ਹਰਿਆਣਾ, 2 ਸਤੰਬਰ, 2026 (ਸੰਜੀਵ ਸ਼ਰਮਾ): ਹਰਿਆਣਾ ਵਿੱਚ ਸਫਾਈ ਕਰਮਚਾਰੀਆਂ ਦਾ ਅੰਦੋਲਨ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਮੰਗਲਵਾਰ ਦੇਰ ਰਾਤ ਝੱਜਰ ਜ਼ਿਲ੍ਹੇ ਦੇ ਬਹਾਦੁਰਗੜ੍ਹ ਵਿੱਚ ਪੁਲਿਸ ਅਤੇ ਸਫਾਈ ਕਰਮਚਾਰੀਆਂ ਵਿਚਕਾਰ ਝੜਪ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਰਾਤ ਕਰੀਬ 2 ਵਜੇ ਪ੍ਰਸ਼ਾਸਨ ਅਤੇ ਪੁਲਿਸ ਦੀ ਟੀਮ ਕੂੜਾ ਚੁੱਕਣ ਲਈ ਮੌਕੇ ’ਤੇ ਪਹੁੰਚੀ ਸੀ। ਇਸ ਦੌਰਾਨ ਸਫਾਈ ਕਰਮਚਾਰੀਆਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਵਿਰੋਧ ਵਧਣ ਤੋਂ ਬਾਅਦ ਮੌਕੇ ’ਤੇ ਤਣਾਅ ਦੀ ਸਥਿਤੀ ਬਣ ਗਈ ਅਤੇ ਪੁਲਿਸ ਤੇ ਸਫਾਈ ਕਰਮਚਾਰੀਆਂ ਵਿਚਕਾਰ ਝੜਪ ਹੋ ਗਈ। ਪੁਲਿਸ ਵੱਲੋਂ ਕੁਝ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਕੇ ਬੱਸਾਂ ਵਿੱਚ ਬਿਠਾ ਕੇ ਲਿਜਾਇਆ ਗਿਆ। ਘਟਨਾ ਨਾਲ ਜੁੜੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਪੁਲਿਸ ਕਰਮਚਾਰੀਆਂ ਨੂੰ ਪ੍ਰਦਰਸ਼ਨਕਾਰੀਆਂ ਨੂੰ ਬੱਸਾਂ ਵਿੱਚ ਲਿਜਾਂਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਸਿਰਸਾ ਵਿੱਚ ਵੀ ਅੰਦੋਲਨ ਦੌਰਾਨ ਇੱਕ ਗੱਡੀ ਦਾ ਸ਼ੀਸ਼ਾ ਤੋੜੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਉੱਥੇ ਹੀ ਹਿਸਾਰ ਵਿੱਚ ਪੁਲਿਸ ਨੇ ਕਰੀਬ 30 ਵਿਅਕਤੀਆਂ ਖ਼ਿਲਾਫ਼ FIR ਦਰਜ ਕੀਤੀ ਹੈ। ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਚੱਲ ਰਿਹਾ ਇਹ ਅੰਦੋਲਨ ਹੁਣ ਕਈ ਸ਼ਹਿਰਾਂ ਤੱਕ ਫੈਲਦਾ ਦਿਖਾਈ ਦੇ ਰਿਹਾ ਹੈ। ਪ੍ਰਸ਼ਾਸਨ ਵੱਲੋਂ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ, ਜਦਕਿ ਸਫਾਈ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਜਾਰੀ ਰੱਖ ਰਹੇ ਹਨ।
ਹਰਿਆਣਾ ’ਚ ਸਫਾਈ ਕਰਮਚਾਰੀਆਂ ਦਾ ਅੰਦੋਲਨ ਤੇਜ਼, ਝੱਜਰ ’ਚ ਪੁਲਿਸ ਨਾਲ ਝੜਪ; ਹਿਸਾਰ ’ਚ 30 ਖ਼ਿਲਾਫ਼ FIR
Tensions rise as sanitation workers clash with police in Bahadurgarh; FIRs filed against 30 people in Hisar.
