ਪੰਚਕੂਲਾ, 11 ਨਵੰਬਰ, 2026 (ਸੰਜੀਵ ਸ਼ਰਮਾ) : ਹਰਿਆਣਾ ਸਰਕਾਰ ਨੇ ਸੂਬੇ ਦੇ ਲਗਭਗ 2,000 ਸਰਕਾਰੀ ਮੁਲਾਜ਼ਮਾਂ ਨੂੰ ਵੱਡੀ ਵਿੱਤੀ ਰਾਹਤ ਦੇਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਸਰਕਾਰ ਵੱਲੋਂ ਲੰਬੇ ਸਮੇਂ ਤੋਂ ਚੱਲ ਰਹੀ ਤਨਖਾਹ ਦੀ ਅਸਮਾਨਤਾ ਨੂੰ ਦੂਰ ਕਰਨ ਲਈ ਯੋਗ ਸੀਨੀਅਰ ਕਰਮਚਾਰੀਆਂ ਨੂੰ ਪੇਅ ਸਟੈਪਿੰਗ-ਅੱਪ (Pay Stepping-up) ਦਾ ਲਾਭ ਦਿੱਤਾ ਜਾਵੇਗਾ। ਇਸ ਤਹਿਤ ਜਿਨ੍ਹਾਂ ਸੀਨੀਅਰ ਮੁਲਾਜ਼ਮਾਂ ਦੀ ਤਨਖਾਹ ਉਨ੍ਹਾਂ ਤੋਂ ਬਾਅਦ ਨਿਯੁਕਤ ਹੋਏ ਜੂਨੀਅਰ ਕਰਮਚਾਰੀਆਂ ਨਾਲੋਂ ਘੱਟ ਹੈ, ਉਨ੍ਹਾਂ ਦੀ ਤਨਖਾਹ ਜੂਨੀਅਰਾਂ ਦੇ ਬਰਾਬਰ ਕੀਤੀ ਜਾਵੇਗੀ। ਇਸ ਫ਼ੈਸਲੇ ਦੀ ਅਹਿਮ ਗੱਲ ਇਹ ਹੈ ਕਿ ਯੋਗ ਮੁਲਾਜ਼ਮਾਂ ਲਈ ਸੋਧੀ ਹੋਈ ਤਨਖਾਹ 11 ਮਾਰਚ 2014 ਤੋਂ ਲਾਗੂ ਮੰਨੀ ਜਾਵੇਗੀ। ਇਸ ਦਾ ਮਤਲਬ ਹੈ ਕਿ ਕਰਮਚਾਰੀਆਂ ਨੂੰ ਸਿਰਫ਼ ਭਵਿੱਖ ਵਿੱਚ ਹੀ ਵਧੀ ਹੋਈ ਤਨਖਾਹ ਨਹੀਂ ਮਿਲੇਗੀ, ਸਗੋਂ ਨਿਰਧਾਰਤ ਮਿਤੀ ਤੋਂ ਹੁਣ ਤੱਕ ਦੇ ਬਕਾਏ (Arrears) ਵੀ ਦਿੱਤੇ ਜਾਣਗੇ। ਸਰਕਾਰ ਨੇ ਬਕਾਇਆ ਰਾਸ਼ੀ ਦੀ ਅਦਾਇਗੀ ਲਈ ਛੇ ਮਹੀਨਿਆਂ ਦੀ ਸਮਾਂ-ਸੀਮਾ ਤੈਅ ਕੀਤੀ ਹੈ।
ਸਰਕਾਰੀ ਵਿਭਾਗਾਂ ਵਿੱਚ ਕਈ ਵਾਰ ਅਜਿਹੀ ਸਥਿਤੀ ਬਣ ਜਾਂਦੀ ਹੈ ਕਿ ਪਹਿਲਾਂ ਨਿਯੁਕਤ ਹੋਣ ਅਤੇ ਸੀਨੀਅਰ ਹੋਣ ਦੇ ਬਾਵਜੂਦ ਕਿਸੇ ਕਰਮਚਾਰੀ ਦੀ ਤਨਖਾਹ ਉਸ ਤੋਂ ਬਾਅਦ ਭਰਤੀ ਹੋਏ ਜੂਨੀਅਰ ਮੁਲਾਜ਼ਮ ਨਾਲੋਂ ਘੱਟ ਰਹਿ ਜਾਂਦੀ ਹੈ। ਇਸ ਦਾ ਕਾਰਨ ਤਰੱਕੀ, ਸਾਲਾਨਾ ਤਨਖਾਹ ਵਾਧੇ ਜਾਂ ਸਮੇਂ-ਸਮੇਂ ’ਤੇ ਲਾਗੂ ਹੋਣ ਵਾਲੇ ਤਨਖਾਹ ਸਕੇਲਾਂ ਵਿੱਚ ਅੰਤਰ ਹੋ ਸਕਦਾ ਹੈ। ਇਸ ਕਾਰਨ ਸੀਨੀਅਰ ਕਰਮਚਾਰੀਆਂ ਨੂੰ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ। ਹੁਣ ਸਰਕਾਰ ਦੇ ਇਸ ਫ਼ੈਸਲੇ ਨਾਲ ਅਜਿਹੀ ਤਨਖਾਹ ਅਸਮਾਨਤਾ ਦਾ ਸਾਹਮਣਾ ਕਰ ਰਹੇ ਯੋਗ ਕਰਮਚਾਰੀਆਂ ਨੂੰ ਰਾਹਤ ਮਿਲੇਗੀ। ਪੇਅ ਸਟੈਪਿੰਗ-ਅੱਪ ਦੀ ਪ੍ਰਕਿਰਿਆ ਰਾਹੀਂ ਉਨ੍ਹਾਂ ਦੀ ਤਨਖਾਹ ਨਿਰਧਾਰਤ ਨਿਯਮਾਂ ਅਨੁਸਾਰ ਜੂਨੀਅਰ ਕਰਮਚਾਰੀਆਂ ਦੇ ਬਰਾਬਰ ਕੀਤੀ ਜਾਵੇਗੀ। ਇਸ ਫ਼ੈਸਲੇ ਦਾ ਲਾਭ ਸਿਰਫ਼ ਮੌਜੂਦਾ ਸਮੇਂ ਸੇਵਾ ਨਿਭਾ ਰਹੇ ਮੁਲਾਜ਼ਮਾਂ ਤੱਕ ਹੀ ਸੀਮਤ ਨਹੀਂ ਰਹੇਗਾ, ਸਗੋਂ ਇਸ ਤੋਂ ਪਹਿਲਾਂ ਦਿਹਾਂਤ ਕਰ ਚੁੱਕੇ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਵੀ ਰਾਹਤ ਮਿਲੇਗੀ। ਅਜਿਹੇ ਮਾਮਲਿਆਂ ਵਿੱਚ ਸਬੰਧਤ ਕਰਮਚਾਰੀ ਨੂੰ ਕਾਗਜ਼ੀ ਤੌਰ ’ਤੇ (Notional Basis) ਪੇਅ ਸਟੈਪਿੰਗ-ਅੱਪ ਦਾ ਲਾਭ ਦਿੱਤਾ ਜਾਵੇਗਾ, ਜਿਸ ਦੇ ਆਧਾਰ ’ਤੇ ਯੋਗ ਬਕਾਇਆ ਲਾਭਾਂ ਦੀ ਗਣਨਾ ਕੀਤੀ ਜਾ ਸਕੇਗੀ। ਸਰਕਾਰ ਵੱਲੋਂ ਛੇ ਮਹੀਨਿਆਂ ਵਿੱਚ ਬਕਾਇਆ ਅਦਾਇਗੀਆਂ ਪੂਰੀਆਂ ਕਰਨ ਦੀ ਸਮਾਂ-ਸੀਮਾ ਤੈਅ ਕੀਤੇ ਜਾਣ ਨਾਲ ਲੰਬੇ ਸਮੇਂ ਤੋਂ ਤਨਖਾਹੀ ਅਸਮਾਨਤਾ ਦਾ ਸਾਹਮਣਾ ਕਰ ਰਹੇ ਹਜ਼ਾਰਾਂ ਪਰਿਵਾਰਾਂ ਨੂੰ ਵਿੱਤੀ ਰਾਹਤ ਮਿਲਣ ਦੀ ਉਮੀਦ ਹੈ।






