Homeਪੰਜਾਬ‘ਰਾਹ-ਵੀਰ’ ਯੋਜਨਾ: ਸੜਕ ਹਾਦਸਾ ਪੀੜਤਾਂ ਦੀ ਮਦਦ ਕਰਨ ਵਾਲੇ ਬਣਨ ‘ਗੁੱਡ ਸਮੈਰਿਟਨ’

‘ਰਾਹ-ਵੀਰ’ ਯੋਜਨਾ: ਸੜਕ ਹਾਦਸਾ ਪੀੜਤਾਂ ਦੀ ਮਦਦ ਕਰਨ ਵਾਲੇ ਬਣਨ ‘ਗੁੱਡ ਸਮੈਰਿਟਨ’

Raah-Veer Scheme Offers ₹25,000 Incentive to Citizens Helping Road Accident Victims

ਹਾਦਸੇ ਤੋਂ ਬਾਅਦ ਸਮੇਂ ਸਿਰ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਵਾਲਿਆਂ ਨੂੰ 25,000 ਦੀ ਪ੍ਰੋਤਸਾਹਨ ਰਾਸ਼ੀ ਅਤੇ ਸਨਮਾਨ ਪੱਤਰ

ਐਸਬੀਐਸ ਨਗਰ/ਬਠਿੰਡਾ, 25 ਸਤੰਬਰ, 2026 (ਛਤਰਪਾਲ ਸਿੰਘ): ਸੜਕ ਹਾਦਸਿਆਂ ਦੌਰਾਨ ਜ਼ਖ਼ਮੀਆਂ ਦੀ ਸਮੇਂ ਸਿਰ ਮਦਦ ਕਰਨ ਅਤੇ ਆਮ ਲੋਕਾਂ ਨੂੰ ਮਨੁੱਖੀ ਜ਼ਿੰਮੇਵਾਰੀ ਨਿਭਾਉਣ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਭਾਰਤ ਸਰਕਾਰ ਦੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵੱਲੋਂ ‘ਰਾਹ-ਵੀਰ’ ਯੋਜਨਾ ਲਾਗੂ ਕੀਤੀ ਗਈ ਹੈ। ਇਸ ਯੋਜਨਾ ਤਹਿਤ ਸੜਕ ਹਾਦਸੇ ਵਿੱਚ ਜ਼ਖ਼ਮੀ ਵਿਅਕਤੀ ਦੀ ਤੁਰੰਤ ਮਦਦ ਕਰਕੇ ਉਸ ਨੂੰ ਹਸਪਤਾਲ ਪਹੁੰਚਾਉਣ ਅਤੇ ਲੋੜੀਂਦਾ ਇਲਾਜ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਿਅਕਤੀ ਨੂੰ 25,000 ਦੀ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਅਜਿਹੇ ਵਿਅਕਤੀਆਂ ਨੂੰ ਉਨ੍ਹਾਂ ਦੀ ਮਨੁੱਖੀ ਸੇਵਾ ਅਤੇ ਹਿੰਮਤ ਲਈ ਸਨਮਾਨ ਪੱਤਰ ਵੀ ਪ੍ਰਦਾਨ ਕੀਤਾ ਜਾਂਦਾ ਹੈ।

ਸੜਕ ਹਾਦਸਿਆਂ ਤੋਂ ਬਾਅਦ ਕਈ ਵਾਰ ਲੋਕ ਕਾਨੂੰਨੀ ਕਾਰਵਾਈ ਜਾਂ ਪੁਲਿਸ-ਪ੍ਰਸ਼ਾਸਨ ਨਾਲ ਜੁੜੀਆਂ ਮੁਸ਼ਕਲਾਂ ਦੇ ਡਰ ਕਾਰਨ ਜ਼ਖ਼ਮੀਆਂ ਦੀ ਮਦਦ ਕਰਨ ਤੋਂ ਪਿੱਛੇ ਹਟ ਜਾਂਦੇ ਹਨ। ‘ਰਾਹ-ਵੀਰ’ ਯੋਜਨਾ ਦਾ ਇੱਕ ਮਹੱਤਵਪੂਰਨ ਉਦੇਸ਼ ਇਸ ਡਰ ਨੂੰ ਦੂਰ ਕਰਨਾ ਵੀ ਹੈ। ਮੋਟਰ ਵਹੀਕਲ ਐਕਟ, 1988 ਦੀ ਧਾਰਾ 134ਏ ਤਹਿਤ ਨੇਕ ਨੀਅਤ ਨਾਲ ਬਿਨਾਂ ਕਿਸੇ ਇਨਾਮ ਦੀ ਉਮੀਦ ਦੇ ਹਾਦਸਾ ਪੀੜਤ ਦੀ ਮਦਦ ਕਰਨ ਵਾਲੇ ‘ਗੁੱਡ ਸਮੈਰਿਟਨ’ ਨੂੰ ਕਾਨੂੰਨੀ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਅਧਿਕਾਰੀਆਂ ਨੂੰ ‘ਰਾਹ-ਵੀਰ’ ਯੋਜਨਾ ਸਬੰਧੀ ਲੋਕਾਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਅਤੇ ਇਸ ਦੀ ਪ੍ਰਭਾਵਸ਼ਾਲੀ ਢੰਗ ਨਾਲ ਲਾਗੂਅੰਦਾਜ਼ੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ‘ਰਾਹ-ਵੀਰ’ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਜਾਂ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਕੋਲ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।

ਜ਼ਿਲ੍ਹਾ ਪੱਧਰ ’ਤੇ ‘ਰਾਹ-ਵੀਰ’ ਨਾਲ ਸਬੰਧਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਜ਼ਿਲ੍ਹਾ ਪੱਧਰੀ ਸ਼ਿਕਾਇਤ ਨਿਵਾਰਣ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਦੇ ਫੀਲਡ ਅਫਸਰ ਨੂੰ ‘ਰਾਹ-ਵੀਰ ਗ੍ਰੀਵੈਂਸ ਰੈਡਰੈਸਲ ਸੈੱਲ’ ਲਈ ਜ਼ਿਲ੍ਹਾ ਨੋਡਲ ਅਫਸਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਡੀਸੀ ਨੇ ਸਬੰਧਤ ਵਿਭਾਗਾਂ ਨੂੰ ਯੋਜਨਾ ਬਾਰੇ ਵਿਆਪਕ ਜਾਗਰੂਕਤਾ ਮੁਹਿੰਮ ਚਲਾਉਣ ਲਈ ਵੀ ਕਿਹਾ ਹੈ। ਮੁਹਿੰਮ ਰਾਹੀਂ ਲੋਕਾਂ ਨੂੰ ਹਾਦਸਾ ਪੀੜਤਾਂ ਦੀ ਮਦਦ ਕਰਨ ਨਾਲ ਮਿਲਣ ਵਾਲੀ ਪ੍ਰੋਤਸਾਹਨ ਰਾਸ਼ੀ, ਸਨਮਾਨ ਅਤੇ ਕਾਨੂੰਨੀ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ ਜਾਵੇਗੀ, ਤਾਂ ਜੋ ਲੋਕ ਬਿਨਾਂ ਕਿਸੇ ਡਰ ਦੇ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਸਕਣ।

ਉਨ੍ਹਾਂ ਕਿਹਾ ਕਿ ਸੜਕ ਹਾਦਸੇ ਤੋਂ ਬਾਅਦ ਦੇ ਕੁਝ ਕੀਮਤੀ ਮਿੰਟ ਕਿਸੇ ਵਿਅਕਤੀ ਦੀ ਜ਼ਿੰਦਗੀ ਬਚਾਉਣ ਵਿੱਚ ਨਿਰਣਾਇਕ ਸਾਬਤ ਹੋ ਸਕਦੇ ਹਨ। ਇਸ ਲਈ ਹਾਦਸਾ ਪੀੜਤ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਦਿਵਾਉਣਾ ਹਰ ਨਾਗਰਿਕ ਦੀ ਸਮਾਜਿਕ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ‘ਰਾਹ-ਵੀਰ’ ਯੋਜਨਾ ਨਾਲ ਜੁੜ ਕੇ ਸੜਕ ਸੁਰੱਖਿਆ ਅਤੇ ਮਨੁੱਖੀ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਸਵਰਾਜ ਅਭਿਆਨ ਦੇ ਕਨਵੀਨਰ ਗਿਆਨ ਚੰਦ ਬਾਂਸਲ ਨੇ ‘ਰਾਹ-ਵੀਰ’ ਯੋਜਨਾ ਨੂੰ ਸੜਕ ਸੁਰੱਖਿਆ ਅਤੇ ਨਾਗਰਿਕਾਂ ਨੂੰ ਹਾਦਸਾ ਪੀੜਤਾਂ ਦੀ ਮਦਦ ਲਈ ਉਤਸ਼ਾਹਿਤ ਕਰਨ ਵਾਲੀ ਪਹਿਲ ਦੱਸਿਆ। ਉਨ੍ਹਾਂ ਕਿਹਾ ਕਿ ਪ੍ਰੋਤਸਾਹਨ ਰਾਸ਼ੀ ਅਤੇ ਕਾਨੂੰਨੀ ਸੁਰੱਖਿਆ ਵਰਗੇ ਪ੍ਰਬੰਧ ਲੋਕਾਂ ਨੂੰ ਹਾਦਸਿਆਂ ਦੇ ਸਮੇਂ ਅੱਗੇ ਆ ਕੇ ਮਦਦ ਕਰਨ ਲਈ ਉਤਸ਼ਾਹਿਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਯੋਜਨਾ ਸਬੰਧੀ ਜਾਗਰੂਕਤਾ ਵਧਣ ਨਾਲ ਵੱਧ ਤੋਂ ਵੱਧ ਲੋਕ ਹਾਦਸਾ ਪੀੜਤਾਂ ਦੀ ਤੁਰੰਤ ਮਦਦ ਲਈ ਅੱਗੇ ਆ ਸਕਦੇ ਹਨ।

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments