ਅੰਮ੍ਰਿਤਸਰ, 27 ਸਤੰਬਰ, 2026 (ਗੁਰਮੀਤ ਸਿੰਘ ਤੁੰਗ): ਪੰਜਾਬ ਵਿੱਚ ਸਰਕਾਰੀ ਰਿਹਾਇਸ਼ਾਂ ਦੀ ਅਲਾਟਮੈਂਟ ਅਤੇ ਕਥਿਤ ਕਬਜ਼ੇ ਨੂੰ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਸਿਆਸੀ ਤਕਰਾਰ ਤੇਜ਼ ਹੋ ਗਈ ਹੈ। ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੁਝ ‘ਆਪ’ ਆਗੂਆਂ ਦੇ ਸਰਕਾਰੀ ਮੰਤਰੀ ਕੋਠੀਆਂ ਵਿੱਚ ਰਹਿਣ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਖਹਿਰਾ ਨੇ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਪਸ਼ਟੀਕਰਨ ਮੰਗਦਿਆਂ ਦਾਅਵਾ ਕੀਤਾ ਕਿ ਕੁਝ ਅਜਿਹੇ ਆਗੂ ਸਰਕਾਰੀ ਰਿਹਾਇਸ਼ਾਂ ਵਿੱਚ ਰਹਿ ਰਹੇ ਹਨ, ਜਿਨ੍ਹਾਂ ਕੋਲ ਪੰਜਾਬ ਸਰਕਾਰ ਵਿੱਚ ਕੈਬਨਿਟ ਪੋਰਟਫੋਲੀਓ ਨਹੀਂ ਹੈ। ਖਹਿਰਾ ਨੇ ਖਾਸ ਤੌਰ ’ਤੇ ਮਨੀਸ਼ ਸਿਸੋਦੀਆ, ਜਰਨੈਲ ਸਿੰਘ, ਸਤਿੰਦਰ ਜੈਨ ਅਤੇ ਗਾਇਤਰੀ ਬਿਸ਼ਨੋਈ ਸਮੇਤ ਕੁਝ ਨਾਂ ਲੈਂਦਿਆਂ ਸਰਕਾਰੀ ਕੋਠੀਆਂ ਦੀ ਅਲਾਟਮੈਂਟ ਬਾਰੇ ਸਵਾਲ ਕੀਤੇ। ਉਨ੍ਹਾਂ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਕਿ ਕੋਠੀ ਨੰਬਰ 961 ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਸਰਕਾਰੀ ਰਿਹਾਇਸ਼ ਹੈ ਅਤੇ ਗਾਇਤਰੀ ਬਿਸ਼ਨੋਈ ਉੱਥੇ ਰਹਿ ਰਹੇ ਹਨ।
ਦੂਜੇ ਪਾਸੇ ਗਾਇਤਰੀ ਬਿਸ਼ਨੋਈ ਨੇ ਖਹਿਰਾ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਆਪਣੇ ਬਿਮਾਰ ਮਾਪਿਆਂ ਦੀ ਦੇਖਭਾਲ ਲਈ ਉੱਥੇ ਰਹਿ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਸਬੰਧੀ ਉਨ੍ਹਾਂ ਨੂੰ ਡਾ. ਬਲਬੀਰ ਸਿੰਘ ਦੀ ਸਹਿਮਤੀ ਅਤੇ ਆਸ਼ੀਰਵਾਦ ਪ੍ਰਾਪਤ ਹੈ। ਬਿਸ਼ਨੋਈ ਨੇ ਖਹਿਰਾ ’ਤੇ ਉਨ੍ਹਾਂ ਦੇ ਚਰਿੱਤਰ ਨੂੰ ਲੈ ਕੇ ਗਲਤ ਦੋਸ਼ ਲਗਾਉਣ ਦਾ ਇਲਜ਼ਾਮ ਲਗਾਇਆ ਅਤੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਵੀ ਕਹੀ। ਖਹਿਰਾ ਨੇ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਵਿੱਚ ਹੋਰ ਸਰਕਾਰੀ ਰਿਹਾਇਸ਼ਾਂ ਬਾਰੇ ਵੀ ਸਵਾਲ ਚੁੱਕੇ ਅਤੇ ਮੁੱਖ ਮੰਤਰੀ ਤੋਂ ਇਹ ਸਪਸ਼ਟ ਕਰਨ ਦੀ ਮੰਗ ਕੀਤੀ ਕਿ ਇਨ੍ਹਾਂ ਕੋਠੀਆਂ ਦੀ ਅਲਾਟਮੈਂਟ ਕਿਸ ਅਧਿਕਾਰ ਤਹਿਤ ਕੀਤੀ ਗਈ ਹੈ।
ਇਹ ਵਿਵਾਦ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਤੇਜ਼ ਹੋ ਰਹੀਆਂ ਹਨ। ਹਾਲਾਂਕਿ ਚੋਣਾਂ ਦੀ ਅਧਿਕਾਰਤ ਤਾਰੀਖ ਹਾਲੇ ਐਲਾਨੀ ਨਹੀਂ ਗਈ ਹੈ। ਇਸ ਦੌਰਾਨ ਜੀਐੱਮਏਡੀਏ ਨਾਲ ਜੁੜੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਤੋਂ ਬਾਅਦ ਵੀ ਪੰਜਾਬ ਵਿੱਚ ‘ਆਪ’ ਅਤੇ ਵਿਰੋਧੀ ਪਾਰਟੀਆਂ ਵਿਚਾਲੇ ਤਕਰਾਰ ਜਾਰੀ ਹੈ। ‘ਆਪ’ ਨੇ ਕੇਂਦਰੀ ਏਜੰਸੀ ਦੀ ਕਾਰਵਾਈ ’ਤੇ ਸਵਾਲ ਚੁੱਕੇ ਹਨ, ਜਦਕਿ ਈਡੀ ਨੇ ਆਪਣੀ ਜਾਂਚ ਨਾਲ ਸਬੰਧਤ ਦਾਅਵੇ ਕੀਤੇ ਹਨ। ਸਰਕਾਰੀ ਰਿਹਾਇਸ਼ਾਂ ਸਬੰਧੀ ਖਹਿਰਾ ਵੱਲੋਂ ਲਗਾਏ ਗਏ ਦੋਸ਼ਾਂ ਅਤੇ ਉਨ੍ਹਾਂ ’ਤੇ ‘ਆਪ’ ਆਗੂਆਂ ਦੇ ਜਵਾਬਾਂ ਵਿਚਕਾਰ ਹੁਣ ਸਰਕਾਰੀ ਪੱਧਰ ’ਤੇ ਕਿਸੇ ਸਪਸ਼ਟੀਕਰਨ ਦੀ ਉਡੀਕ ਕੀਤੀ ਜਾ ਰਹੀ ਹੈ।
