸੰਗੀਤ ਅਤੇ ਵਿਰਾਸਤ ਨਾਲ ਜੋੜਦੀਆਂ ਹਨ ਅਤੇ ਨਵੀਂ ਪੀੜ੍ਹੀ ਵਿੱਚ ਆਪਣੀ ਕਲਾ ਤੇ ਸੱਭਿਆਚਾਰ ਪ੍ਰਤੀ ਰੁਚੀ ਪੈਦਾ ਕਰਦੀਆਂ ਹਨ।
ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਦਸਤਕਾਰਾਂ, ਕਾਰੀਗਰਾਂ ਅਤੇ ਸਵੈ-ਸਹਾਇਤਾ ਸਮੂਹਾਂ ਵੱਲੋਂ ਹੱਥੀਂ ਤਿਆਰ ਕੀਤੇ ਉਤਪਾਦਾਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਲਈ ਸਟਾਲ ਲਗਾਏ ਗਏ ਹਨ। ਪਰਿਵਾਰਾਂ ਅਤੇ ਬੱਚਿਆਂ ਦੇ ਮਨੋਰੰਜਨ ਲਈ ਜਲਪਰੀ ਸ਼ੋਅ, ਰਵਾਇਤੀ ਤੇ ਆਧੁਨਿਕ ਝੂਲੇ, ਫਨ ਗੇਮਜ਼ ਅਤੇ ਕਾਰ ਸਰਕਸ ਦੇ ਪ੍ਰਬੰਧ ਵੀ ਕੀਤੇ ਗਏ ਹਨ। ਵੱਖ-ਵੱਖ ਪਕਵਾਨਾਂ ਦੇ ਫੂਡ ਸਟਾਲ ਅਤੇ ਸੈਲਫੀ ਪੁਆਇੰਟ ਵੀ ਮੇਲੇ ਦਾ ਆਕਰਸ਼ਣ ਹਨ। ਇਸ ਤੋਂ ਇਲਾਵਾ ਹਰ ਸ਼ਾਮ ਨਾਮਵਰ ਗਾਇਕਾਂ ਅਤੇ ਕਲਾਕਾਰਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਮੇਲਾ ਲਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ, ਸਮੁੱਚੀ ਪ੍ਰਬੰਧਕੀ ਟੀਮ ਅਤੇ ਸਹਿਯੋਗੀ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਂਝੇ ਯਤਨਾਂ ਨਾਲ ਸੰਗਰੂਰ ਵਾਸੀਆਂ ਨੂੰ ਖਰੀਦਦਾਰੀ, ਮਨੋਰੰਜਨ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਦਾ ਆਨੰਦ ਇੱਕੋ ਥਾਂ ’ਤੇ ਮਾਣਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਸੰਗਰੂਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਆਪਣੇ ਪਰਿਵਾਰਾਂ ਸਮੇਤ ਮੇਲੇ ਵਿੱਚ ਪਹੁੰਚਣ ਅਤੇ ਇਸ ਦੀਆਂ ਰੌਣਕਾਂ ਦਾ ਆਨੰਦ ਮਾਣਨ ਦੀ ਅਪੀਲ ਕੀਤੀ। ਇਸ ਮੌਕੇ ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਖਚੈਨ ਸਿੰਘ ਪਾਪੜਾ, ਐੱਸ.ਡੀ.ਐਮ. ਸੰਗਰੂਰ ਸਤੀਸ਼ ਚੰਦਰ ਸਮੇਤ ਵੱਖ ਵੱਖ ਅਧਿਕਾਰੀ ਹਾਜ਼ਰ ਸਨ।







