ਚੰਡੀਗੜ੍ਹ/ਜਲੰਧਰ, 27 ਸਤੰਬਰ, 2026 (ਕਾਜਲ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਪੰਜਾਬ ਦੇ ਹਾਕੀ ਖਿਡਾਰੀ ਅਤੇ ਕੋਚ ਰਾਜਿੰਦਰ ਸਿੰਘ ਸੀਨੀਅਰ ਦੀਆਂ ਸੇਵਾਵਾਂ ਅਤੇ ਹਾਕੀ ਪ੍ਰਤੀ ਉਨ੍ਹਾਂ ਦੇ ਯੋਗਦਾਨ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ 1980 ਮਾਸਕੋ ਓਲੰਪਿਕ ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਹਿੱਸਾ ਰਹੇ ਰਾਜਿੰਦਰ ਸਿੰਘ ਦੀਆਂ ਪ੍ਰਾਪਤੀਆਂ ਨੂੰ ਯਾਦ ਕੀਤਾ। ਉਨ੍ਹਾਂ ਨੇ 1981-82 ਵਿਸ਼ਵ ਕੱਪ ਅਤੇ 1982 ਏਸ਼ੀਆ ਕੱਪ ਨਾਲ ਜੁੜੀਆਂ ਉਨ੍ਹਾਂ ਦੀਆਂ ਖੇਡ ਉਪਲਬਧੀਆਂ ਦਾ ਵੀ ਜ਼ਿਕਰ ਕੀਤਾ।
ਪੀਐੱਮ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਖੇਡ ਪ੍ਰਤਿਭਾ ਦੀ ਭਾਲ ਲਈ ਪਿੰਡਾਂ ਅਤੇ ਛੋਟੇ ਸ਼ਹਿਰਾਂ ਤੱਕ ਪਹੁੰਚਣਾ ਜ਼ਰੂਰੀ ਹੈ। ਉਨ੍ਹਾਂ ਰਾਜਿੰਦਰ ਸਿੰਘ ਸੀਨੀਅਰ ਨੂੰ ਉਨ੍ਹਾਂ ਵਿਅਕਤੀਆਂ ਵਿੱਚ ਸ਼ਾਮਲ ਕੀਤਾ ਜੋ ਪਿੰਡਾਂ ਵਿੱਚੋਂ ਨੌਜਵਾਨ ਖਿਡਾਰੀਆਂ ਦੀ ਪ੍ਰਤਿਭਾ ਪਛਾਣਨ ਅਤੇ ਉਸ ਨੂੰ ਨਿਖਾਰਨ ਲਈ ਲਗਾਤਾਰ ਕੰਮ ਕਰ ਰਹੇ ਹਨ। ਰਾਜਿੰਦਰ ਸਿੰਘ ਸੀਨੀਅਰ ਦਾ ਜਨਮ 7 ਜਨਵਰੀ 1958 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਕਰਲੀ ਪਿੰਡ ਵਿੱਚ ਹੋਇਆ। ਕਾਲਜ ਦੇ ਸਮੇਂ ਤੋਂ ਹੀ ਉਨ੍ਹਾਂ ਦਾ ਰੁਝਾਨ ਹਾਕੀ ਵੱਲ ਵਧਿਆ ਅਤੇ 1976 ਵਿੱਚ ਉਨ੍ਹਾਂ ਦੀ ਕਪਤਾਨੀ ਹੇਠ ਪੰਜਾਬੀ ਯੂਨੀਵਰਸਿਟੀ ਦੀ ਟੀਮ ਨੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਚੈਂਪੀਅਨਸ਼ਿਪ ਜਿੱਤੀ।
ਭਾਰਤੀ ਟੀਮ ਦੇ ਡਿਫੈਂਡਰ ਵਜੋਂ ਰਾਜਿੰਦਰ ਸਿੰਘ ਆਪਣੀ ਪੈਨਲਟੀ ਕਾਰਨਰ ਲਗਾਉਣ ਦੀ ਸਮਰੱਥਾ ਲਈ ਵੀ ਜਾਣੇ ਜਾਂਦੇ ਰਹੇ। 1980 ਦੀਆਂ ਮਾਸਕੋ ਓਲੰਪਿਕ ਖੇਡਾਂ ਵਿੱਚ ਭਾਰਤ ਨੇ ਫਾਈਨਲ ਵਿੱਚ ਸਪੇਨ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਅਤੇ ਰਾਜਿੰਦਰ ਸਿੰਘ ਉਸ ਟੀਮ ਦਾ ਹਿੱਸਾ ਸਨ।1981-82 ਦੇ ਵਿਸ਼ਵ ਕੱਪ ਵਿੱਚ ਉਨ੍ਹਾਂ ਨੇ 13 ਗੋਲ ਕੀਤੇ ਅਤੇ ਟੂਰਨਾਮੈਂਟ ਦੇ ਸਿਖਰਲੇ ਸਕੋਰਰ ਰਹੇ। 1982 ਏਸ਼ੀਆਈ ਖੇਡਾਂ ਵਿੱਚ ਵੀ ਉਨ੍ਹਾਂ ਨੇ ਭਾਰਤ ਦੀ ਨੁਮਾਇੰਦਗੀ ਕੀਤੀ, ਜਿੱਥੇ ਭਾਰਤੀ ਟੀਮ ਨੇ ਚਾਂਦੀ ਦਾ ਤਮਗਾ ਜਿੱਤਿਆ। ਖੇਡ ਤੋਂ ਸੰਨਿਆਸ ਤੋਂ ਬਾਅਦ ਰਾਜਿੰਦਰ ਸਿੰਘ ਸੀਨੀਅਰ ਨੇ ਆਪਣਾ ਧਿਆਨ ਨੌਜਵਾਨ ਹਾਕੀ ਖਿਡਾਰੀਆਂ ਨੂੰ ਤਿਆਰ ਕਰਨ ਵੱਲ ਕੇਂਦਰਿਤ ਕੀਤਾ। ਉਨ੍ਹਾਂ ਨੇ ਚੰਡੀਗੜ੍ਹ ਹਾਕੀ ਅਕੈਡਮੀ ਅਤੇ ਐੱਨਆਈਐੱਸ ਪਟਿਆਲਾ ਸਮੇਤ ਵੱਖ-ਵੱਖ ਸੰਸਥਾਵਾਂ ਨਾਲ ਜੁੜ ਕੇ ਕੋਚ ਵਜੋਂ ਸੇਵਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਮੌਜੂਦਾ ਯਤਨਾਂ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਤਹਿਤ ਪੰਜਾਬ ਦੇ ਪਿੰਡਾਂ ਵਿੱਚ ਹਾਕੀ ਲਈ ਐਸਟਰੋਟਰਫ਼ ਮੈਦਾਨ ਵਿਕਸਿਤ ਕੀਤੇ ਜਾ ਰਹੇ ਹਨ। ਰਾਜਿੰਦਰ ਸਿੰਘ ਸੀਨੀਅਰ ਦਾ ਧਿਆਨ ਖਾਸ ਤੌਰ ’ਤੇ ਉਨ੍ਹਾਂ ਪਿੰਡਾਂ ਦੇ ਬੱਚਿਆਂ ਨੂੰ ਮੌਕੇ ਦੇਣ ’ਤੇ ਹੈ, ਜਿੱਥੇ ਉੱਚ ਪੱਧਰੀ ਕੋਚਿੰਗ ਸਹੂਲਤਾਂ ਦੀ ਘਾਟ ਹੈ। ਇਸ ਤਰ੍ਹਾਂ ਰਾਜਿੰਦਰ ਸਿੰਘ ਸੀਨੀਅਰ ਦਾ ਖੇਡ ਮੈਦਾਨ ਤੋਂ ਲੈ ਕੇ ਕੋਚਿੰਗ ਅਤੇ ਗਰਾਸਰੂਟ ਪੱਧਰ ’ਤੇ ਹਾਕੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਤੱਕ ਦਾ ਸਫ਼ਰ ਭਾਰਤੀ ਹਾਕੀ ਨਾਲ ਉਨ੍ਹਾਂ ਦੇ ਲੰਬੇ ਜੁੜਾਅ ਨੂੰ ਦਰਸਾਉਂਦਾ ਹੈ।
