ਸੰਸਾਰ, 30 ਜੁਲਾਈ, 206 (ਰਾਜੇਸ਼ ਕੁਮਾਰ) : ਪੱਛਮੀ ਏਸ਼ੀਆ ਵਿੱਚ ਤਣਾਅ ਇੱਕ ਵਾਰ ਫਿਰ ਗਹਿਰਾ ਹੋ ਗਿਆ ਹੈ। ਅਮਰੀਕੀ ਫੌਜ ਨੇ ਈਰਾਨ ‘ਤੇ ਨਵੇਂ ਹਵਾਈ ਹਮਲੇ ਕੀਤੇ ਹਨ। ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਇਹ ਕਾਰਵਾਈ ਈਰਾਨ ਵੱਲੋਂ ਜੌਰਡਨ ਵਿੱਚ ਅਮਰੀਕੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਦੇ ਜਵਾਬ ਵਿੱਚ ਕੀਤੀ ਗਈ ਹੈ।
ਅਮਰੀਕੀ ਅਧਿਕਾਰੀਆਂ ਮੁਤਾਬਕ ਇਹ ਹਮਲੇ “ਮਜ਼ਬੂਤ ਜਵਾਬੀ ਕਾਰਵਾਈ” ਦਾ ਹਿੱਸਾ ਹਨ। ਦੱਸਿਆ ਜਾ ਰਿਹਾ ਹੈ ਕਿ ਪਿਛਲੇ 24 ਘੰਟਿਆਂ ਵਿੱਚ ਦੋਵੇਂ ਪੱਖਾਂ ਵੱਲੋਂ ਕੀਤੀਆਂ ਗਈਆਂ ਫੌਜੀ ਕਾਰਵਾਈਆਂ ਨੇ ਖੇਤਰ ਵਿੱਚ ਮੁੜ ਵੱਡੇ ਪੱਧਰ ਦੇ ਟਕਰਾਅ ਦਾ ਖ਼ਤਰਾ ਵਧਾ ਦਿੱਤਾ ਹੈ।
ਇਸ ਦੌਰਾਨ ਈਰਾਨੀ ਸਰਕਾਰੀ ਮੀਡੀਆ ਨੇ ਵੀ ਅਮਰੀਕੀ ਹਮਲੇ ਦੀ ਜਾਣਕਾਰੀ ਦਿੱਤੀ ਹੈ। ਰਿਪੋਰਟਾਂ ਮੁਤਾਬਕ ਈਰਾਨ ਦੇ ਪਿਰਾਨਸ਼ਹਿਰ ਸਰਹੱਦੀ ਇਲਾਕੇ ਵਿੱਚ ਹਮਲਾ ਹੋਇਆ। ਇਸ ਤੋਂ ਪਹਿਲਾਂ ਫਾਰਸ ਨਿਊਜ਼ ਏਜੰਸੀ ਨੇ ਦੱਸਿਆ ਸੀ ਕਿ ਇੱਕ ਮਿਸਾਈਲ ਖਾਲੀ ਇਲਾਕੇ ਵਿੱਚ ਡਿੱਗੀ, ਜਿਸ ਕਾਰਨ ਕਿਸੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ।
ਉੱਧਰ, ਜੌਰਡਨ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਈਰਾਨ ਵੱਲੋਂ ਦਾਗੀਆਂ ਗਈਆਂ ਪੰਜ ਮਿਸਾਈਲਾਂ ਨੂੰ ਰੋਕਿਆ ਹੈ। ਈਰਾਨ ਦੇ ਰਿਵੋਲਿਊਸ਼ਨਰੀ ਗਾਰਡਜ਼ ਨੇ ਕਿਹਾ ਕਿ ਉਨ੍ਹਾਂ ਨੇ ਜੌਰਡਨ ਵਿੱਚ ਮੌਜੂਦ ਅਮਰੀਕੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ।ਮਾਹਿਰਾਂ ਦਾ ਮੰਨਣਾ ਹੈ ਕਿ ਇਹ ਘਟਨਾਵਾਂ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ ਨੂੰ ਹੋਰ ਵਧਾ ਸਕਦੀਆਂ ਹਨ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਅਮਰੀਕਾ ਅਤੇ ਈਰਾਨ ਅੱਗੇ ਕਿਸ ਰਣਨੀਤੀ ਨਾਲ ਅੱਗੇ ਵਧਣਗੇ ਅਤੇ ਕੀ ਇਹ ਟਕਰਾਅ ਵੱਡੇ ਯੁੱਧ ਵਿੱਚ ਬਦਲੇਗਾ ਜਾਂ ਨਹੀਂ।
