Home ਪੰਜਾਬ ਪੰਜਾਬ ਦੀਆਂ ਮਹਿਲਾ ਸਾਈਕਲਿਸਟਾਂ ਨੇ ਦਿਖਾਇਆ ਦਮਖਮ, ਅਸਮਿਤਾ ਖੇਲੋ ਇੰਡੀਆ ਵੂਮੈਨਜ਼ ਸਟੇਟ...

ਪੰਜਾਬ ਦੀਆਂ ਮਹਿਲਾ ਸਾਈਕਲਿਸਟਾਂ ਨੇ ਦਿਖਾਇਆ ਦਮਖਮ, ਅਸਮਿਤਾ ਖੇਲੋ ਇੰਡੀਆ ਵੂਮੈਨਜ਼ ਸਟੇਟ ਲੀਗ ’ਚ ਭੂਮਿਕਾ ਤੇ ਏਕਦੀਪਜੋਤ ਕੌਰ ਨੇ ਜਿੱਤੇ ਸੋਨ ਤਗਮੇ

0

ਸੰਗਰੂਰ, 12 ਸਤੰਬਰ:2026 :ਸੰਗਰੂਰ ਵਿੱਚ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ ਮਹਿਲਾ ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਰਵਾਈ ਜਾ ਰਹੀ ‘ਅਸਮਿਤਾ ਖੇਲੋ ਇੰਡੀਆ ਵੂਮੈਨਜ਼ ਸਟੇਟ ਲੀਗ (ਰੋਡ)-2026’ ਦੇ ਪਹਿਲੇ ਦਿਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੀਆਂ ਮਹਿਲਾ ਸਾਈਕਲਿਸਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇੰਡਿਵਿਜੁਅਲ ਟਾਈਮ ਟ੍ਰਾਇਲ ਮੁਕਾਬਲਿਆਂ ਵਿੱਚ ਖਿਡਾਰਨਾਂ ਨੇ ਆਪਣੀ ਸਰੀਰਕ ਸਮਰੱਥਾ, ਤਕਨੀਕੀ ਹੁਨਰ, ਦ੍ਰਿੜਤਾ ਅਤੇ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਵੂਮੈਨ ਐਲੀਟ ਵਰਗ ਦੇ 16 ਕਿਲੋਮੀਟਰ ਇੰਡਿਵਿਜੁਅਲ ਟਾਈਮ ਟ੍ਰਾਇਲ ਵਿੱਚ NIS ਪਟਿਆਲਾ ਦੀ ਭੂਮਿਕਾ ਨੇ 25 ਮਿੰਟ 32.751 ਸਕਿੰਟ ਦੇ ਸਮੇਂ ਨਾਲ ਸੋਨ ਤਗਮਾ ਜਿੱਤਿਆ। NIS ਪਟਿਆਲਾ ਦੀ ਖੋਇਰੋਮ ਰੇਜੀਆ ਦੇਵੀ ਨੇ 25 ਮਿੰਟ 39.146 ਸਕਿੰਟ ਦੇ ਸਮੇਂ ਨਾਲ ਚਾਂਦੀ ਦਾ ਤਗਮਾ ਹਾਸਲ ਕੀਤਾ, ਜਦਕਿ ਸੰਗਰੂਰ ਦੀ ਸਵੀਰੀਨ ਕੌਰ ਨੇ 36 ਮਿੰਟ 53.236 ਸਕਿੰਟ ਦੇ ਸਮੇਂ ਨਾਲ ਕਾਂਸੀ ਦਾ ਤਗਮਾ ਜਿੱਤ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ।

ਇਸੇ ਤਰ੍ਹਾਂ ਵੂਮੈਨ ਜੂਨੀਅਰ ਵਰਗ ਦੇ 8 ਕਿਲੋਮੀਟਰ ਇੰਡਿਵਿਜੁਅਲ ਟਾਈਮ ਟ੍ਰਾਇਲ ਵਿੱਚ ਗੁਰਦਾਸਪੁਰ ਦੀ ਏਕਦੀਪਜੋਤ ਕੌਰ ਨੇ 14 ਮਿੰਟ 18.278 ਸਕਿੰਟ ਦੇ ਸ਼ਾਨਦਾਰ ਸਮੇਂ ਨਾਲ ਸੋਨ ਤਗਮਾ ਜਿੱਤਿਆ। ਲੁਧਿਆਣਾ ਦੀ ਤਨਵੀਰ ਕੌਰ ਨੇ 14 ਮਿੰਟ 44.720 ਸਕਿੰਟ ਦੇ ਸਮੇਂ ਨਾਲ ਚਾਂਦੀ ਅਤੇ ਲੁਧਿਆਣਾ ਦੀ ਪ੍ਰੀਤੀ ਨੇ 15 ਮਿੰਟ 09.319 ਸਕਿੰਟ ਦੇ ਸਮੇਂ ਨਾਲ ਕਾਂਸੀ ਦਾ ਤਗਮਾ ਹਾਸਲ ਕੀਤਾ।

ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਐਲਵਾਲ ਨੇ ਜੇਤੂ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੀਆਂ ਧੀਆਂ ਹਰ ਖੇਤਰ ਵਿੱਚ ਆਪਣੀ ਕਾਬਲੀਅਤ ਸਾਬਤ ਕਰ ਰਹੀਆਂ ਹਨ ਅਤੇ ਖੇਡਾਂ ਵਿੱਚ ਵੀ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਸ਼ਾਨਦਾਰ ਪ੍ਰਾਪਤੀਆਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ‘ਅਸਮਿਤਾ ਖੇਲੋ ਇੰਡੀਆ ਵੂਮੈਨਜ਼ ਸਟੇਟ ਲੀਗ’ ਵਰਗੇ ਮੁਕਾਬਲੇ ਨੌਜਵਾਨ ਮਹਿਲਾ ਖਿਡਾਰਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਆਪਣੀ ਸਮਰੱਥਾ ਨੂੰ ਨਿਖਾਰਨ ਲਈ ਮਜ਼ਬੂਤ ਮੰਚ ਪ੍ਰਦਾਨ ਕਰਦੇ ਹਨ।

ਉਨ੍ਹਾਂ ਕਿਹਾ ਕਿ ਖੇਡਾਂ ਸਿਰਫ਼ ਤਗਮੇ ਜਿੱਤਣ ਤੱਕ ਸੀਮਿਤ ਨਹੀਂ ਹਨ, ਸਗੋਂ ਇਹ ਨੌਜਵਾਨਾਂ ਦੀ ਸ਼ਖ਼ਸੀਅਤ ਦੇ ਸਰਵਪੱਖੀ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਖੇਡਾਂ ਰਾਹੀਂ ਅਨੁਸ਼ਾਸਨ, ਮਿਹਨਤ, ਟੀਚਾ ਨਿਰਧਾਰਨ, ਟੀਮ ਭਾਵਨਾ ਅਤੇ ਮੁਸ਼ਕਲ ਹਾਲਾਤਾਂ ਵਿੱਚ ਡਟੇ ਰਹਿਣ ਵਰਗੇ ਗੁਣ ਪੈਦਾ ਹੁੰਦੇ ਹਨ।

ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਐਸੋਸੀਏਸ਼ਨ ਦਾ ਮੁੱਖ ਉਦੇਸ਼ ਪੰਜਾਬ ਵਿੱਚ ਜ਼ਮੀਨੀ ਪੱਧਰ ’ਤੇ ਸਾਈਕਲਿੰਗ ਨੂੰ ਮਜ਼ਬੂਤ ਕਰਨਾ ਅਤੇ ਸੂਬੇ ਦੇ ਦੂਰ-ਦਰਾਜ ਇਲਾਕਿਆਂ ਵਿੱਚ ਛੁਪੀ ਪ੍ਰਤਿਭਾ ਨੂੰ ਸਾਹਮਣੇ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਖਾਸ ਤੌਰ ’ਤੇ ਮਹਿਲਾ ਸਾਈਕਲਿੰਗ ਵਿੱਚ ਪੰਜਾਬ ਕੋਲ ਬੇਹੱਦ ਪ੍ਰਤਿਭਾ ਹੈ, ਜਿਸ ਨੂੰ ਨਿਯਮਤ ਮੁਕਾਬਲੇ, ਤਕਨੀਕੀ ਸਿਖਲਾਈ ਅਤੇ ਬਿਹਤਰ ਖੇਡ ਮਾਹੌਲ ਮੁਹੱਈਆ ਕਰਵਾਉਣ ਦੀ ਲੋੜ ਹੈ।

ਕਾਹਲੋਂ ਨੇ ਕਿਹਾ ਕਿ ਅਸਮਿਤਾ ਖੇਲੋ ਇੰਡੀਆ ਵੂਮੈਨਜ਼ ਲੀਗ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਉਪਰਾਲਾ ਹੈ। ਇਸ ਰਾਹੀਂ ਖਿਡਾਰਨਾਂ ਨੂੰ ਆਪਣੀ ਸਮਰੱਥਾ ਪਰਖਣ ਦੇ ਨਾਲ-ਨਾਲ ਉੱਚ ਪੱਧਰੀ ਮੁਕਾਬਲੇ ਦਾ ਤਜਰਬਾ ਵੀ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਪੰਜਾਬ ਭਰ ਵਿੱਚ ਹੋਰ ਸਾਈਕਲਿੰਗ ਮੁਕਾਬਲੇ ਕਰਵਾਉਣ ਅਤੇ ਸਕੂਲਾਂ ਤੇ ਪਿੰਡਾਂ ਦੇ ਪੱਧਰ ’ਤੇ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਪਛਾਣ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਈਕਲਿਸਟਾਂ ਵਿੱਚ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਵੱਡੀਆਂ ਪ੍ਰਾਪਤੀਆਂ ਕਰਨ ਦੀ ਸਮਰੱਥਾ ਹੈ ਅਤੇ ਇਸ ਲਈ ਵਿਗਿਆਨਕ ਸਿਖਲਾਈ ਦੇ ਨਾਲ ਨਿਯਮਤ ਮੁਕਾਬਲੇ ਦਾ ਤਜਰਬਾ ਦੇਣਾ ਬਹੁਤ ਜ਼ਰੂਰੀ ਹੈ।

ਆਯੋਜਨ ਕਮੇਟੀ ਦੇ ਚੇਅਰਮੈਨ ਅਤੇ ਅਧਿਆਪਕ ਜਗਦੀਸ਼ ਸਿੰਘ ਅਤੇ ਸਕੱਤਰ ਜਸਵੀਰ ਸਿੰਘ ਨੇ ਕਿਹਾ ਕਿ ਹਰ ਖਿਡਾਰੀ ਦੀ ਸਫਲਤਾ ਵਿੱਚ ਲਗਾਤਾਰ ਮਿਹਨਤ, ਅਨੁਸ਼ਾਸਨ ਅਤੇ ਸਹੀ ਮਾਰਗਦਰਸ਼ਨ ਦੀ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਅਧਿਆਪਕਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਲੈਣ ਲਈ ਵੀ ਉਤਸ਼ਾਹਿਤ ਕਰਨ।

ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਖੇਡਾਂ ਨਾਲ ਜੋੜਨ ਲਈ ਪਰਿਵਾਰ, ਸਕੂਲ ਅਤੇ ਸਮਾਜ ਦਾ ਸਹਿਯੋਗ ਬੇਹੱਦ ਮਹੱਤਵਪੂਰਨ ਹੈ। ਲੀਗ ਵਿੱਚ ਮਹਿਲਾ ਸਾਈਕਲਿਸਟਾਂ ਵੱਲੋਂ ਦਿਖਾਇਆ ਗਿਆ ਉਤਸ਼ਾਹ ਪੰਜਾਬ ਵਿੱਚ ਮਹਿਲਾ ਸਾਈਕਲਿੰਗ ਦੇ ਉੱਜਵਲ ਭਵਿੱਖ ਦਾ ਸੰਕੇਤ ਹੈ।

ਇਸ ਦੌਰਾਨ ਮੁਕਾਬਲੇ ਵਿੱਚ ਹਿੱਸਾ ਲੈ ਰਹੀਆਂ ਮਹਿਲਾ ਸਾਈਕਲਿਸਟਾਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਅਜਿਹੇ ਸੂਬਾ ਪੱਧਰੀ ਮੁਕਾਬਲੇ ਉਨ੍ਹਾਂ ਦੀ ਤਿਆਰੀ ਅਤੇ ਸਮਰੱਥਾ ਨੂੰ ਪਰਖਣ ਲਈ ਬਹੁਤ ਮਹੱਤਵਪੂਰਨ ਹਨ। ਹੋਰ ਪ੍ਰਤਿਭਾਸ਼ਾਲੀ ਖਿਡਾਰਨਾਂ ਨਾਲ ਮੁਕਾਬਲਾ ਕਰਨ ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਵਧਦਾ ਹੈ ਅਤੇ ਆਪਣੀਆਂ ਕਮੀਆਂ ਨੂੰ ਪਛਾਣ ਕੇ ਹੋਰ ਮਿਹਨਤ ਕਰਨ ਦੀ ਪ੍ਰੇਰਣਾ ਮਿਲਦੀ ਹੈ।

ਰੋਡ ਰੇਸ (ਮਾਸ ਸਟਾਰਟ) ਮੁਕਾਬਲੇ 13 ਸਤੰਬਰ ਨੂੰ ਕਰਵਾਏ ਜਾਣਗੇ।

Exit mobile version