Homeਪੰਜਾਬਕਾਂਟਰੈਕਟ ਅਧਿਆਪਕਾਂ ਦਾ ਰੋਸ ਵਧਿਆ, ਗੁਰੂ ਕਾਸ਼ੀ ਕੈਂਪਸ ਦਾ ਮੁੱਖ ਗੇਟ ਕੀਤਾ...

ਕਾਂਟਰੈਕਟ ਅਧਿਆਪਕਾਂ ਦਾ ਰੋਸ ਵਧਿਆ, ਗੁਰੂ ਕਾਸ਼ੀ ਕੈਂਪਸ ਦਾ ਮੁੱਖ ਗੇਟ ਕੀਤਾ ਬੰਦ

Contract Teachers Intensify Protest at Guru Kashi Campus Over Pending Demands

ਬਠਿੰਡਾ, 10 ਸਤੰਬਰ, 2026 (ਰਾਜੇਸ਼ ਕੁਮਾਰ) : ਪੰਜਾਬੀ ਯੂਨੀਵਰਸਿਟੀ ਦੇ ਕਾਂਟਰੈਕਟ ਅਧਿਆਪਕਾਂ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਚੱਲ ਰਿਹਾ ਸੰਘਰਸ਼ ਬੁੱਧਵਾਰ ਨੂੰ ਹੋਰ ਤੇਜ਼ ਹੋ ਗਿਆ। ਪੰਜਾਬੀ ਯੂਨੀਵਰਸਿਟੀ ਕਾਂਟਰੈਕਟ ਟੀਚਰਜ਼ ਐਸੋਸੀਏਸ਼ਨ ਦੇ ਸੱਦੇ ’ਤੇ ਕਾਂਟਰੈਕਟ ਅਸਿਸਟੈਂਟ ਪ੍ਰੋਫੈਸਰਾਂ ਨੇ ਤਲਵੰਡੀ ਸਾਬੋ ਸਥਿਤ ਗੁਰੂ ਕਾਸ਼ੀ ਕੈਂਪਸ ਦੇ ਮੁੱਖ ਗੇਟ ਨੂੰ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਆਪਣੀਆਂ ਮੰਗਾਂ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ। ਗੇਟ ਬੰਦ ਹੋਣ ਕਾਰਨ ਯੂਨੀਵਰਸਿਟੀ ਦੇ ਮੁੱਖ ਕੈਂਪਸ, ਖੇਤਰੀ ਕੇਂਦਰਾਂ, ਨੇੜਲੇ ਕੈਂਪਸਾਂ ਅਤੇ ਕੰਸਟੀਚੂਐਂਟ ਕਾਲਜਾਂ ਦੀਆਂ ਗਤੀਵਿਧੀਆਂ ਵੀ ਪ੍ਰਭਾਵਿਤ ਹੋਈਆਂ।

ਅਧਿਆਪਕਾਂ ਦਾ ਇਹ ਪ੍ਰਦਰਸ਼ਨ 18 ਅਗਸਤ ਤੋਂ ਜਾਰੀ ਸ਼ਾਂਤਮਈ ਸੰਘਰਸ਼ ਦੀ ਅਗਲੀ ਕੜੀ ਦੱਸਿਆ ਗਿਆ। ਐਸੋਸੀਏਸ਼ਨ ਦੀ ਆਗੂ ਡਾ. ਮਨਮਿੰਦਰ ਕੌਰ ਨੇ ਕਿਹਾ ਕਿ ਲਗਾਤਾਰ ਮੰਗਾਂ ਉਠਾਉਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਅਧਿਆਪਕਾਂ ਨੂੰ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਾ ਪਿਆ ਹੈ। ਇਸ ਮੌਕੇ ਡਾ. ਬਲਦੇਵ ਸਿੰਘ ਨੇ ਅਧਿਆਪਕਾਂ ਅਤੇ ਸਟਾਫ਼ ਨੂੰ ਰੈਗੂਲਰ, ਕਾਂਟਰੈਕਟ, ਗੈਸਟ ਅਤੇ ਪੀਟੀਏ ਵਰਗੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡੇ ਜਾਣ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਅਜਿਹੀ ਵੰਡ ਅਧਿਆਪਕਾਂ ਦੀ ਸਾਂਝੀ ਤਾਕਤ ਨੂੰ ਕਮਜ਼ੋਰ ਕਰਦੀ ਹੈ ਅਤੇ ਸਾਂਝੇ ਹੱਕਾਂ ਲਈ ਲੜਾਈ ਨੂੰ ਪ੍ਰਭਾਵਿਤ ਕਰਦੀ ਹੈ।

ਗੈਸਟ ਫੈਕਲਟੀ ਮੈਂਬਰ ਗੁਰਮੀਤ ਸਿੰਘ ਨੇ ਕਾਂਟਰੈਕਟ, ਗੈਸਟ ਅਤੇ ਪੀਟੀਏ ਅਧਿਆਪਕਾਂ ਨਾਲ ਕਥਿਤ ਵਿਤਕਰੇ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਵਰਗਾਂ ਦੇ ਅਧਿਆਪਕਾਂ ਨੂੰ ਕਈ ਵਾਰ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝਾ ਰਹਿਣਾ ਪੈਂਦਾ ਹੈ। ਅਧਿਆਪਕਾਂ ਦੀਆਂ ਮੁੱਖ ਮੰਗਾਂ ਵਿੱਚ ਯੂਜੀਸੀ ਦੇ 2010 ਅਤੇ 2018 ਦੇ ਨਿਯਮਾਂ ਅਨੁਸਾਰ ਕਾਂਟਰੈਕਟ ਅਸਿਸਟੈਂਟ ਪ੍ਰੋਫੈਸਰਾਂ ਨੂੰ ਪੂਰਾ ਪੇ ਸਕੇਲ ਦੇਣਾ ਸ਼ਾਮਲ ਹੈ। ਡਾ. ਅਮਨਦੀਪ ਕੌਰ ਨੇ ਇਸ ਮੰਗ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਪ੍ਰੋਫੈਸਰ ਗਗਨਪ੍ਰੀਤ ਸਿੰਘ ਨੇ ਅਧਿਆਪਕਾਂ ਦੇ ਹੱਕ ਵਿੱਚ ਆਏ ਅਦਾਲਤੀ ਫ਼ੈਸਲਿਆਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨ ਦੌਰਾਨ 7 ਸਤੰਬਰ ਨੂੰ ਅਧਿਆਪਕਾਂ ਨਾਲ ਕਥਿਤ ਦੁਰਵਿਹਾਰ ਦੇ ਮਾਮਲੇ ਦਾ ਮੁੱਦਾ ਵੀ ਉਠਾਇਆ ਗਿਆ। ਪ੍ਰੋਫੈਸਰ ਲਖਬੀਰ ਸਿੰਘ ਨੇ ਇਸ ਸਬੰਧੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ।

ਇਸ ਸੰਘਰਸ਼ ਨੂੰ ਯੂਨੀਵਰਸਿਟੀ ਦੇ ਵੱਖ-ਵੱਖ ਵਰਗਾਂ ਵੱਲੋਂ ਸਮਰਥਨ ਮਿਲਿਆ। ਰੈਗੂਲਰ ਅਧਿਆਪਕਾਂ, ਗੈਰ-ਅਧਿਆਪਨ ਸਟਾਫ਼, ਗੈਸਟ ਫੈਕਲਟੀ, ਪੀਟੀਏ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਕਾਂਟਰੈਕਟ ਅਧਿਆਪਕਾਂ ਦੀਆਂ ਮੰਗਾਂ ਦੇ ਹੱਕ ਵਿੱਚ ਆਪਣੀ ਹਮਾਇਤ ਪ੍ਰਗਟ ਕੀਤੀ। ਪ੍ਰਦਰਸ਼ਨਕਾਰੀ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਦੌਰਾਨ ਮਾਲਵਾ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (SOI) ਦੇ ਪ੍ਰਧਾਨ ਧਰਮਵੀਰ ਕੌਰ ਨੇ ਵੀ ਕਾਂਟਰੈਕਟ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀਆਂ ਮੰਗਾਂ ਸਿਰਫ਼ ਉਨ੍ਹਾਂ ਦੇ ਨਿੱਜੀ ਹਿੱਤਾਂ ਤੱਕ ਸੀਮਿਤ ਨਹੀਂ ਹਨ, ਸਗੋਂ ਇਹ ਸਿੱਖਿਆ ਖੇਤਰ ਵਿੱਚ ਬਰਾਬਰ ਹੱਕਾਂ, ਯੋਗ ਮਿਹਨਤਾਨੇ ਅਤੇ ਸਨਮਾਨ ਨਾਲ ਜੁੜਿਆ ਮੁੱਦਾ ਹੈ।

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments