ਨਸ਼ਿਆਂ ਦੇ ਖ਼ਾਤਮੇ ਅਤੇ ਲੋਕਾਂ ਦੀ ਸੁਰੱਖਿਆ ਲਈ ਸੰਗਰੂਰ ਪੁਲਿਸ ਵਚਨਬੱਧ: ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ
ਸੰਗਰੂਰ, 5 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ) : ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸੰਗਰੂਰ ਪੁਲਿਸ ਵੱਲੋਂ ਨਸ਼ਿਆਂ ਨਾਲ ਜੁੜੀਆਂ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਲਈ ਜ਼ਿਲ੍ਹਾ ਪੱਧਰੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (CASO) ਚਲਾਈ ਗਈ। ਇਸ ਦੌਰਾਨ ਡਰੱਗ ਹਾਟਸਪਾਟਸ ਅਤੇ ਹੋਰ ਸ਼ੱਕੀ ਤੇ ਸੰਵੇਦਨਸ਼ੀਲ ਥਾਵਾਂ ’ਤੇ ਪੁਲਿਸ ਟੀਮਾਂ ਵੱਲੋਂ ਚੈਕਿੰਗ ਅਤੇ ਤਲਾਸ਼ੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਪੁਲਿਸ ਫੋਰਸ ਵੱਲੋਂ ਸ਼ੱਕੀ ਵਿਅਕਤੀਆਂ ਅਤੇ ਸੰਵੇਦਨਸ਼ੀਲ ਥਾਵਾਂ ਦੀ ਤਲਾਸ਼ੀ ਲਈ ਗਈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਨਸ਼ਿਆਂ ਨਾਲ ਸਬੰਧਤ ਗਤੀਵਿਧੀਆਂ ਦੀ ਪਛਾਣ ਕਰਨਾ ਅਤੇ ਇਨ੍ਹਾਂ ਨੂੰ ਰੋਕਣਾ ਹੈ, ਤਾਂ ਜੋ ਨਸ਼ਿਆਂ ਦੇ ਕਾਰੋਬਾਰ ਲਈ ਕੋਈ ਗੁੰਜਾਇਸ਼ ਨਾ ਰਹੇ।

ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਅਤੇ ਲੋਕਾਂ ਦੀ ਸੁਰੱਖਿਆ ਸੰਗਰੂਰ ਪੁਲਿਸ ਦੀਆਂ ਮੁੱਖ ਤਰਜੀਹਾਂ ਹਨ। ਉਨ੍ਹਾਂ ਦੱਸਿਆ ਕਿ ਸੰਵੇਦਨਸ਼ੀਲ ਇਲਾਕਿਆਂ ਵਿੱਚ ਪੁਲਿਸ ਦੀ ਸਰਗਰਮ ਮੌਜੂਦਗੀ ਅਤੇ ਅਜਿਹੀਆਂ ਤਲਾਸ਼ੀ ਮੁਹਿੰਮਾਂ ਰਾਹੀਂ ਨਸ਼ਿਆਂ ਨਾਲ ਜੁੜੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਨਸ਼ਿਆਂ ਦੇ ਖ਼ਾਤਮੇ ਲਈ ਚੌਕਸੀ ਅਤੇ ਕਾਨੂੰਨ ਅਨੁਸਾਰ ਕਾਰਵਾਈ ਜਾਰੀ ਰੱਖੀ ਜਾਵੇਗੀ। ਰਵਜੋਤ ਗਰੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਿਰੁੱਧ ਇਸ ਮੁਹਿੰਮ ਵਿੱਚ ਪੁਲਿਸ ਦਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਆਪਣੇ ਆਲੇ-ਦੁਆਲੇ ਨਸ਼ਿਆਂ ਦੀ ਵਿਕਰੀ ਜਾਂ ਕਿਸੇ ਹੋਰ ਸ਼ੱਕੀ ਗਤੀਵਿਧੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ ਸਬੰਧਤ ਪੁਲਿਸ ਥਾਣੇ ਨੂੰ ਸੂਚਿਤ ਕਰੇ। ਲੋਕਾਂ ਵੱਲੋਂ ਸਮੇਂ ਸਿਰ ਦਿੱਤੀ ਜਾਣਕਾਰੀ ਨਸ਼ਿਆਂ ਵਿਰੁੱਧ ਕਾਰਵਾਈ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਨਸ਼ਾਮੁਕਤ, ਸੁਰੱਖਿਅਤ ਅਤੇ ਸ਼ਾਂਤਮਈ ਪੰਜਾਬ ਦੀ ਸਿਰਜਣਾ ਲਈ ਪੁਲਿਸ ਅਤੇ ਸਮਾਜ ਦੇ ਸਾਂਝੇ ਯਤਨ ਜ਼ਰੂਰੀ ਹਨ। ਉਨ੍ਹਾਂ ਦੁਹਰਾਇਆ ਕਿ ਸੰਗਰੂਰ ਪੁਲਿਸ ਇਸ ਉਦੇਸ਼ ਦੀ ਪ੍ਰਾਪਤੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ।







