ਲੁਧਿਆਣਾ, 19 ਸਤੰਬਰ 2026 (ਹਰਸ਼ਪ੍ਰੀਤ ਕੌਰ) : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਸ਼ੂ ਪਾਲਣ ਕਿੱਤਿਆਂ ਵਿੱਚ ਨਿਵੇਕਲੀ ਕਾਰਗੁਜ਼ਾਰੀ ਵਿਖਾਉਣ ਵਾਲੇ ਅਗਾਂਹਵਧੂ ਕਿਸਾਨਾਂ ਨੂੰ ਮੁੱਖ ਮੰਤਰੀ ਪੁਰਸਕਾਰ ਪ੍ਰਦਾਨ ਕੀਤੇ ਗਏ।ਇਹ ਪੁਰਸਕਾਰ ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਨੇ ਆਪਣੇ ਕਰ ਕਮਲਾਂ ਨਾਲ ਦੇ ਕੇ ਕਿਸਾਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਤੇ ਉਹਨਾਂ ਦੇ ਨਾਲ ਸ. ਗੁਰਮੀਤ ਸਿੰਘ ਖੁੱਡੀਆਂ, ਐਮ. ਐਲ. ਏ ਸਾਹਿਬਾਨ ਅਤੇ ਪਤਵੰਤੇ ਅਧਿਕਾਰੀ ਮੌਜੂਦ ਸਨ। ਸ. ਸੁਖਜੀਤ ਪਾਲ ਸਿੰਘ, ਰਜਿਸਟਰਾਰ ਅਤੇ ਕਾਰਜਕਾਰੀ ਉਪ-ਕੁਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਡਾ. ਜਤਿੰਦਰ ਪਾਲ ਸਿੰਘ ਗਿੱਲ ਉਪ ਕੁਲਪਤੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੀ ਮੌਜੂਦਗੀ ਵਿੱਚ ਇਹ ਸਨਮਾਨ ਰਸਮ ਨਿਭਾਈ ਗਈ।
ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪੁਰਸਕਾਰਾਂ ਬਾਰੇ ਦੱਸਦਿਆਂ ਕਿਹਾ ਕਿ ਪਸ਼ੂ ਪਾਲਣ ਕਿੱਤਿਆਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਸਮੂਹ ਕਿਸਾਨਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਪ੍ਰਾਪਤ ਹੋਈਆਂ ਅਰਜ਼ੀਆਂ ਦੀ ਮੁਢਲੀ ਜਾਂਚ ਪੜਤਾਲ ਤੋਂ ਬਾਅਦ ਯੂਨੀਵਰਸਿਟੀ ਦੇ ਮਾਹਿਰਾਂ ਦੀ ਟੀਮ ਨੇ ਵੱਖ ਵੱਖ ਫਾਰਮਾਂ ਦਾ ਦੌਰਾ ਕੀਤਾ ਅਤੇ ਪਸ਼ੂ ਪਾਲਕਾਂ ਵੱਲੋਂ ਅਪਣਾਈਆਂ ਜਾਣ ਵਾਲੀਆਂ ਨਵੀਨਤਮ ਤੇ ਆਪਣੇ ਤੌਰ `ਤੇ ਵਿਕਸਿਤ ਤਕਨੀਕਾਂ ਦਾ ਬਾਰੀਕੀ ਨਾਲ ਮੁਆਇਨਾ ਕਰਨ ਉਪਰੰਤ ਇਹ ਸਨਮਾਨ ਘੋਸ਼ਿਤ ਕੀਤੇ ਗਏ ਸਨ।
ਜ਼ਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੌਂਤਰਾ ਦੇ ਵਸਨੀਕ ਸ. ਬਲਵਿੰਦਰ ਸਿੰਘ ਸਪੁੱਤਰ ਸ੍ਰੀ ਸੁਰਜੀਤ ਸਿੰਘ ਨੂੰ `ਗਾਂ ਪਾਲਕ` ਸ਼੍ਰੇਣੀ ਵਿੱਚ ਸਨਮਾਨਿਤ ਕੀਤਾ ਗਿਆ। ਉਹ ਇੱਕ ਵਧੀਆ ਢੰਗ ਨਾਲ ਕਾਰਜਸ਼ੀਲ ਡੇਅਰੀ ਫਾਰਮ ਚਲਾਉਂਦੇ ਹਨ ਜਿਸ ਵਿੱਚ ਆਧੁਨਿਕ ਮਸ਼ੀਨੀਕਰਨ, ਨਸਲ ਸੁਧਾਰ ਪ੍ਰੋਗਰਾਮ ਅਤੇ ਰਿਕਾਰਡ ਰੱਖਣ ਦੀ ਪ੍ਰਣਾਲੀ ਸ਼ਾਮਲ ਹੈ। ਉਨ੍ਹਾਂ ਦੇ ਫਾਰਮ ਵਿੱਚ ਲਗਭਗ 90 ਗਾਵਾਂ, ਵੱਛੀਆਂ ਅਤੇ ਉੱਚ ਨਸਲ ਦੇ ਪਸ਼ੂ ਹਨ, ਜਿਨ੍ਹਾਂ ਤੋਂ ਰੋਜ਼ਾਨਾ ਲਗਭਗ 12 ਕੁਇੰਟਲ ਦੁੱਧ ਦਾ ਉਤਪਾਦਨ ਹੁੰਦਾ ਹੈ। ਫਾਰਮ ਵਿੱਚ ਦੁੱਧ ਚੁਆਈ ਲਈ ਇੱਕ ਆਧੁਨਿਕ `ਮਿਲਕਿੰਗ ਪਾਰਲਰ` ਮੌਜੂਦ ਹੈ ਤਾਂ ਜੋ ਘੱਟ ਤੋਂ ਘੱਟ ਮਨੁੱਖੀ ਸੰਪਰਕ ਨਾਲ ਮਿਆਰੀ ਦੁੱਧ ਦਾ ਉਤਪਾਦਨ ਯਕੀਨੀ ਬਣਾਇਆ ਜਾ ਸਕੇ।
ਜ਼ਿ਼ਲ੍ਹਾ ਸੰਗਰੂਰ ਦੇ ਵਸਨੀਕ ਸ੍ਰੀ ਰਾਜੇਸ਼ ਗਰਗ ਸਪੁੱਤਰ ਸ੍ਰੀ ਚਮਨ ਲਾਲ ਨੂੰ `ਨਵੀਨਕਾਰੀ ਮੁਰਗੀ ਪਾਲਕ` ਸ਼੍ਰੇਣੀ ਵਿੱਚ ਸਨਮਾਨ ਪ੍ਰਦਾਨ ਕੀਤਾ ਗਿਆ। ਉਨ੍ਹਾਂ ਦਾ ਪੋਲਟਰੀ ਫਾਰਮ 15 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਵਿੱਚ ਵਾਤਾਵਰਣ-ਨਿਯੰਤਰਿਤ ਸ਼ੈੱਡਾਂ ਅੰਦਰ 4.50 ਲੱਖ ਆਂਡੇ ਦੇਣ ਵਾਲੀਆਂ ਮੁਰਗੀਆਂ ਅਤੇ 2 ਲੱਖ ਚੂਚੇ ਤੇ ਪਾਲੇ ਜਾ ਰਹੇ ਪੰਛੀ ਮੌਜੂਦ ਹਨ। ਵਾਤਾਵਰਣ-ਪੱਖੀ ਰਹਿੰਦ-ਖੂੰਹਦ ਪ੍ਰਬੰਧਨ ਤਕਨੀਕ ਨੂੰ ਅਪਣਾਉਣ ਲਈ ਉਨ੍ਹਾਂ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਮਾਨਤਾ ਦਿੱਤੀ ਗਈ ਹੈ। ਉਹ ਨੇੜਲੇ ਹਸਪਤਾਲ ਵਿੱਚ ਮਰੀਜ਼ਾਂ ਨੂੰ ਸਹਾਇਤਾ ਪ੍ਰਦਾਨ ਕਰਕੇ ਸਮਾਜ ਦੀ ਸੇਵਾ ਵੀ ਕਰ ਰਹੇ ਹਨ।
ਪਸ਼ੂ ਉਤਪਾਦਾਂ ਦੇ ਗੁਣਵੱਤਾ ਭਰਪੂਰ ਉਤਪਾਦ ਬਣਾਉਣ ਦੀ ਸ਼੍ਰੇਣੀ ਵਿੱਚ, ਜ਼ਿ਼ਲ੍ਹਾ ਤਰਨ ਤਾਰਨ ਦੇ ਪਿੰਡ ਹਰੀਕੇ ਦੇ ਵਸਨੀਕ ਸ. ਜਰਨੈਲ ਸਿੰਘ ਸਪੁੱਤਰ ਸ. ਜਸਵੰਤ ਸਿੰਘ ਨੂੰ ਇਹ ਪੁਰਸਕਾਰ ਹਾਸਿਲ ਕੀਤਾ। ਉਹ ਲਗਭਗ 50,000 ਲੀਟਰ ਦੁੱਧ ਦੀ ਸਮਰੱਥਾ ਵਾਲਾ ਦੁੱਧ ਪ੍ਰੋਸੈਸਿੰਗ ਯੂਨਿਟ ਚਲਾ ਰਹੇ ਹਨ। ਉਹ ਦੁੱਧ ਦੀ ਪ੍ਰੋਸੈਸਿੰਗ ਅਤੇ ਗੁਣਵੱਤਾ ਭਰਪੂਰ ਉਤਪਾਦ ਤੇ ਮਿਠਾਈਆਂ ਤਿਆਰ ਕਰਨ ਲਈ ਵਿਗਿਆਨਕ ਤਰੀਕਿਆਂ ਦੀ ਵਰਤੋਂ ਕਰਦੇ ਹਨ, ਅਤੇ ਨਾਲ ਹੀ ਸਹਾਇਕ ਉਤਪਾਦਾਂ ਦੀ ਵਿਕਰੀ ਵੀ ਕਰਦੇ ਹਨ।
ਇਸ ਮੌਕੇ ਸ਼੍ਰੀ ਮਨਦੀਪ ਸਿੰਘ ਖੱਟੜਾ ਅਗਾਂਹਵਧੂ ਕਿਸਾਨ ਅਤੇ ਫੀਡ ਮਿਲਰ ਨੂੰ ਵੀ ਪਸ਼ੂ ਪਾਲਣ ਖੇਤਰ ਵਿੱਚ ਉਨ੍ਹਾਂ ਦੀਆਂ ਵਿਸ਼ੇਸ਼ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਸ਼੍ਰੀ ਜਯੋਤੀ ਸਰੂਪ, ਉਨਤੀ ਕੋਆਪਰੇਟਿਵ ਨੂੰ ਵੀ ਸਨਮਾਨ ਦਿੱਤਾ ਗਿਆ। ਡਾ. ਗਰੇਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਪੁਰਸਕਾਰ ਵਿਚ ਨਗਦ ਇਨਾਮ ਤੋਂ ਇਲਾਵਾ ਸਨਮਾਨ ਪੱਤਰ, ਸ਼ਾਲ ਅਤੇ ਸਜਾਵਟੀ ਤਖਤੀ ਦੇ ਕੇ ਸਨਮਾਨਿਆ ਜਾਂਦਾ ਹੈ। ਨਗਦ ਇਨਾਮ ਗਾਂਵਾਂ ਪਾਲਣ ਦੀ ਸ਼੍ਰੇਣੀ ਵਿੱਚ 21000/- ਮੁਰਗੀ ਪਾਲਣ ਵਿੱਚ 11000/- ਅਤੇ ਗੁਣਵੱਤਾ ਭਰਪੂਰ ਉਤਪਾਦ ਦੀ ਸ਼੍ਰਣੀ ਵਿੱਚ ਵੀ 11000/- ਰੁ: ਹੈ।







