Home ਪੰਜਾਬ ਪਰਾਲੀ ਪ੍ਰਬੰਧਨ, ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਖੇਤੀ ਵਿਭਿੰਨਤਾ ਲਈ ਪ੍ਰੇਰਿਆ

ਪਰਾਲੀ ਪ੍ਰਬੰਧਨ, ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਖੇਤੀ ਵਿਭਿੰਨਤਾ ਲਈ ਪ੍ਰੇਰਿਆ

Farmers Encouraged to Adopt Stubble Management, Balanced Fertilizer Use and Agricultural Diversification for Sustainable Farming.

0
ਸੁਨਾਮ, 29 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਆਈ.ਸੀ.ਏ.ਆਰ.-ਅਟਾਰੀ ਜ਼ੋਨ-1, ਲੁਧਿਆਣਾ ਦੀ ਸਰਪ੍ਰਸਤੀ ਹੇਠ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.), ਸੰਗਰੂਰ ਵੱਲੋਂ ਪਿੰਡ ਛਾਜਲੀ, ਬਲਾਕ ਸੁਨਾਮ ਵਿਖੇ ਇੱਕ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਜਾਗਰੂਕਤਾ ਕੈਂਪ ਦਾ ਮੁੱਖ ਮਕਸਦ ‘ਖੇਤ ਬਚਾਓ ਅਭਿਆਨ’ ਤਹਿਤ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਖੇਤ ਵਿੱਚ ਹੀ ਵਾਹੁਣ ਅਤੇ ਰਸਾਇਣਕ ਖਾਦਾਂ ਦੀ ਸੰਤੁਲਿਤ ਵਰਤੋਂ ਲਈ ਜਾਗਰੂਕ ਕਰਨਾ ਸੀ। ਕੈਂਪ ਦੌਰਾਨ ਡਾ. ਮਨਦੀਪ ਸਿੰਘ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਕਿਸਾਨਾਂ ਨੂੰ ਕਣਕ, ਜੌਂ, ਸਰੋਂ ਅਤੇ ਛੋਲਿਆਂ ਦੀਆਂ ਉੱਨਤ ਕਿਸਮਾਂ ਅਤੇ ਬਿਜਾਈ ਦੀਆਂ ਸੁਧਰੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਜ਼ਮੀਨ ਦੀ ਸਿਹਤ ਬਰਕਰਾਰ ਰੱਖਣ ਲਈ ਰਸਾਇਣਕ ਖਾਦਾਂ ਦੀ ਘੱਟ ਵਰਤੋਂ ਕਰਨ ਅਤੇ ਦੇਸੀ ਰੂੜੀ ਅਤੇ ਜੀਵਾਣੂੰ ਖਾਦਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ‘ਤੇ ਜ਼ੋਰ ਦਿੱਤਾ। ਉਹਨਾਂ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਸਾਂਭ ਕੇ ਕਣਕ ਦੀ ਬਿਜਾਈ ਲਈ ਪਰਾਲੀ ਪ੍ਰਬੰਧਨ ਮਸ਼ੀਨਰੀ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਕਿਸਾਨਾਂ ਨੂੰ ਖੇਤੀ ਸਹਾਇਕ ਧੰਦੇ ਅਪਣਾਉਣ ਅਤੇ ਫ਼ਸਲੀ ਵਿਭਿੰਨਤਾ ਲਈ ਤੇਲਬੀਜ ਅਤੇ ਦਾਲਾਂ ਵਾਲੀਆਂ ਫ਼ਸਲਾਂ ਬੀਜਣ ਲਈ ਵੀ ਪ੍ਰੇਰਿਤ ਕੀਤਾ।
ਕੇ.ਵੀ.ਕੇ., ਸੰਗਰੂਰ ਦੇ ਸਹਿਯੋਗੀ ਪ੍ਰੋਫੈਸਰ (ਬਾਗਬਾਨੀ) ਡਾ. ਰਵਿੰਦਰ ਕੌਰ ਨੇ ਸਰਦੀ ਰੁੱਤ ਦੀਆਂ ਸਬਜ਼ੀਆਂ ਦੀਆਂ ਉੱਨਤ ਕਿਸਮਾਂ ਅਤੇ ਬਿਜਾਈ ਦੇ ਢੰਗ ਬਾਰੇ ਜਾਣਕਾਰੀ ਦਿੱਤੀ।ਉਹਨਾਂ ਕਿਸਾਨਾਂ ਨੂੰ ਪਰਿਵਾਰ ਦੀ ਪੌਸ਼ਟਿਕ ਸੁਰੱਖਿਆ ਲਈ ਘਰੇਲੂ ਸਬਜ਼ੀ ਅਤੇ ਫ਼ਲਦਾਰ ਬਗੀਚੀ ਲਾਉਣ ਲਈ ਵੀ ਪ੍ਰੇਰਿਤ ਕੀਤਾ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਕਣਕ ਦੇ ਵੱਖ-ਵੱਖ ਬੀਜਾਂ ਅਤੇ ਖੇਤੀਬਾੜੀ ਮਹਿਕਮੇ ਵੱਲੋਂ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਬਾਰੇ ਜਾਣੂ ਕਰਵਾਇਆ। ਅੰਤ ਵਿੱਚ ਮਾਹਿਰਾਂ ਨੇ ਵਾਤਾਵਰਣ ਦੀ ਸੰਭਾਲ ਅਤੇ ਟਿਕਾਊ ਖੇਤੀ ਲਈ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਸਰਕਾਰ ਦੇ ਉਪਰਾਲਿਆਂ ਵਿੱਚ ਸਾਥ ਦੇਣ ਦੀ ਅਪੀਲ ਕੀਤੀ।  ਕੈਂਪ ਦੀ ਸਮਾਪਤੀ ‘ਤੇ ਕਿਸਾਨਾਂ ਨੂੰ ਖੇਤੀ ਸਹਿਤ ਅਤੇ ਕਣਕ ਦੇ ਬੀਜ ਨੂੰ ਲਗਾਉਣ ਵਾਲੇ ਜੀਵਾਣੂੰ ਖਾਦ ਦੇ ਟੀਕਿਆਂ ਦੀਆਂ ਪ੍ਰਦਰਸ਼ਨੀਆਂ ਵੰਡੀਆਂ ਗਈਆਂ। ਇਸ ਕੈਂਪ ਨੂੰ ਸਫ਼ਲ ਬਣਾਉਣ ਵਿੱਚ ਸ. ਗੁਰਲਾਲ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਸ਼ਲਾਘਾਯੋਗ ਉਪਰਾਲੇ ਕੀਤੇ।

Exit mobile version