Home ਸੰਸਾਰ ਰੂਸ ਦੇ ਹਮਲਿਆਂ ਨਾਲ ਯੂਕਰੇਨ ‘ਚ 8 ਮੌਤਾਂ, ਕਈ ਸ਼ਹਿਰ ਪ੍ਰਭਾਵਿਤ

ਰੂਸ ਦੇ ਹਮਲਿਆਂ ਨਾਲ ਯੂਕਰੇਨ ‘ਚ 8 ਮੌਤਾਂ, ਕਈ ਸ਼ਹਿਰ ਪ੍ਰਭਾਵਿਤ

0

ਕੀਵ, 30 ਜੁਲਾਈ, 2026 (ਮਨੋਜ ਵਰਮਾ) : ਰੂਸ ਅਤੇ ਯੂਕਰੇਨ ਵਿਚਕਾਰ ਜੰਗੀ ਤਣਾਅ ਇੱਕ ਵਾਰ ਫਿਰ ਵਧ ਗਿਆ ਹੈ। ਰੂਸੀ ਫੌਜ ਵੱਲੋਂ ਯੂਕਰੇਨ ‘ਤੇ ਕੀਤੇ ਗਏ ਤਾਜ਼ਾ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ।

ਰਿਪੋਰਟਾਂ ਮੁਤਾਬਕ ਰੂਸੀ ਹਮਲਿਆਂ ਦਾ ਅਸਰ ਰਾਜਧਾਨੀ ਕੀਵ ਸਮੇਤ ਲਵੀਵ, ਦਨੀਪ੍ਰੋਪੇਟਰੋਵਸਕ ਅਤੇ ਪੋਲਟਾਵਾ ਵਰਗੇ ਇਲਾਕਿਆਂ ਵਿੱਚ ਦੇਖਣ ਨੂੰ ਮਿਲਿਆ। ਕੀਵ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਅਤੇ ਦੋ ਲੋਕ ਜ਼ਖ਼ਮੀ ਹੋਏ। ਇਸ ਤੋਂ ਇਲਾਵਾ ਦਨੀਪ੍ਰੋਪੇਟਰੋਵਸਕ ਵਿੱਚ 6 ਅਤੇ ਪੋਲਟਾਵਾ ਵਿੱਚ ਇੱਕ ਵਿਅਕਤੀ ਦੀ ਮੌਤ ਦੀ ਜਾਣਕਾਰੀ ਸਾਹਮਣੇ ਆਈ ਹੈ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੈਂਸਕੀ ਦੇ ਗ੍ਰਹਿ ਸ਼ਹਿਰ ਕ੍ਰਿਵੀ ਰਿਹ ਵਿੱਚ ਹੋਏ ਹਮਲੇ ਵਿੱਚ 5 ਅਤੇ 12 ਸਾਲ ਦੀਆਂ ਦੋ ਬੱਚੀਆਂ ਸਮੇਤ ਕਈ ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਮੁਤਾਬਕ ਇੱਥੇ ਰੂਸ ਵੱਲੋਂ ਇਸਕੰਦਰ-ਐਮ ਬੈਲਿਸਟਿਕ ਮਿਸਾਈਲ ਨਾਲ ਹਮਲਾ ਕੀਤਾ ਗਿਆ। ਲਵੀਵ ਵਿੱਚ ਵੀ ਰੂਸੀ ਮਿਸਾਈਲ ਹਮਲਿਆਂ ਕਾਰਨ ਦੋ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਅਤੇ 26 ਲੋਕ ਜ਼ਖ਼ਮੀ ਹੋ ਗਏ। ਰਾਹਤ ਟੀਮਾਂ ਮਲਬਾ ਹਟਾ ਕੇ ਫਸੇ ਲੋਕਾਂ ਨੂੰ ਬਾਹਰ ਕੱਢਣ ਵਿੱਚ ਜੁਟੀਆਂ ਰਹੀਆਂ।

ਰੂਸ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਫੌਜ ਨੇ ਯੂਕਰੇਨ ਦੇ ਕਈ ਇਲਾਕਿਆਂ ਵਿੱਚ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਉੱਥੇ ਹੀ ਯੂਕਰੇਨ ਨੇ ਇਨ੍ਹਾਂ ਹਮਲਿਆਂ ਨੂੰ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਕਾਰਵਾਈ ਦੱਸਿਆ ਹੈ। ਇਸ ਤੋਂ ਪਹਿਲਾਂ ਜ਼ੇਲੈਂਸਕੀ ਨੇ ਚੇਤਾਵਨੀ ਦਿੱਤੀ ਸੀ ਕਿ ਰੂਸ ਵੱਲੋਂ ਵੱਡੇ ਪੱਧਰ ‘ਤੇ ਹਮਲਾ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਸਹਿਯੋਗੀ ਦੇਸ਼ਾਂ ਤੋਂ ਯੂਕਰੇਨ ਨੂੰ ਹੋਰ ਮਿਸਾਈਲ ਰੱਖਿਆ ਪ੍ਰਣਾਲੀਆਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਸੀ।

ਇਸ ਦੌਰਾਨ ਪੋਲੈਂਡ ਨੇ ਵੀ ਆਪਣੀ ਹਵਾਈ ਸੁਰੱਖਿਆ ਮਜ਼ਬੂਤ ਕਰਨ ਲਈ ਲੜਾਕੂ ਜਹਾਜ਼ ਤਾਇਨਾਤ ਕਰ ਦਿੱਤੇ। ਦੂਜੇ ਪਾਸੇ ਰੂਸ ਦੇ ਪੇਂਜ਼ਾ ਸ਼ਹਿਰ ਵਿੱਚ ਯੂਕਰੇਨੀ ਡਰੋਨ ਹਮਲੇ ਕਾਰਨ ਇੱਕ ਵੱਡੇ ਗੋਦਾਮ ਵਿੱਚ ਅੱਗ ਲੱਗਣ ਦੀ ਖ਼ਬਰ ਹੈ। ਦੋਵੇਂ ਦੇਸ਼ਾਂ ਵਿਚਕਾਰ ਵਧ ਰਹੇ ਹਮਲਿਆਂ ਕਾਰਨ ਜੰਗ ਖ਼ਤਮ ਕਰਨ ਲਈ ਚੱਲ ਰਹੀਆਂ ਕੂਟਨੀਤਿਕ ਕੋਸ਼ਿਸ਼ਾਂ ਨੂੰ ਵੀ ਝਟਕਾ ਲੱਗਦਾ ਦਿਖਾਈ ਦੇ ਰਿਹਾ ਹੈ।

 

Exit mobile version