ਕੁਰੂਕਸ਼ੇਤਰ, 02 ਸਤੰਬਰ, 2026 (ਸੰਜੀਵ ਸ਼ਰਮਾ): ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕੁਰੂਕਸ਼ੇਤਰ ਦੇ ਡਿਪਟੀ ਡਾਇਰੈਕਟਰ ਡਾ. ਗਿਰੀਸ਼ ਨਾਗਪਾਲ ਨੇ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਹਰਿਆਣਾ ਵੱਲੋਂ ਭਾਰਤ ਸਰਕਾਰ ਦੀ ਐਗਰੀਸਟੈਕ ਪਹਿਲਕਦਮੀ ਤਹਿਤ ਕਿਸਾਨਾਂ ਦੀ ਫਾਰਮਰ ਆਈ.ਡੀ. (ਕਿਸਾਨ ਪਛਾਣ ਪੱਤਰ) ਤਿਆਰ ਕੀਤੀ ਜਾ ਰਹੀ ਹੈ। ਜ਼ਿਲ੍ਹਾ ਕੁਰੂਕਸ਼ੇਤਰ ਦੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਲਦ ਤੋਂ ਜਲਦ ਆਪਣੀ ਫਾਰਮਰ ਆਈ.ਡੀ. ਬਣਵਾਉਣ ਤਾਂ ਜੋ ਕੇਂਦਰ ਅਤੇ ਹਰਿਆਣਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ–ਵੱਖ ਖੇਤੀਬਾੜੀ ਅਤੇ ਕਿਸਾਨ ਭਲਾਈ ਯੋਜਨਾਵਾਂ ਦਾ ਲਾਭ ਲੈਣ ਵਿੱਚ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ।
ਡਿਪਟੀ ਡਾਇਰੈਕਟਰ ਡਾ. ਗਿਰੀਸ਼ ਨਾਗਪਾਲ ਨੇ ਕਿਹਾ ਕਿ ਫਾਰਮਰ ਆਈ.ਡੀ. ਕਿਸਾਨ ਦੀ ਵਿਸ਼ੇਸ਼ ਡਿਜ਼ੀਟਲ ਪਛਾਣ ਵਜੋਂ ਕੰਮ ਕਰੇਗੀ। ਇਸ ਨਾਲ ਕਿਸਾਨ ਦੀ ਖੇਤੀਬਾੜੀ, ਜ਼ਮੀਨ ਅਤੇ ਹੋਰ ਸਬੰਧਤ ਜਾਣਕਾਰੀ ਨੂੰ ਇਕੱਠੇ ਅਤੇ ਤਸਦੀਕਸ਼ੁਦਾ ਰੂਪ ਵਿੱਚ ਉਪਲਬਧ ਕਰਵਾਉਣ ਵਿੱਚ ਮਦਦ ਮਿਲੇਗੀ। ਫਾਰਮਰ ਆਈ.ਡੀ. ਰਾਹੀਂ ਵੱਖ–ਵੱਖ ਸਰਕਾਰੀ ਯੋਜਨਾਵਾਂ ਅਤੇ ਡਿਜ਼ੀਟਲ ਖੇਤੀਬਾੜੀ ਸੇਵਾਵਾਂ ਦਾ ਲਾਭ ਯੋਗ ਕਿਸਾਨਾਂ ਤੱਕ ਵਧੇਰੇ ਸੁਗਮ, ਪਾਰਦਰਸ਼ੀ ਅਤੇ ਸਮੇਂ ਸਿਰ ਪਹੁੰਚਾਉਣ ਵਿੱਚ ਸਹਾਇਤਾ ਮਿਲੇਗੀ। ਉਨ੍ਹਾਂ ਦੱਸਿਆ ਕਿ ਕੇਂਦਰ ਅਤੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤ ਵਿੱਚ ਕਈ ਯੋਜਨਾਵਾਂ ਅਤੇ ਪ੍ਰੋਗਰਾਮ ਚਲਾਏ ਜਾ ਰਹੇ ਹਨ। ਇਨ੍ਹਾਂ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਫਸਲਾਂ ਦੀ ਰਹਿੰਦ–ਖੂੰਹਦ ਪ੍ਰਬੰਧਨ, ਝੋਨੇ ਦੀ ਸਿੱਧੀ ਬਿਜਾਈ, ਮੇਰੀ ਫਸਲ ਮੇਰਾ ਬਿਓਰਾ ਸਮੇਤ ਹੋਰ ਖੇਤੀਬਾੜੀ ਅਤੇ ਕਿਸਾਨ ਭਲਾਈ ਯੋਜਨਾਵਾਂ ਸ਼ਾਮਲ ਹਨ। ਇਨ੍ਹਾਂ ਯੋਜਨਾਵਾਂ ਦਾ ਲਾਭ ਲੈਣ ਲਈ ਕਿਸਾਨ ਦੀ ਪਛਾਣ, ਜ਼ਮੀਨ ਅਤੇ ਹੋਰ ਸਬੰਧਤ ਵੇਰਵਿਆਂ ਦੀ ਤਸਦੀਕ ਜ਼ਰੂਰੀ ਹੁੰਦੀ ਹੈ। ਸਬੰਧਤ ਯੋਜਨਾ ਦੇ ਦਿਸ਼ਾ–ਨਿਰਦੇਸ਼ਾਂ ਅਨੁਸਾਰ ਫਾਰਮਰ ਆਈ.ਡੀ. ਦੀ ਲੋੜ ਅਤੇ ਵਰਤੋਂ ਨਿਰਧਾਰਤ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫਾਰਮਰ ਆਈ.ਡੀ. ਅਤੇ ਖੇਤੀਬਾੜੀ ਵਿਭਾਗ ਦੀਆਂ ਵੱਖ–ਵੱਖ ਯੋਜਨਾਵਾਂ ਸਬੰਧੀ ਜਾਗਰੂਕ ਕਰਨ ਲਈ ਵਿਭਾਗ ਵੱਲੋਂ ਪਿੰਡ ਪੱਧਰ ’ਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਵਿੱਚ ਖੇਤੀਬਾੜੀ ਵਿਕਾਸ ਅਧਿਕਾਰੀ ਅਤੇ ਖੇਤੀਬਾੜੀ ਵਿਭਾਗ ਦੇ ਸੁਪਰਵਾਈਜ਼ਰ ਕਿਸਾਨਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ–ਵੱਖ ਖੇਤੀਬਾੜੀ ਅਤੇ ਕਿਸਾਨ ਭਲਾਈ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦੇ ਰਹੇ ਹਨ। ਇਸ ਦੇ ਨਾਲ ਹੀ ਕਿਸਾਨਾਂ ਨੂੰ ਫਾਰਮਰ ਆਈ.ਡੀ. ਬਣਵਾਉਣ ਦੀ ਪ੍ਰਕਿਰਿਆ, ਇਸ ਦੀ ਮਹੱਤਤਾ ਅਤੇ ਲਾਭਾਂ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਮੌਕੇ ’ਤੇ ਹੀ ਫਾਰਮਰ ਆਈ.ਡੀ. ਬਣਾਉਣ ਲਈ ਲੋੜੀਂਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਫਾਰਮਰ ਆਈ.ਡੀ. ਬਣਵਾਉਣ ਵਿੱਚ ਦੇਰੀ ਨਾ ਕਰਨ। ਸਾਰੇ ਕਿਸਾਨ ਇਨ੍ਹਾਂ ਜਾਗਰੂਕਤਾ ਕੈਂਪਾਂ ਦਾ ਲਾਭ ਉਠਾਉਣ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਹਿਯੋਗ ਕਰਦਿਆਂ ਆਪਣੀ ਫਾਰਮਰ ਆਈ.ਡੀ. ਜਲਦ ਬਣਵਾਉਣ।
ਡਾ. ਨਾਗਪਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਫਾਰਮਰ ਆਈ.ਡੀ. ਬਣਵਾਉਂਦੇ ਸਮੇਂ ਆਪਣਾ ਆਧਾਰ ਕਾਰਡ, ਮੋਬਾਈਲ ਨੰਬਰ ਅਤੇ ਜ਼ਮੀਨ ਨਾਲ ਸਬੰਧਤ ਲੋੜੀਂਦੇ ਦਸਤਾਵੇਜ਼/ਵੇਰਵੇ ਨਾਲ ਲੈ ਕੇ ਆਉਣ ਅਤੇ ਸਹੀ ਤੇ ਅਪਡੇਟ ਜਾਣਕਾਰੀ ਮੁਹੱਈਆ ਕਰਵਾਉਣ। ਕਿਸਾਨ ਆਪਣੇ ਪਿੰਡ ਵਿੱਚ ਲਗਾਏ ਜਾ ਰਹੇ ਜਾਗਰੂਕਤਾ ਕੈਂਪ ਜਾਂ ਨਜ਼ਦੀਕੀ ਖੇਤੀਬਾੜੀ ਵਿਭਾਗ ਦੇ ਦਫ਼ਤਰ ਅਤੇ ਅਧਿਕਾਰਤ ਸੁਵਿਧਾ ਕੇਂਦਰ ਨਾਲ ਸੰਪਰਕ ਕਰਕੇ ਫਾਰਮਰ ਆਈ.ਡੀ. ਬਣਾਉਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਲੈ ਸਕਦੇ ਹਨ। ਜਿਨ੍ਹਾਂ ਕਿਸਾਨਾਂ ਦੀ ਫਾਰਮਰ ਆਈ.ਡੀ. ਅਜੇ ਲੰਬਿਤ ਹੈ, ਉਹ ਪਿੰਡ ਪੱਧਰ ’ਤੇ ਲਗਾਏ ਜਾ ਰਹੇ ਜਾਗਰੂਕਤਾ ਕੈਂਪਾਂ ਵਿੱਚ ਹਿੱਸਾ ਲੈ ਕੇ ਖੇਤੀਬਾੜੀ ਵਿਭਾਗ ਦੇ ਕਰਮਚਾਰੀਆਂ ਤੋਂ ਸਹਿਯੋਗ ਲੈਣ। ਕਿਸਾਨਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਵਿੱਚ ਫਾਰਮਰ ਆਈ.ਡੀ. ਬਣਾਉਣ ਦਾ ਕੰਮ ਜਲਦ ਪੂਰਾ ਕੀਤਾ ਜਾ ਸਕੇਗਾ ਅਤੇ ਯੋਗ ਕਿਸਾਨਾਂ ਨੂੰ ਕੇਂਦਰ ਤੇ ਹਰਿਆਣਾ ਸਰਕਾਰ ਦੀਆਂ ਵੱਖ–ਵੱਖ ਖੇਤੀਬਾੜੀ ਅਤੇ ਕਿਸਾਨ ਭਲਾਈ ਯੋਜਨਾਵਾਂ ਦਾ ਲਾਭ ਲੈਣ ਵਿੱਚ ਸਹੂਲਤ ਮਿਲੇਗੀ।
ਉਨ੍ਹਾਂ ਕਿਹਾ ਕਿ ਫਾਰਮਰ ਆਈ.ਡੀ. ਨਾਲ ਕਿਸਾਨਾਂ ਨੂੰ ਕਈ ਲਾਭ ਹੋਣਗੇ। ਇਸ ਨਾਲ ਕਿਸਾਨ ਦੀ ਇਕੱਠੀ ਅਤੇ ਵਿਸ਼ੇਸ਼ ਡਿਜ਼ੀਟਲ ਪਛਾਣ ਤਿਆਰ ਹੋਵੇਗੀ, ਖੇਤੀਬਾੜੀ ਵਿਭਾਗ ਦੀਆਂ ਵੱਖ–ਵੱਖ ਯੋਜਨਾਵਾਂ ਵਿੱਚ ਕਿਸਾਨ ਦੇ ਵੇਰਵਿਆਂ ਦੀ ਤਸਦੀਕ ਆਸਾਨ ਹੋਵੇਗੀ ਅਤੇ ਯੋਗ ਕਿਸਾਨਾਂ ਨੂੰ ਕੇਂਦਰ ਤੇ ਰਾਜ ਸਰਕਾਰ ਦੀਆਂ ਖੇਤੀਬਾੜੀ ਯੋਜਨਾਵਾਂ ਦਾ ਲਾਭ ਲੈਣ ਵਿੱਚ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਕਿਸਾਨ ਦੀ ਜ਼ਮੀਨ ਅਤੇ ਖੇਤੀਬਾੜੀ ਨਾਲ ਸਬੰਧਤ ਜਾਣਕਾਰੀ ਨੂੰ ਵੱਖ–ਵੱਖ ਯੋਜਨਾਵਾਂ ਨਾਲ ਜੋੜਨ ਵਿੱਚ ਮਦਦ ਮਿਲੇਗੀ ਅਤੇ ਯੋਜਨਾਵਾਂ ਲਈ ਅਰਜ਼ੀ ਦੇਣ ਤੇ ਲਾਭ ਵੰਡਣ ਦੀ ਪ੍ਰਕਿਰਿਆ ਹੋਰ ਪਾਰਦਰਸ਼ੀ ਅਤੇ ਸੁਗਮ ਬਣੇਗੀ। ਭਵਿੱਖ ਵਿੱਚ ਉਪਲਬਧ ਹੋਣ ਵਾਲੀਆਂ ਡਿਜ਼ੀਟਲ ਖੇਤੀਬਾੜੀ ਸੇਵਾਵਾਂ ਅਤੇ ਕਿਸਾਨ–ਕੇਂਦਰਿਤ ਯੋਜਨਾਵਾਂ ਦਾ ਲਾਭ ਲੈਣ ਵਿੱਚ ਵੀ ਫਾਰਮਰ ਆਈ.ਡੀ. ਮਹੱਤਵਪੂਰਨ ਭੂਮਿਕਾ ਨਿਭਾਏਗੀ।
