ਚੰਡੀਗੜ੍ਹ, 30 ਜੁਲਾਈ, 2026 (ਮਨੋਜ ਵਰਮਾ) : ਪੰਜਾਬ ਅਤੇ ਚੰਡੀਗੜ੍ਹ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਦਾ ਮਿਜ਼ਾਜ ਬਦਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਸੂਬੇ ਦੇ ਕਈ ਹਿੱਸਿਆਂ ਵਿੱਚ ਭਾਰੀ ਤੋਂ ਦਰਮਿਆਨੀ ਬਾਰਿਸ਼ ਦੀ ਪੇਸ਼ੀਨਗੋਈ ਕਰਦਿਆਂ ਔਰੇਂਜ ਅਲਰਟ ਜਾਰੀ ਕੀਤਾ ਹੈ। ਮਾਹਿਰਾਂ ਅਨੁਸਾਰ ਅਗਸਤ ਦੇ ਪਹਿਲੇ ਹਫ਼ਤੇ ਦੌਰਾਨ ਮਾਨਸੂਨ ਇੱਕ ਵਾਰ ਫਿਰ ਪੂਰੀ ਤਰ੍ਹਾਂ ਸਰਗਰਮ ਹੋ ਸਕਦਾ ਹੈ।
ਜੁਲਾਈ ਮਹੀਨੇ ਦੌਰਾਨ ਉਮੀਦ ਨਾਲੋਂ ਘੱਟ ਬਾਰਿਸ਼ ਹੋਣ ਕਾਰਨ ਗਰਮੀ ਅਤੇ ਨਮੀ ਦਾ ਅਸਰ ਜਾਰੀ ਰਿਹਾ, ਪਰ ਹੁਣ ਮੌਸਮੀ ਪ੍ਰਣਾਲੀਆਂ ਦੇ ਸਰਗਰਮ ਹੋਣ ਨਾਲ ਕਈ ਜ਼ਿਲ੍ਹਿਆਂ ਵਿੱਚ ਚੰਗੀ ਬਾਰਿਸ਼ ਦੀ ਸੰਭਾਵਨਾ ਬਣ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 31 ਜੁਲਾਈ ਤੋਂ ਬਾਅਦ ਵੀ ਮੀਂਹ ਦਾ ਸਿਲਸਿਲਾ ਜਾਰੀ ਰਹਿ ਸਕਦਾ ਹੈ।ਪਿਛਲੇ ਕੁਝ ਦਿਨਾਂ ਵਿੱਚ ਤਾਪਮਾਨ ਵਿੱਚ ਹਲਕਾ ਵਾਧਾ ਦਰਜ ਕੀਤਾ ਗਿਆ ਸੀ, ਜਿਸ ਕਾਰਨ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਮੀਂਹ ਪੈਣ ਨਾਲ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਮੌਸਮ ਸੁਹਾਵਣਾ ਹੋ ਸਕਦਾ ਹੈ।
ਇਸ ਦੌਰਾਨ ਗੁਰਦਾਸਪੁਰ, ਬਠਿੰਡਾ, ਚੰਡੀਗੜ੍ਹ, ਮੋਹਾਲੀ, ਅੰਮ੍ਰਿਤਸਰ ਅਤੇ ਫਰੀਦਕੋਟ ਸਮੇਤ ਕਈ ਖੇਤਰਾਂ ਵਿੱਚ ਬਾਰਿਸ਼ ਦਰਜ ਕੀਤੀ ਗਈ ਹੈ। ਮੌਸਮ ਮਾਹਿਰਾਂ ਨੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਅਤੇ ਟਰੈਫਿਕ ਪ੍ਰਭਾਵਿਤ ਹੋਣ ਦੀ ਸੰਭਾਵਨਾ ਜਤਾਈ ਹੈ।ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਖਰਾਬ ਮੌਸਮ ਦੌਰਾਨ ਸਾਵਧਾਨ ਰਹਿਣ ਅਤੇ ਮੌਸਮ ਵਿਭਾਗ ਦੀਆਂ ਅਧਿਕਾਰਤ ਸਲਾਹਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। ਮੌਸਮ ਵਿੱਚ ਇਸ ਤਬਦੀਲੀ ਨਾਲ ਕਿਸਾਨਾਂ ਅਤੇ ਆਮ ਲੋਕਾਂ ਨੂੰ ਵੀ ਰਾਹਤ ਮਿਲਣ ਦੀ ਉਮੀਦ ਹੈ।