ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਵਿਭਾਗ ਦੇ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਸ੍ਰੀਮਦ ਭਗਵਦ ਗੀਤਾ ਪ੍ਰਾਇਮਰੀ ਸਕੂਲ ਬਾਲਘਰ ਦੀ ਪਹਿਲੀ ਮੰਜ਼ਿਲ ਦੀ ਇਮਾਰਤ ਦਾ ਰੱਖਿਆ ਨੀਂਹ ਪੱਥਰ
ਕੈਬਨਿਟ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਸ੍ਰੀਮਦ ਭਗਵਦ ਗੀਤਾ ਪ੍ਰਾਇਮਰੀ ਸਕੂਲ ਬਾਲਗੜ੍ਹ ਦੀ ਇਮਾਰਤ ਦੇ ਨਿਰਮਾਣ ਲਈ 11 ਲੱਖ ਰੁਪਏ ਦੇਣ ਦਾ ਕੀਤਾ ਐਲਾਨ
ਕੁਰੂਕਸ਼ੇਤਰ, 12 ਸਤੰਬਰ, 2026 (ਸੰਜੀਵ ਸ਼ਰਮਾ): ਹਰਿਆਣਾ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਵਿਭਾਗ ਦੇ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਕਿਹਾ ਕਿ ਹੁਣ ਪੰਜਾਬ ਦੇ ਮੁਲਾਜ਼ਮ ਅਤੇ ਨਾਗਰਿਕ ਪੰਜਾਬ ਸਰਕਾਰ ਤੋਂ ਹਰਿਆਣਾ ਮਾਡਲ ਅਤੇ ਹਰਿਆਣਾ ਪੈਟਰਨ ਲਾਗੂ ਕਰਨ ਦੀ ਮੰਗ ਕਰ ਰਹੇ ਹਨ, ਜਦਕਿ ਸਾਲ 2014 ਤੋਂ ਪਹਿਲਾਂ ਹਰਿਆਣਾ ਦੇ ਮੁਲਾਜ਼ਮ ਪੰਜਾਬ ਪੈਟਰਨ ਦੀ ਮੰਗ ਕਰਦੇ ਸਨ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਰਹਿਨੁਮਾਈ ਹੇਠ ਸੂਬੇ ਦਾ ਸਰਬਪੱਖੀ ਅਤੇ ਬਰਾਬਰ ਵਿਕਾਸ ਕਰਵਾਇਆ ਜਾ ਰਿਹਾ ਹੈ। ਸੂਬੇ ਦੇ ਲੋਕਾਂ ਨੂੰ ਸਿੱਖਿਆ ਅਤੇ ਸਿਹਤ ਸਮੇਤ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਹਰਿਆਣਾ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਵਿਭਾਗ ਦੇ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਸ਼ਨੀਵਾਰ ਨੂੰ ਸ੍ਰੀਮਦ ਭਗਵਦ ਗੀਤਾ ਪ੍ਰਾਇਮਰੀ ਸਕੂਲ (ਬਾਲਘਰ) ਵਿਖੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਸ੍ਰੀਮਦ ਭਗਵਦ ਗੀਤਾ ਪ੍ਰਾਇਮਰੀ ਸਕੂਲ (ਬਾਲਘਰ) ਦੀ ਇਮਾਰਤ ਦੀ ਪਹਿਲੀ ਮੰਜ਼ਿਲ ਦਾ ਨੀਂਹ ਪੱਥਰ ਰੱਖਿਆ। ਸਮਾਗਮ ਦੌਰਾਨ ਕੈਬਨਿਟ ਮੰਤਰੀ ਨੇ ਸੰਸਥਾ ਨੂੰ 11 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਕੈਬਨਿਟ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਕਿਹਾ ਕਿ ਸ੍ਰੀਮਦ ਭਗਵਦ ਗੀਤਾ ਪ੍ਰਾਇਮਰੀ ਸਕੂਲ ਸਿਰਫ਼ ਸਿੱਖਿਆ ਦਾ ਮੰਦਰ ਹੀ ਨਹੀਂ, ਸਗੋਂ ਸੰਸਕਾਰ ਕੇਂਦਰ ਅਤੇ ਵਿਚਾਰ ਘਰ ਵੀ ਹੈ। ਸੰਸਥਾ ਵਿੱਚ ਅੱਖਰ ਗਿਆਨ, ਸੰਸਕਾਰ ਅਤੇ ਚੰਗੇ ਵਿਚਾਰਾਂ ਦੇ ਨਾਲ-ਨਾਲ ਵਿਗਿਆਨ ਅਤੇ ਤਕਨਾਲੋਜੀ ਦੀ ਸਿੱਖਿਆ ਵੀ ਦਿੱਤੀ ਜਾ ਰਹੀ ਹੈ। ਇੱਥੋਂ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸੂਬੇ ਅਤੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।

ਉਨ੍ਹਾਂ ਕਿਹਾ ਕਿ ਸਾਲ 2014 ਵਿੱਚ ਸੂਬੇ ਵਿੱਚ ਸਰਕਾਰ ਬਣਨ ਤੋਂ ਬਾਅਦ ਤਤਕਾਲੀ ਮੁੱਖ ਮੰਤਰੀ ਵੱਲੋਂ ਹਰ ਤਰ੍ਹਾਂ ਦੇ ਪੈਨਸ਼ਨਰਾਂ ਦੀ ਪੈਨਸ਼ਨ ਆਨਲਾਈਨ ਮਾਧਿਅਮ ਰਾਹੀਂ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜਣ ਦੀ ਵਿਵਸਥਾ ਕੀਤੀ ਗਈ। ਸਰਕਾਰ ਦੇ ਸਾਹਮਣੇ 36 ਲੱਖ ਖਾਤਿਆਂ ਨੂੰ ਆਨਲਾਈਨ ਕਰਨ ਦੀ ਚੁਣੌਤੀ ਸੀ, ਜਿਸ ਨੂੰ ਸਰਕਾਰ ਨੇ 13 ਮਹੀਨਿਆਂ ਵਿੱਚ ਪੂਰਾ ਕਰ ਲਿਆ। ਇਸ ਦਾ ਲਾਭ ਇਹ ਹੋਇਆ ਕਿ ਚੰਡੀਗੜ੍ਹ ਤੋਂ ਜਾਰੀ ਹੋਣ ਵਾਲੀ ਪੂਰੀ ਰਕਮ ਲਾਭਪਾਤਰੀਆਂ ਦੇ ਖਾਤਿਆਂ ਤੱਕ ਪਹੁੰਚਣ ਲੱਗੀ। ਉਨ੍ਹਾਂ ਦਾਅਵਾ ਕੀਤਾ ਕਿ ਪਹਿਲੀਆਂ ਸਰਕਾਰਾਂ ਦੌਰਾਨ ਚੰਡੀਗੜ੍ਹ ਤੋਂ ਪੂਰੀ ਰਕਮ ਜਾਰੀ ਹੋਣ ਦੇ ਬਾਵਜੂਦ ਲਾਭਪਾਤਰੀਆਂ ਤੱਕ ਪਹੁੰਚਦਿਆਂ ਇਹ ਅੱਧੀ ਤੋਂ ਵੀ ਘੱਟ ਰਹਿ ਜਾਂਦੀ ਸੀ। ਇਸ ਦੇ ਨਾਲ ਹੀ ਰਕਮ ਵੰਡਣ ਵਿੱਚ ਲੱਗਣ ਵਾਲੇ ਵੱਡੇ ਪੱਧਰ ਦੇ ਮਨੁੱਖੀ ਸਰੋਤ ਅਤੇ ਸਮੇਂ ਦੀ ਸਮੱਸਿਆ ਵੀ ਖ਼ਤਮ ਹੋਈ ਹੈ।

ਕੈਬਨਿਟ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੌਜਵਾਨਾਂ ਨੂੰ ਬਿਨਾਂ ਕਿਸੇ ‘ਖਰਚੀ-ਪਰਚੀ’ ਦੇ ਯੋਗਤਾ ਦੇ ਆਧਾਰ ’ਤੇ ਸਰਕਾਰੀ ਨੌਕਰੀਆਂ ਦੇ ਰਹੀ ਹੈ। ਇਸ ਨਾਲ ਨੌਜਵਾਨਾਂ ਵਿੱਚ ਪੜ੍ਹਾਈ ਪ੍ਰਤੀ ਰੁਝਾਨ ਵਧਿਆ ਹੈ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਦੌਰਾਨ ਨੌਕਰੀ ਹਾਸਲ ਕਰਨ ਲਈ ਮੰਤਰੀਆਂ ਅਤੇ ਵਿਧਾਇਕਾਂ ਦੇ ਪਰਿਵਾਰਾਂ, ਖੇਤਰ ਅਤੇ ‘ਖਰਚੀ’ ਵਰਗੇ ਪ੍ਰਭਾਵਾਂ ਦਾ ਸਹਾਰਾ ਲੈਣਾ ਪੈਂਦਾ ਸੀ। ਇਸੇ ਤਰ੍ਹਾਂ ਵਿਕਾਸ ਦੇ ਮਾਮਲੇ ਵਿੱਚ ਵੀ ਜਾਤੀਵਾਦ, ਖੇਤਰਵਾਦ ਅਤੇ ਪਰਿਵਾਰਵਾਦ ਨੂੰ ਤਰਜੀਹ ਦਿੱਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਸਾਲ 2014 ਤੋਂ ਬਾਅਦ ‘ਸਭ ਦਾ ਸਾਥ, ਸਭ ਦਾ ਵਿਕਾਸ ਅਤੇ ਸਭ ਦਾ ਵਿਸ਼ਵਾਸ’ ਦੀ ਭਾਵਨਾ ਨਾਲ ਨੀਤੀਆਂ ਸਾਰੇ ਸੂਬੇ ਵਿੱਚ ਲਾਗੂ ਕੀਤੀਆਂ ਜਾ ਰਹੀਆਂ ਹਨ ਅਤੇ ਹਰ ਵਿਧਾਨ ਸਭਾ ਹਲਕੇ ਦਾ ਬਰਾਬਰ ਵਿਕਾਸ ਕਰਵਾਇਆ ਜਾ ਰਿਹਾ ਹੈ।
ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ’ਤੇ ਸਹਿਮਤੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ ਸੂਬੇ ਵਿੱਚ ਸਫ਼ਾਈ ਕਰਮਚਾਰੀ ਮੁੜ ਕੰਮ ’ਤੇ ਪਰਤ ਆਏ ਹਨ। ਇਸ ਮੌਕੇ ਸਹਿ-ਪ੍ਰਾਂਤ ਕਾਰਜਵਾਹ ਅਤੇ ਮੁੱਖ ਬੁਲਾਰੇ ਡਾ. ਪ੍ਰੀਤਮ ਸਿੰਘ, ਹਿੰਦੂ ਸਿੱਖਿਆ ਸਮਿਤੀ ਹਰਿਆਣਾ ਦੇ ਪ੍ਰਧਾਨ ਡਾ. ਰਿਸ਼ੀਰਾਜ ਵਸ਼ਿਸ਼ਠ, ਸਮਾਜ ਸੇਵੀ ਲਾਲਜਪਤ ਰਾਏ ਸਿੰਗਲਾ, ਸਕੂਲ ਕਮੇਟੀ ਦੇ ਪ੍ਰਧਾਨ ਮਹਿੰਦਰ ਪਾਲ ਸਿੰਗਲਾ, ਪ੍ਰਬੰਧਕ ਜੀਵਨ ਮੋਦਗਿਲ, ਪ੍ਰਿੰਸੀਪਲ ਚੇਤਨਾ ਵਸ਼ਿਸ਼ਠ, ਸੁਖਬੀਰ ਚੰਦ ਰਾਇਸਨ ਸਮੇਤ ਹੋਰ ਪਤਵੰਤੇ ਨਾਗਰਿਕ ਮੌਜੂਦ ਸਨ।







