ਹਰਿਆਣਾ, 02 ਸਤੰਬਰ, 2026 (ਸੰਜੀਵ ਸ਼ਰਮਾ): ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਨੂੰ ਹਰਿਆਣਾ ਵਿਧਾਨ ਸਭਾ ਵਿੱਚ ਸੰਤ ਸ਼ਿਰੋਮਣੀ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੇਸ਼ਵਿਆਪੀ ‘ਗੁਰੂ ਰਵਿਦਾਸ ਮਹਾਰਾਜ ਸਮਰਸਤਾ ਸੰਕਲਪ ਅਭਿਆਨ’ ਸਬੰਧੀ ਸਰਕਾਰੀ ਪ੍ਰਸਤਾਵ ਪੇਸ਼ ਕੀਤਾ। ਸਦਨ ਨੇ ਸਰਬਸੰਮਤੀ ਨਾਲ ਇਸ ਪ੍ਰਸਤਾਵ ਨੂੰ ਪਾਸ ਕਰ ਦਿੱਤਾ। ਮੁੱਖ ਮੰਤਰੀ ਨੇ ਪ੍ਰਸਤਾਵ ਪੇਸ਼ ਕਰਦਿਆਂ ਕਿਹਾ ਕਿ 29 ਜੁਲਾਈ 2026 ਨੂੰ ਗੁਰੂ ਪੂਰਨਿਮਾ ਦੇ ਮੌਕੇ ਸ਼ੁਰੂ ਹੋਇਆ ਇਹ ਅਭਿਆਨ 20 ਫਰਵਰੀ 2027 ਤੱਕ ਚੱਲੇਗਾ। ਇਸ ਅਭਿਆਨ ਦਾ ਉਦੇਸ਼ ਸੰਤ ਸ਼ਿਰੋਮਣੀ ਸ੍ਰੀ ਗੁਰੂ ਰਵਿਦਾਸ ਜੀ ਦੇ ਸਮਾਨਤਾ, ਮਮਤਾ, ਕਰੁਣਾ, ਸੇਵਾ, ਭਗਤੀ, ਸਮਾਜਿਕ ਨਿਆਂ ਅਤੇ ਸਮਾਜਿਕ ਸਮਰਸਤਾ ਦੇ ਸੰਦੇਸ਼ ਨੂੰ ਸਮਾਜ ਦੇ ਹਰ ਵਿਅਕਤੀ ਤੱਕ ਪਹੁੰਚਾਉਣਾ ਅਤੇ ਵੱਖ-ਵੱਖ ਵਰਗਾਂ ਵਿਚਕਾਰ ਸਮਾਜਿਕ ਏਕਤਾ ਨੂੰ ਹੋਰ ਮਜ਼ਬੂਤ ਕਰਨਾ ਹੈ।
ਸੀਰ ਗੋਵਰਧਨਪੁਰ ਤੋਂ ਹੋਈ ਅਭਿਆਨ ਦੀ ਸ਼ੁਰੂਆਤ
ਮੁੱਖ ਮੰਤਰੀ ਨੇ ਕਿਹਾ ਕਿ ਇਸ ਅਭਿਆਨ ਦੀ ਸ਼ੁਰੂਆਤ ਸੰਤ ਸ਼ਿਰੋਮਣੀ ਸ੍ਰੀ ਗੁਰੂ ਰਵਿਦਾਸ ਜੀ ਦੀ ਜਨਮਸਥਲੀ ਸੀਰ ਗੋਵਰਧਨਪੁਰ, ਵਾਰਾਣਸੀ ਤੋਂ ਹੋਈ। ਇਸ ਮੌਕੇ ਉੱਥੋਂ ਦੀ ਪਵਿੱਤਰ ਮਿੱਟੀ ਨਾਲ ਭਰੇ ਕਲਸ਼ ਦੀ ਪੂਜਾ ਕਰਕੇ ਉਨ੍ਹਾਂ ਨੂੰ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਪ੍ਰਤੀਨਿਧੀਆਂ ਨੂੰ ਸੌਂਪਿਆ ਗਿਆ। ਹਰਿਆਣਾ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੀ ਜਨਮਸਥਲੀ ਦੀ ਪਵਿੱਤਰ ਮਿੱਟੀ ਵਾਲੀ ਕਲਸ਼ ਯਾਤਰਾ 4 ਅਗਸਤ 2026 ਨੂੰ ਪਹੁੰਚੀ। ਇਸ ਦੇ ਸਵਾਗਤ ਲਈ 5 ਅਗਸਤ 2026 ਨੂੰ ਗੁਰੂਗ੍ਰਾਮ ਸਥਿਤ ਮਾਤਾ ਸ਼ੀਤਲਾ ਮੰਦਰ ਪਰਿਸਰ ਵਿੱਚ ਵੱਡਾ ਸਮਾਗਮ ਕਰਵਾਇਆ ਗਿਆ। ਇਨ੍ਹਾਂ ਕਲਸ਼ਾਂ ਨੂੰ ਜ਼ਿਲ੍ਹਾ ਅਤੇ ਪਿੰਡ ਪੱਧਰ ਤੱਕ ਪਹੁੰਚਾਇਆ ਜਾ ਰਿਹਾ ਹੈ, ਜਿੱਥੇ ਸ਼ਰਧਾਲੂ ਪਵਿੱਤਰ ਮਿੱਟੀ ਨੂੰ ਸਥਾਨਕ ਮੰਦਰਾਂ ਦੀ ਮਿੱਟੀ ਵਿੱਚ ਮਿਲਾ ਕੇ ਸੰਤ ਸ਼ਿਰੋਮਣੀ ਸ੍ਰੀ ਗੁਰੂ ਰਵਿਦਾਸ ਜੀ ਦੇ ਸਮਾਜਿਕ ਸਮਰਸਤਾ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾ ਰਹੇ ਹਨ।
5 ਅਕਤੂਬਰ ਤੋਂ 5 ਨਵੰਬਰ ਤੱਕ ਹਰਿਆਣਾ ਵਿੱਚ ਚੱਲੇਗੀ ਸਮਰਸਤਾ ਯਾਤਰਾ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਮਰਸਤਾ ਯਾਤਰਾ 5 ਅਕਤੂਬਰ 2026 ਨੂੰ ਹਰਿਆਣਾ ਪਹੁੰਚੇਗੀ ਅਤੇ 5 ਨਵੰਬਰ 2026 ਤੱਕ ਚੱਲੇਗੀ। ਯਾਤਰਾ ਦੇ ਸਵਾਗਤ ਲਈ ਇਸ ਦੇ ਮਾਰਗ ’ਤੇ ਪੂਰੇ ਸੂਬੇ ਵਿੱਚ ਪ੍ਰਵੇਸ਼ ਦੁਆਰ ਅਤੇ ਸਵਾਗਤੀ ਸਥਾਨ ਤਿਆਰ ਕੀਤੇ ਜਾਣਗੇ ਅਤੇ ਜਨ ਸਭਾਵਾਂ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ 26 ਨਵੰਬਰ 2026 ਤੋਂ 15 ਜਨਵਰੀ 2027 ਤੱਕ ਹੋਸਟਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਕੋਚਿੰਗ ਕੇਂਦਰਾਂ ਵਿੱਚ ਵਿਸ਼ੇਸ਼ ਸੰਵਾਦ ਪ੍ਰੋਗਰਾਮ ਕਰਵਾਏ ਜਾਣਗੇ।
ਭਗਤੀ ਅੰਦੋਲਨ ਰਾਹੀਂ ਸਮਾਜ ਵਿੱਚ ਨਵੀਂ ਜਾਗਰੂਕਤਾ ਲਿਆਂਦੀ
ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ 649 ਸਾਲ ਪਹਿਲਾਂ ਮਾਘ ਪੂਰਨਿਮਾ ਦੇ ਪਵਿੱਤਰ ਦਿਨ ਕਾਸ਼ੀ ਦੀ ਪਾਵਨ ਧਰਤੀ ’ਤੇ ਹੋਇਆ ਸੀ। ਉਨ੍ਹਾਂ ਨੇ ਭਗਤੀ ਅੰਦੋਲਨ ਰਾਹੀਂ ਸਮਾਜ ਸੁਧਾਰ ਦਾ ਸਾਹਸੀ ਅਤੇ ਇਤਿਹਾਸਕ ਕਾਰਜ ਕੀਤਾ। ਉਸ ਸਮੇਂ ਜਾਤ-ਪਾਤ, ਅੰਧਵਿਸ਼ਵਾਸ ਅਤੇ ਉੱਚ-ਨੀਚ ਵਿੱਚ ਉਲਝੇ ਸਮਾਜ ਵਿੱਚ ਉਨ੍ਹਾਂ ਨੇ ਨਵੀਂ ਜਾਗਰੂਕਤਾ ਪੈਦਾ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਸੰਤ ਸ਼ਿਰੋਮਣੀ ਸ੍ਰੀ ਗੁਰੂ ਰਵਿਦਾਸ ਜੀ ਦਾ ਅਮਰ ਸੰਦੇਸ਼ ‘ਮਨ ਚੰਗਾ ਤਾਂ ਕਠੌਤੀ ਵਿੱਚ ਗੰਗਾ’ ਸਾਨੂੰ ਸਿਖਾਉਂਦਾ ਹੈ ਕਿ ਜੇ ਨੀਅਤ ਸਾਫ਼ ਹੋਵੇ, ਭਾਵਨਾ ਪਵਿੱਤਰ ਹੋਵੇ ਅਤੇ ਕਰਮ ਲੋਕ-ਭਲਾਈ ਲਈ ਕੀਤੇ ਜਾਣ ਤਾਂ ਆਮ ਤੋਂ ਆਮ ਸਥਾਨ ਵੀ ਤੀਰਥ ਬਣ ਜਾਂਦਾ ਹੈ। ਉਨ੍ਹਾਂ ਨੇ ਆਧਿਆਤਮ ਨੂੰ ਮਹਲਾਂ ਅਤੇ ਮੰਦਰਾਂ ਤੱਕ ਸੀਮਤ ਨਹੀਂ ਰੱਖਿਆ, ਸਗੋਂ ਇਸ ਨੂੰ ਗਰੀਬ ਦੀ ਝੋਂਪੜੀ, ਮਿਹਨਤਕਸ਼ ਦੇ ਪਸੀਨੇ ਅਤੇ ਮਨੁੱਖੀ ਸੇਵਾ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੂੰ ਨਿਰਗੁਣ ਭਗਤੀ ਅੰਦੋਲਨ ਦੇ ਪ੍ਰਮੁੱਖ ਸੰਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਭਗਤੀ ਵਿੱਚ ਜਾਤੀ, ਵਰਗ ਜਾਂ ਬਾਹਰੀ ਦਿਖਾਵੇ ਲਈ ਕੋਈ ਥਾਂ ਨਹੀਂ ਸੀ। ਉਨ੍ਹਾਂ ਨੂੰ ਸਵਾਮੀ ਰਾਮਾਨੰਦ ਜੀ ਦਾ ਸ਼ਿਸ਼ ਮੰਨਿਆ ਜਾਂਦਾ ਹੈ ਅਤੇ ਇਸ ਦ੍ਰਿਸ਼ਟੀ ਨਾਲ ਸੰਤ ਕਬੀਰ ਅਤੇ ਗੁਰੂ ਰਵਿਦਾਸ ਜੀ ਨੂੰ ਇੱਕੋ ਵਿਸ਼ਾਲ ਭਗਤੀ ਪਰੰਪਰਾ ਦੇ ਪ੍ਰਤੀਨਿਧੀ ਮੰਨਿਆ ਜਾਂਦਾ ਹੈ।
ਪ੍ਰਧਾਨ ਮੰਤਰੀ ਨੇ ਗੁਰੂ ਰਵਿਦਾਸ ਜੀ ਦੀ ਜਨਮਸਥਲੀ ’ਤੇ ਟੇਕਿਆ ਸੀਸ
ਮੁੱਖ ਮੰਤਰੀ ਨੇ ਕਿਹਾ ਕਿ ਸੰਤ ਸ਼ਿਰੋਮਣੀ ਸ੍ਰੀ ਗੁਰੂ ਰਵਿਦਾਸ ਜੀ ਪ੍ਰਤੀ ਸ਼ਰਧਾ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸਾਲ 2016 ਵਿੱਚ ਉਨ੍ਹਾਂ ਦੀ ਜਨਮਸਥਲੀ ਸੀਰ ਗੋਵਰਧਨਪੁਰ ਵਿਖੇ ਜਾ ਕੇ ਸੀਸ ਨਿਵਾਇਆ ਸੀ। ਉਸ ਸਮੇਂ ਉਨ੍ਹਾਂ ਨੇ ਜਨਮਸਥਲੀ ਦੇ ਵਿਕਾਸ ਦਾ ਸੰਕਲਪ ਪ੍ਰਗਟ ਕੀਤਾ ਸੀ। ਸਾਲ 2019 ਵਿੱਚ ਜਨਮਸਥਲੀ ਦੇ ਵਿਸਥਾਰ ਅਤੇ ਵਿਕਾਸ ਦੀ ਵੱਡੀ ਯੋਜਨਾ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਇਸ ਦੇ ਪਹਿਲੇ ਪੜਾਅ ਦੇ ਵਿਕਾਸ ਕਾਰਜਾਂ ਲਈ 50 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ 12 ਅਗਸਤ 2023 ਨੂੰ ਮੱਧ ਪ੍ਰਦੇਸ਼ ਦੇ ਸਾਗਰ ਵਿੱਚ 100 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਸੰਤ ਸ਼ਿਰੋਮਣੀ ਗੁਰੂ ਰਵਿਦਾਸ ਸਮਾਰਕ ਅਤੇ ਅਜਾਇਬਘਰ ਦਾ ਨੀਂਹ ਪੱਥਰ ਰੱਖਿਆ ਸੀ। ਇਸ ਤੋਂ ਇਲਾਵਾ ਫਰਵਰੀ 2024 ਵਿੱਚ ਜਨਮਸਥਲੀ ਵਿਖੇ ਲਗਭਗ 32 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਅਤੇ ਲਗਭਗ 62 ਕਰੋੜ ਰੁਪਏ ਦੀ ਲਾਗਤ ਨਾਲ ਸੰਤ ਰਵਿਦਾਸ ਅਜਾਇਬਘਰ ਅਤੇ ਪਾਰਕ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਵਿੱਚ ਗੁਰੂ ਰਵਿਦਾਸ ਜੀ ਦੇ ਜੀਵਨ, ਦਰਸ਼ਨ ਅਤੇ ਸਿੱਖਿਆਵਾਂ ਨੂੰ ਦਰਸਾਉਣ ਵਾਲੀ ਆਰਟ ਗੈਲਰੀ ਅਤੇ ਅਜਾਇਬਘਰ ਬਣਾਇਆ ਜਾਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ 1 ਫਰਵਰੀ ਨੂੰ ਡੇਰਾ ਸੱਚਖੰਡ ਬੱਲਾਂ ਵਿੱਚ ਸੰਤ ਸ੍ਰੀ ਗੁਰੂ ਰਵਿਦਾਸ ਜੀ ਦੀ 649ਵੀਂ ਜਯੰਤੀ ਮੌਕੇ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿੱਚ ਵੀ ਸ਼ਮੂਲੀਅਤ ਕੀਤੀ ਸੀ।
ਹਰਿਆਣਾ ਦੇ ਉਮਰੀ ਵਿੱਚ 124 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਗੁਰੂ ਰਵਿਦਾਸ ਧਾਮ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਕੁਰੂਕਸ਼ੇਤਰ ਦੇ ਉਮਰੀ ਵਿੱਚ 5 ਏਕੜ ਜ਼ਮੀਨ ’ਤੇ ਵੱਡਾ ਗੁਰੂ ਰਵਿਦਾਸ ਧਾਮ ਬਣਾ ਰਹੀ ਹੈ। ਇਸ ਦਾ ਭੂਮੀ ਪੂਜਨ 15 ਮਾਰਚ 2024 ਨੂੰ ਕੀਤਾ ਗਿਆ ਸੀ। ਇਸ ਪ੍ਰਾਜੈਕਟ ’ਤੇ ਲਗਭਗ 124 ਕਰੋੜ ਰੁਪਏ ਦੀ ਲਾਗਤ ਆਵੇਗੀ। ਪਰਿਸਰ ਵਿੱਚ ਸੰਤ ਰਵਿਦਾਸ ਜੀ ਦੀ 125 ਫੁੱਟ ਉੱਚੀ ਮੂਰਤੀ ਵੀ ਸਥਾਪਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਤਿਕਾਰ ਸਹਿਤ ਸਥਾਨ ਮਿਲਿਆ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਨ੍ਹਾਂ ਦੀ ਬਾਣੀ ਨੇ ਪੰਥ, ਖੇਤਰ ਅਤੇ ਭਾਸ਼ਾ ਦੀਆਂ ਹੱਦਾਂ ਨੂੰ ਪਾਰ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਬੇਗਮਪੁਰਾ ਦਾ ਅਰਥ ਅਜਿਹੀ ਥਾਂ ਹੈ, ਜਿੱਥੇ ਕੋਈ ਗਮ ਨਹੀਂ, ਕੋਈ ਡਰ ਨਹੀਂ, ਕੋਈ ਅਨਿਆਂ ਨਹੀਂ, ਕੋਈ ਭੇਦਭਾਵ ਨਹੀਂ ਅਤੇ ਕੋਈ ਸ਼ੋਸ਼ਣ ਨਹੀਂ। ਭਗਤ ਸ਼ਿਰੋਮਣੀ ਮੀਰਾਬਾਈ ਨੇ ਵੀ ਆਪਣੀਆਂ ਰਚਨਾਵਾਂ ਵਿੱਚ ਗੁਰੂ ਰਵਿਦਾਸ ਜੀ ਨੂੰ ਆਪਣਾ ਗੁਰੂ ਮੰਨਿਆ ਹੈ, ਜੋ ਉਨ੍ਹਾਂ ਦੀ ਆਧਿਆਤਮਿਕ ਪ੍ਰਤਿਸ਼ਠਾ ਅਤੇ ਵਿਆਪਕ ਸਵੀਕਾਰਤਾ ਦਾ ਪ੍ਰਮਾਣ ਹੈ।
ਸਮਾਜਿਕ ਸਮਰਸਤਾ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਨਾ ਸਾਡਾ ਸੰਕਲਪ
ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਇਸ ਯਾਤਰਾ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਸਾਰੇ ਹਰਿਆਣਵਾਸੀਆਂ, ਖ਼ਾਸ ਕਰਕੇ ਵੱਖ-ਵੱਖ ਸੰਤਾਂ, ਮਹੰਤਾਂ, ਧਰਮਾਚਾਰੀਆਂ ਅਤੇ ਡੇਰਾ ਮੁਖੀਆਂ, ਮੰਦਰ ਕਮੇਟੀਆਂ ਅਤੇ ਸਮਾਜਿਕ-ਸੱਭਿਆਚਾਰਕ ਸੰਸਥਾਵਾਂ ਨੂੰ ‘ਸ੍ਰੀ ਗੁਰੂ ਰਵਿਦਾਸ ਮਹਾਰਾਜ ਸਮਰਸਤਾ ਸੰਕਲਪ ਅਭਿਆਨ’ ਤਹਿਤ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਸਮਾਜਿਕ ਸਮਰਸਤਾ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਨਾ ਸਾਡਾ ਸੰਕਲਪ ਹੈ। ਸਦਨ ਸੰਤ ਸ਼ਿਰੋਮਣੀ ਸ੍ਰੀ ਗੁਰੂ ਰਵਿਦਾਸ ਜੀ ਵੱਲੋਂ ਸਮੁੱਚੀ ਮਨੁੱਖਤਾ ਨੂੰ ਦਿੱਤੀਆਂ ਸਿੱਖਿਆਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਨਮਨ ਕਰਦਾ ਹੈ ਅਤੇ ਉਨ੍ਹਾਂ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੇਸ਼ਵਿਆਪੀ ‘ਗੁਰੂ ਰਵਿਦਾਸ ਮਹਾਰਾਜ ਸਮਰਸਤਾ ਸੰਕਲਪ ਅਭਿਆਨ’ ਨੂੰ ਮਾਣ-ਸਨਮਾਨ ਨਾਲ ਮਨਾਉਣ ਦਾ ਸੰਕਲਪ ਲੈਂਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਪ੍ਰਤੀ ਸੱਚੀ ਸ਼ਰਧਾ ਦੇ ਰੂਪ ਵਿੱਚ ਉਨ੍ਹਾਂ ਦੀਆਂ ਅਮਰ ਸਿੱਖਿਆਵਾਂ ਨੂੰ ਹਰਿਆਣਾ ਦੇ ਹਰੇਕ ਨਾਗਰਿਕ ਤੱਕ ਪਹੁੰਚਾਉਣਾ ਜ਼ਰੂਰੀ ਹੈ, ਤਾਂ ਜੋ ਸੂਬੇ ਵਿੱਚ ਆਪਸੀ ਸਹਿਯੋਗ ਅਤੇ ਭਾਈਚਾਰੇ ਦੀ ਮਾਣਮੱਤੀ ਪਰੰਪਰਾ ਹੋਰ ਮਜ਼ਬੂਤ ਬਣੀ ਰਹੇ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਦਨ ਤੋਂ ਸੂਬੇ ਦੀ ਜਨਤਾ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ ਇਸ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਪਾਸ ਕਰਨ ਦੀ ਅਪੀਲ ਕੀਤੀ, ਜਿਸ ਨੂੰ ਸਦਨ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ।
