Home ਪਟਿਆਲਾ ਅਪਡੇਟ ਕੁੰਦਨ ਗੋਗੀਆ ਨੇ ਨਿਗਮ ਟੀਮ ਨਾਲ ਵੱਖ-ਵੱਖ ਇਲਾਕਿਆਂ ‘ਚ ਵਿਕਾਸ ਕਾਰਜਾਂ ਦੀ...

ਕੁੰਦਨ ਗੋਗੀਆ ਨੇ ਨਿਗਮ ਟੀਮ ਨਾਲ ਵੱਖ-ਵੱਖ ਇਲਾਕਿਆਂ ‘ਚ ਵਿਕਾਸ ਕਾਰਜਾਂ ਦੀ ਕੀਤੀ ਬਾਰੀਕੀ ਨਾਲ ਚੈਕਿੰਗ

Kundan Gogia inspected ongoing development projects with the municipal team to review progress and ensure quality work.

0
ਪਟਿਆਲਾ 7 ਅਗਸਤ, 2026 (ਦੀਪਕ ਦੱਤਾ) : ਸ਼ਾਹੀ ਸ਼ਹਿਰ ਪਟਿਆਲਾ ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਨੂੰ ਮਿਆਰੀ ਸਹੂਲਤਾਂ ਦੇਣ ਲਈ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਪੂਰੀ ਤਰ੍ਹਾਂ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਹਨ। ਦਫ਼ਤਰੀ ਛੁੱਟੀ ਹੋਣ ਮਗਰੋਂ ਵੀ ਦੇਰ ਸ਼ਾਮ ਤੱਕ ਮੇਅਰ ਸਾਹਿਬ ਨੇ ‘ਆਨ ਡਿਊਟੀ’ ਰਹਿੰਦਿਆਂ ਨਗਰ ਨਿਗਮ ਦੀ ਤਕਨੀਕੀ ਟੀਮ ਨਾਲ ਸ਼ਹਿਰ ਦੇ ਵੱਖ-ਵੱਖ ਵਾਰਡਾਂ ਅਤੇ ਕਲੋਨੀਆਂ ਦਾ ਅਚਾਨਕ ਦੌਰਾ ਕੀਤਾ ਅਤੇ ਉੱਥੇ ਮੁਕੰਮਲ ਹੋਏ ਵੱਖ ਵੱਖ ਵਿਕਾਸ ਕਾਰਜਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਨਗਰ ਨਿਗਮ ਦੇ ਐੱਸ.ਡੀ.ਓ. ਹਰਦੀਪ ਸਿੰਘ ਅਤੇ ਜੇ.ਈ. ਰੋਹਿਤ ਕੁਮਾਰ ਵੀ ਖ਼ਾਸ ਤੌਰ ‘ਤੇ ਮੌਜੂਦ ਸਨ, ਜਿਨ੍ਹਾਂ ਨੇ ਮੇਅਰ ਨੂੰ ਕੰਮਾਂ ਦੀ ਤਕਨੀਕੀ ਗੁਣਵੱਤਾ ਅਤੇ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ।
ਦੱਸ ਦੇਈਏ ਕਿ ਨਗਰ ਨਿਗਮ ਪਟਿਆਲਾ ਵੱਲੋਂ ਸ਼ਹਿਰ ਦੇ ਵਿਕਾਸ ਅਤੇ ਨਿਗਰਾਨੀ ਲਈ ਚਲਾਏ ਜਾ ਰਹੇ ਅਭਿਆਨ ਤਹਿਤ ਮੇਅਰ ਕੁੰਦਨ ਗੋਗੀਆ ਨੇ ਹੀਰਾ ਬਾਗ, ਬਾਬਾ ਦੀਪ ਸਿੰਘ ਨਗਰ, ਅਰਜਨ ਨਗਰ, ਭਾਰਤ ਨਗਰ, ਸ਼ਕਤੀ ਨਗਰ, ਅਤਰ ਸਿੰਘ ਕਲੋਨੀ, ਸੁਖਰਾਮ ਕਲੋਨੀ ਅਤੇ ਪੁਰਾਣਾ ਬਿਸ਼ਨ ਨਗਰ ਸਮੇਤ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਕੇ ਹੋਏ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ।
ਨਿਰੀਖਣ ਦੌਰਾਨ ਮੇਅਰ ਕੁੰਦਨ ਗੋਗੀਆ ਨੇ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਸਫ਼ਾਈ ਅਤੇ ਗੁਣਵੱਤਾ ਸਬੰਧੀ ਸਖ਼ਤ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਨਿਰਮਾਣ ਕਾਰਜ ਮੁਕੰਮਲ ਹੋਣ ਤੋਂ ਬਾਅਦ ਸੜਕਾਂ, ਗਲੀਆਂ ਜਾਂ ਆਲੇ-ਦੁਆਲੇ ਪਏ ਵੇਸਟ ਮਟੀਰੀਅਲ ਅਤੇ ਇਮਾਰਤੀ ਮਲਬੇ ਨੂੰ ਤੁਰੰਤ ਚੁੱਕਵਾਇਆ ਜਾਵੇ। ਮੇਅਰ ਨੇ ਹਦਾਇਤ ਕੀਤੀ ਕਿ ਜਦੋਂ ਤੱਕ ਮੌਕੇ ‘ਤੇ ਪੂਰੀ ਤਰ੍ਹਾਂ ਸਫ਼ਾਈ ਨਹੀਂ ਹੋ ਜਾਂਦੀ ਅਤੇ ਮਲਬਾ ਨਹੀਂ ਹਟਾਇਆ ਜਾਂਦਾ, ਉਦੋਂ ਤੱਕ ਸਬੰਧਿਤ ਠੇਕੇਦਾਰਾਂ ਦੀ ਪੇਮੈਂਟ ਜਾਰੀ ਨਾ ਕੀਤੀ ਜਾਵੇ।
ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪਟਿਆਲਾ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਬਿਨਾਂ ਕਿਸੇ ਖ਼ੱਜਲ-ਖ਼ੁਆਰੀ ਦੇ ਮਿਲਣਾ ਹੀ ਨਗਰ ਨਿਗਮ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਜਾਂ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਭਵਿੱਖ ਵਿੱਚ ਵੀ ਅਜਿਹੇ ਅਚਾਨਕ ਨਿਰੀਖਣ ਲਗਾਤਾਰ ਜਾਰੀ ਰਹਿਣਗੇ।

Exit mobile version