ਪਹਿਲੀ ਸੂਚੀ ਵਿੱਚ ਮਾਝਾ, ਮਾਲਵਾ ਅਤੇ ਦੋਆਬਾ ਦੇ ਕਈ ਅਹਿਮ ਹਲਕੇ ਸ਼ਾਮਲ; ਕੇਜਰੀਵਾਲ ਦੀ ਅਗਵਾਈ ਹੇਠ ਹੋਈ ਮੀਟਿੰਗ ਤੋਂ ਬਾਅਦ ਜਾਰੀ ਕੀਤੇ ਨਾਮ
ਚੰਡੀਗੜ੍ਹ, 31 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ ) : ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਆਮ ਆਦਮੀ ਪਾਰਟੀ (AAP) ਨੇ ਆਪਣੀ ਚੋਣ ਤਿਆਰੀ ਤੇਜ਼ ਕਰ ਦਿੱਤੀ ਹੈ। ਪਾਰਟੀ ਨੇ 117 ਵਿਧਾਨ ਸਭਾ ਸੀਟਾਂ ਵਿੱਚੋਂ 40 ਹਲਕਿਆਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਕਈ ਮੌਜੂਦਾ ਵਿਧਾਇਕਾਂ ਅਤੇ ਸੀਨੀਅਰ ਆਗੂਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਪਾਰਟੀ ਵੱਲੋਂ ਕੀਤੇ ਐਲਾਨ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਧੂਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ, ਜਦਕਿ ਪਟਿਆਲਾ ਸੀਟ ਤੋਂ ਅਜੀਤਪਾਲ ਸਿੰਘ ਕੋਹਲੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਲੁਧਿਆਣਾ ਪੱਛਮੀ ਤੋਂ ਸੰਜੀਵ ਅਰੋੜਾ, ਬਟਾਲਾ ਤੋਂ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ ਅਤੇ ਅੰਮ੍ਰਿਤਸਰ ਦੱਖਣੀ ਤੋਂ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਟਿਕਟ ਦਿੱਤੀ ਗਈ ਹੈ।
ਮਾਝਾ ਅਤੇ ਦੋਆਬਾ ਖੇਤਰ ਦੇ ਉਮੀਦਵਾਰ
ਮਾਝਾ ਖੇਤਰ ਵਿੱਚ ਬਟਾਲਾ ਤੋਂ ਸ਼ੈਰੀ ਕਲਸੀ, ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ, ਅੰਮ੍ਰਿਤਸਰ ਦੱਖਣੀ ਤੋਂ ਡਾ. ਇੰਦਰਬੀਰ ਸਿੰਘ ਨਿੱਝਰ, ਤਰਨਤਾਰਨ ਤੋਂ ਹਰਮੀਤ ਸਿੰਘ ਸੰਧੂ ਅਤੇ ਖੇਮਕਰਨ ਤੋਂ ਸਰਵਣ ਸਿੰਘ ਧੁੰਨ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਦੋਆਬਾ ਖੇਤਰ ਵਿੱਚ ਨਕੋਦਰ ਤੋਂ ਇੰਦਰਜੀਤ ਕੌਰ ਮਾਨ, ਕਰਤਾਰਪੁਰ ਤੋਂ ਬਲਕਾਰ ਸਿੰਘ, ਦਸੂਹਾ ਤੋਂ ਕਰਮਬੀਰ ਸਿੰਘ ਘੁੰਮਣ, ਉੜਮੁੜ ਤੋਂ ਜਸਵੀਰ ਸਿੰਘ ਰਾਜਾ ਗਿੱਲ, ਹੁਸ਼ਿਆਰਪੁਰ ਤੋਂ ਬ੍ਰਮ ਸ਼ੰਕਰ ਸ਼ਰਮਾ ਜਿੰਪਾ, ਚੱਬੇਵਾਲ ਤੋਂ ਇਸ਼ਾਂਕ ਕੁਮਾਰ ਚੱਬੇਵਾਲ, ਗੜ੍ਹਸ਼ੰਕਰ ਤੋਂ ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਬਲਾਚੌਰ ਤੋਂ ਸੰਤੋਸ਼ ਕਟਾਰੀਆ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਮਾਲਵਾ ਖੇਤਰ ਦੀਆਂ ਅਹਿਮ ਸੀਟਾਂ ’ਤੇ ਵੀ ਐਲਾਨ
ਮਾਲਵਾ ਖੇਤਰ ਦੀਆਂ ਸੀਟਾਂ ਲਈ ਵੀ ਪਾਰਟੀ ਨੇ ਕਈ ਅਹਿਮ ਨਾਮ ਸਾਹਮਣੇ ਲਿਆਂਦੇ ਹਨ। ਰੂਪਨਗਰ ਤੋਂ ਦਿਨੇਸ਼ ਚੱਢਾ, ਮੋਹਾਲੀ ਤੋਂ ਕੁਲਵੰਤ ਸਿੰਘ, ਫਤਿਹਗੜ੍ਹ ਸਾਹਿਬ ਤੋਂ ਲਖਬੀਰ ਸਿੰਘ ਰਾਏ, ਅਮਲੋਹ ਤੋਂ ਗੁਰਿੰਦਰ ਸਿੰਘ ਗੈਰੀ ਵੜਿੰਗ ਅਤੇ ਸਮਰਾਲਾ ਤੋਂ ਜਗਤਾਰ ਸਿੰਘ ਦਿਆਲਪੁਰਾ ਨੂੰ ਟਿਕਟ ਦਿੱਤੀ ਗਈ ਹੈ। ਲੁਧਿਆਣਾ ਪੂਰਬੀ ਤੋਂ ਦਲਜੀਤ ਸਿੰਘ ਗਰੇਵਾਲ ਭੋਲਾ, ਆਤਮ ਨਗਰ ਤੋਂ ਕੁਲਵੰਤ ਸਿੰਘ ਸਿੱਧੂ, ਲੁਧਿਆਣਾ ਕੇਂਦਰੀ ਤੋਂ ਅਸ਼ੋਕ ਪ੍ਰਾਸ਼ਰ ਪੱਪੀ, ਲੁਧਿਆਣਾ ਉੱਤਰੀ ਤੋਂ ਚੌਧਰੀ ਮਦਨ ਲਾਲ ਬੱਗਾ ਅਤੇ ਪਾਇਲ ਤੋਂ ਮਨਵਿੰਦਰ ਸਿੰਘ ਗਿਆਸਪੁਰਾ ਚੋਣ ਲੜਨਗੇ। ਇਸੇ ਤਰ੍ਹਾਂ ਨਿਹਾਲ ਸਿੰਘ ਵਾਲਾ ਤੋਂ ਮਨਜੀਤ ਸਿੰਘ ਬਿਲਾਸਪੁਰ, ਬਾਘਾ ਪੁਰਾਣਾ ਤੋਂ ਅੰਮ੍ਰਿਤਪਾਲ ਸਿੰਘ ਸੁਖਾਨੰਦ, ਮੋਗਾ ਤੋਂ ਡਾ. ਅਮਨਦੀਪ ਕੌਰ ਅਰੋੜਾ, ਧਰਮਕੋਟ ਤੋਂ ਦਵਿੰਦਰ ਜੀਤ ਸਿੰਘ ਲਾਡੀ ਢੋਸ, ਜਲਾਲਾਬਾਦ ਤੋਂ ਜਗਦੀਪ ਕੰਬੋਜ ਗੋਲਡੀ, ਫਾਜ਼ਿਲਕਾ ਤੋਂ ਨਰਿੰਦਰਪਾਲ ਸਿੰਘ ਸਵਨਾ ਅਤੇ ਮੁਕਤਸਰ ਤੋਂ ਜਗਦੀਪ ਸਿੰਘ ਕਾਕਾ ਬਰਾੜ ਨੂੰ ਉਮੀਦਵਾਰ ਬਣਾਇਆ ਗਿਆ ਹੈ। ਕੋਟਕਪੂਰਾ ਤੋਂ ਕੁਲਤਾਰ ਸਿੰਘ ਸੰਧਵਾਂ, ਜੈਤੋ ਤੋਂ ਅਮੋਲਕ ਸਿੰਘ, ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ, ਸਰਦੂਲਗੜ੍ਹ ਤੋਂ ਗੁਰਪ੍ਰੀਤ ਸਿੰਘ ਬਨਾਵਾਲੀ, ਭਦੌੜ ਤੋਂ ਲਾਭ ਸਿੰਘ ਉਗੋਕੇ, ਮਹਿਲ ਕਲਾਂ ਤੋਂ ਕੁਲਵੰਤ ਸਿੰਘ ਪੰਡੋਰੀ ਅਤੇ ਅਮਰਗੜ੍ਹ ਤੋਂ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਟਿਕਟ ਦਿੱਤੀ ਗਈ ਹੈ।
ਦਿੱਲੀ ਵਿੱਚ ਹੋਈ ਸੀ ਸੀਨੀਅਰ ਲੀਡਰਸ਼ਿਪ ਦੀ ਬੈਠਕ
ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਅਹਿਮ ਬੈਠਕ ਹੋਈ। ਇਸ ਦੀ ਅਗਵਾਈ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੀਤੀ। ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਅਤੇ ਹੋਰ ਸੀਨੀਅਰ ਆਗੂ ਮੌਜੂਦ ਸਨ। ਬੈਠਕ ਦੌਰਾਨ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦੀ ਚੋਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਹੀ ਸੰਕੇਤ ਦਿੱਤਾ ਸੀ ਕਿ ਪਹਿਲੀ ਸੂਚੀ ਸ਼ਨੀਵਾਰ ਨੂੰ ਜਾਰੀ ਕੀਤੀ ਜਾਵੇਗੀ।
ਬਾਕੀ ਸੀਟਾਂ ਲਈ ਬਾਅਦ ਵਿੱਚ ਹੋਵੇਗਾ ਐਲਾਨ
ਮੁੱਖ ਮੰਤਰੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪਾਰਟੀ ਦੀ ਬੈਠਕ ਵਿੱਚ ਪੰਜਾਬ ਦੇ ਅਹਿਮ ਮੁੱਦਿਆਂ ਦੇ ਨਾਲ-ਨਾਲ ਚੋਣ ਰਣਨੀਤੀ ਅਤੇ ਉਮੀਦਵਾਰਾਂ ਬਾਰੇ ਵੀ ਚਰਚਾ ਕੀਤੀ ਗਈ। ਪਾਰਟੀ ਸਾਰੀਆਂ 117 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਇੱਕੋ ਵਾਰ ਕਰਨ ਦੀ ਬਜਾਏ ਵੱਖ-ਵੱਖ ਪੜਾਵਾਂ ਵਿੱਚ ਕਰੇਗੀ। ਟਿਕਟਾਂ ਦੀ ਵੰਡ ਸਬੰਧੀ ਵਿਚਾਰ-ਵਟਾਂਦਰੇ ਦੌਰਾਨ ਦੋ ਵਾਰ ਚੋਣ ਜਿੱਤ ਚੁੱਕੇ ਉਮੀਦਵਾਰਾਂ ਨੂੰ ਤੀਜੀ ਵਾਰ ਮੌਕਾ ਦੇਣ ਦੇ ਮੁੱਦੇ ’ਤੇ ਵੀ ਚਰਚਾ ਹੋਈ। ਪਹਿਲੀ ਸੂਚੀ ਜਾਰੀ ਹੋਣ ਤੋਂ ਬਾਅਦ ਹੁਣ ਬਾਕੀ 77 ਵਿਧਾਨ ਸਭਾ ਹਲਕਿਆਂ ਲਈ ਪਾਰਟੀ ਦੇ ਅਗਲੇ ਐਲਾਨਾਂ ’ਤੇ ਸਿਆਸੀ ਨਜ਼ਰਾਂ ਟਿਕੀਆਂ ਹੋਈਆਂ ਹਨ।






