ਰਾਏਕੋਟ, 23 ਜੁਲਾਈ, 2026 (ਮਨੋਜ ਵਰਮਾ): ਪੰਜਾਬ ਵਿੱਚ ਅਪਰਾਧਿਕ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਰਾਏਕੋਟ ਦੇ ਹੀਰਾ ਸਿੰਘ ਰੋਡ ‘ਤੇ ਸਥਿਤ ਚੋਪੜਾ ਆਯੁਰਵੇਦਿਕ ਸੈਂਟਰ ਵਿੱਚ ਕੁਝ ਵਿਅਕਤੀਆਂ ਨੇ ਮਰੀਜ਼ ਬਣ ਕੇ ਦਾਖਲ ਹੋ ਕੇ ਡਾਕਟਰ ਨੂੰ ਬੰਦੀ ਬਣਾ ਲਿਆ ਅਤੇ ਹਥਿਆਰ ਦਿਖਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਜਾਣਕਾਰੀ ਅਨੁਸਾਰ, ਘਟਨਾ ਸਵੇਰੇ ਕਰੀਬ 7 ਵਜੇ ਦੀ ਹੈ, ਜਦੋਂ ਇੱਕ ਵਿਅਕਤੀ ਕਲੀਨਿਕ ਵਿੱਚ ਆਇਆ ਅਤੇ ਗੁਲੂਕੋਜ਼ ਲਗਾਉਣ ਦੀ ਗੱਲ ਕਹੀ। ਡਾਕਟਰ ਵਿਜੇ ਕੁਮਾਰ ਚੋਪੜਾ ਮੁਤਾਬਕ, ਇਸ ਤੋਂ ਬਾਅਦ ਉਸ ਦੇ ਪੰਜ ਹੋਰ ਸਾਥੀ ਵੀ ਕਲੀਨਿਕ ਵਿੱਚ ਦਾਖਲ ਹੋ ਗਏ ਅਤੇ ਉਨ੍ਹਾਂ ਨੇ ਡਾਕਟਰ ਨਾਲ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ।
ਡਾਕਟਰ ਨੇ ਦੱਸਿਆ ਕਿ ਹਮਲਾਵਰ ਉਸ ਨੂੰ ਇੱਕ ਕਮਰੇ ਵਿੱਚ ਲੈ ਗਏ ਅਤੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇੱਕ ਵਿਅਕਤੀ ਨੇ ਪਿਸਤੌਲ ਦਿਖਾ ਕੇ ਨਕਦੀ ਦੀ ਮੰਗ ਕੀਤੀ। ਲੁਟੇਰਿਆਂ ਨੇ ਕਲੀਨਿਕ ਦੀ ਦਰਾਜ ਵਿੱਚੋਂ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਅਤੇ ਡਾਕਟਰ ਦਾ ਪਰਸ ਲੈ ਲਿਆ।
ਵਾਰਦਾਤ ਤੋਂ ਬਾਅਦ ਮੁਲਜ਼ਮ ਡਾਕਟਰ ਦੇ ਘਰ ਪਹੁੰਚੇ, ਜਿੱਥੇ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨਾਲ ਵੀ ਧੱਕਾ-ਮੁੱਕੀ ਕੀਤੀ ਅਤੇ ਫਿਰ ਮੌਕੇ ਤੋਂ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਆਪਣਾ ਮੋਟਰਸਾਈਕਲ ਘਟਨਾ ਸਥਾਨ ‘ਤੇ ਛੱਡ ਗਏ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਰਾਏਕੋਟ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਇਲਾਕੇ ਅਤੇ ਕਲੀਨਿਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਪਛਾਣ ਕਰਕੇ ਜਲਦ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
