Home ਪੰਜਾਬ ਲੁਧਿਆਣਾ ‘ਚ ਸੜਕ ਧੱਸੀ, ਮਕਾਨ ਖਾਲੀ ਕਰਵਾਇਆ

ਲੁਧਿਆਣਾ ‘ਚ ਸੜਕ ਧੱਸੀ, ਮਕਾਨ ਖਾਲੀ ਕਰਵਾਇਆ

A major road cave-in in Ludhiana's Kitchlu Nagar led to house evacuation and traffic diversions as officials began an investigation.

0

ਲੁਧਿਆਣਾ, 7 ਅਗਸਤ, 2026 (ਹਰਸ਼ਪ੍ਰੀਤ ਕੌਰ) : ਲੁਧਿਆਣਾ ਦੇ ਕਿਚਲੂ ਨਗਰ ਇਲਾਕੇ ਵਿੱਚ ਬੁੱਧਵਾਰ ਨੂੰ ਸੜਕ ਦਾ ਵੱਡਾ ਹਿੱਸਾ ਅਚਾਨਕ ਧੱਸ ਜਾਣ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਕਈ ਫੁੱਟ ਡੂੰਘਾ ਖੱਡਾ ਬਣਨ ਤੋਂ ਬਾਅਦ ਪ੍ਰਸ਼ਾਸਨ ਨੇ ਨੇੜਲੇ ਇੱਕ ਮਕਾਨ ਨੂੰ ਤੁਰੰਤ ਖਾਲੀ ਕਰਵਾ ਦਿੱਤਾ ਅਤੇ ਸੜਕ ‘ਤੇ ਆਵਾਜਾਈ ਪੂਰੀ ਤਰ੍ਹਾਂ ਰੋਕ ਦਿੱਤੀ ਗਈ।

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਓਜਸਵੀ ਅਲੰਕਾਰ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਸੜਕ ਧੱਸਣ ਦੇ ਕਾਰਨਾਂ ਦੀ ਜਾਂਚ ਲਈ ਤਕਨੀਕੀ ਟੀਮਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁੱਢਲੀ ਜਾਂਚ ਵਿੱਚ ਇੰਜੀਨੀਅਰਾਂ ਨੇ ਸੰਭਾਵਨਾ ਜਤਾਈ ਹੈ ਕਿ ਸੀਵਰੇਜ ਲਾਈਨ ਦੇ ਨੇੜੇ ਪਾਈਆਂ ਗਈਆਂ ਆਪਟੀਕਲ ਫਾਈਬਰ ਕੇਬਲਾਂ ਕਾਰਨ ਨੁਕਸਾਨ ਹੋਇਆ ਹੋ ਸਕਦਾ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਕਾਰਨ ਮੈਨਹੋਲ ਨੂੰ ਨੁਕਸਾਨ ਪਹੁੰਚਿਆ ਹੋਵੇਗਾ, ਜਿਸ ਨਾਲ ਪਾਣੀ ਦੀ ਲੀਕੇਜ ਸ਼ੁਰੂ ਹੋਈ ਅਤੇ ਮਿੱਟੀ ਖਿਸਕਣ ਕਾਰਨ ਸੜਕ ਧੱਸ ਗਈ।

ਨਗਰ ਨਿਗਮ ਕਮਿਸ਼ਨਰ ਨੇ ਕਿਹਾ ਕਿ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੇਬਲ ਕਦੋਂ ਅਤੇ ਕਿਸ ਵੱਲੋਂ ਪਾਈ ਗਈ ਸੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੀ ਲਾਪਰਵਾਹੀ ਕਾਰਨ ਨਗਰ ਨਿਗਮ ਦੀ ਮੁੱਖ ਲਾਈਨ ਨੂੰ ਨੁਕਸਾਨ ਪਹੁੰਚਿਆ ਹੈ ਤਾਂ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਸੁਰੱਖਿਆ ਦੇ ਮੱਦੇਨਜ਼ਰ ਪ੍ਰਭਾਵਿਤ ਇਲਾਕੇ ਨੂੰ ਅਸੁਰੱਖਿਅਤ ਐਲਾਨ ਦਿੱਤਾ ਗਿਆ ਹੈ ਅਤੇ ਨੇੜਲੇ ਘਰ ਦੇ ਵਸਨੀਕਾਂ ਨੂੰ ਸਾਵਧਾਨੀ ਵਜੋਂ ਬਾਹਰ ਕੱਢਿਆ ਗਿਆ ਹੈ।

ਉੱਧਰ, ਟ੍ਰੈਫਿਕ ਪੁਲਿਸ ਨੇ ਮੌਕੇ ‘ਤੇ ਬੈਰੀਕੇਡ ਲਗਾ ਕੇ ਆਵਾਜਾਈ ਨੂੰ ਦੂਜੇ ਰਸਤਿਆਂ ਵੱਲ ਮੋੜ ਦਿੱਤਾ ਹੈ। ਏਡੀਸੀਪੀ ਟ੍ਰੈਫਿਕ ਗੁਰਪ੍ਰੀਤ ਕੌਰ ਪਿਓਰਵਾਲ ਨੇ ਦੱਸਿਆ ਕਿ ਰਾਜਪੁਰਾ ਚੌਕ ਅਤੇ ਪੋਪਲੀ ਸਵੀਟਸ ਨੇੜੇ ਕੱਟ ਤੋਂ ਟ੍ਰੈਫਿਕ ਡਾਇਵਰਟ ਕੀਤਾ ਗਿਆ ਹੈ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ PAU ਗੇਟ ਨੰਬਰ-4 ਤੋਂ ਰਾਜਪੁਰਾ ਚੌਕ ਵਾਲੇ ਰਸਤੇ ਦੀ ਵਰਤੋਂ ਕਰਨ ਤੋਂ ਬਚਣ ਅਤੇ ਹੰਬਰਾਂ ਰੋਡ, ਸਵਾਮੀ ਰੋਡ ਜਾਂ ਠੱਗੂ ਚੌਕ ਵਾਲੇ ਵਿਕਲਪਿਕ ਰਸਤਿਆਂ ਦੀ ਵਰਤੋਂ ਕਰਨ।ਇਸ ਦੌਰਾਨ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਦਕਿ PAU ਥਾਣੇ ਦੀ ਪੁਲਿਸ ਮੌਕੇ ‘ਤੇ ਤਾਇਨਾਤ ਹੈ ਤਾਂ ਜੋ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

 

Exit mobile version