Home ਪੰਜਾਬ ਪਲਸ ਪੋਲੀਓ ਮੁਹਿੰਮ – ਬਲਾਕ ਠੱਠੀ ਭਾਈ ਵਿੱਚ 60 ਫ਼ੀਸਦੀ ਤੋਂ ਵੱਧ...

ਪਲਸ ਪੋਲੀਓ ਮੁਹਿੰਮ – ਬਲਾਕ ਠੱਠੀ ਭਾਈ ਵਿੱਚ 60 ਫ਼ੀਸਦੀ ਤੋਂ ਵੱਧ ਬੱਚਿਆਂ ਨੂੰ ਪਿਲਾਈਆਂ ਗਈਆਂ ਪੋਲੀਓ ਬੂੰਦਾਂ

Health Department teams are visiting homes to vaccinate children, parents are being urged to cooperate in the campaign

0
ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਪਹੁੰਚ ਕੇ ਕਰ ਰਹੀਆਂ ਹਨ ਬੱਚਿਆਂ ਦਾ ਟੀਕਾਕਰਨ, ਮਾਪਿਆਂ ਨੂੰ ਮੁਹਿੰਮ ਵਿੱਚ ਸਹਿਯੋਗ ਦੀ ਅਪੀਲ

ਮੋਗਾ: 30 ਜੂਨ 2026 (ਲਛਮਣ ਜੀਤ ਸਿੰਘ ਪੁਰਬਾ): ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਪਲਸ ਪੋਲੀਓ ਮੁਹਿੰਮ ਦੇ ਦੂਜੇ ਦਿਨ ਬਲਾਕ ਠੱਠੀ ਭਾਈ ਵਿੱਚ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਗਿਆ। ਸਿਵਲ ਸਰਜਨ ਡਾ. ਅਸ਼ੋਕ ਕੁਮਾਰ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰੀਤੂ ਜੈਨ ਦੀ ਅਗਵਾਈ ਹੇਠ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ।

ਬਲਾਕ ਨੋਡਲ ਅਫ਼ਸਰ ਡਾ. ਹਰਿਸ਼ ਕੁਮਾਰ ਨੇਹਰਾ ਦੀ ਨਿਗਰਾਨੀ ਹੇਠ ਚੱਲੀ ਇਸ ਮੁਹਿੰਮ ਦੌਰਾਨ ਇੱਕ 5 ਸਾਲ ਦੇ ਬੱਚੇ ਨੂੰ “ਦੋ ਬੂੰਦਾਂ ਜ਼ਿੰਦਗੀ ਦੀਆਂ” ਪਿਲਾ ਕੇ ਲੋਕਾਂ ਨੂੰ ਪੋਲੀਓ ਖ਼ਿਲਾਫ਼ ਜਾਗਰੂਕ ਕੀਤਾ ਗਿਆ।

ਡਾ. ਹਰਿਸ਼ ਕੁਮਾਰ ਨੇਹਰਾ ਨੇ ਕਿਹਾ ਕਿ ਪੋਲੀਓ ਇੱਕ ਗੰਭੀਰ ਬਿਮਾਰੀ ਹੈ, ਜਿਸ ਤੋਂ ਬਚਾਅ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਸਮੇਂ ਸਿਰ ਪੋਲੀਓ ਦੀਆਂ ਬੂੰਦਾਂ ਪਿਲਾਉਣਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੰਜ ਸਾਲ ਤੋਂ ਘੱਟ ਉਮਰ ਦੇ ਹਰ ਬੱਚੇ ਨੂੰ ਪੋਲੀਓ ਬੂਥ ਜਾਂ ਸਿਹਤ ਟੀਮ ਕੋਲ ਜ਼ਰੂਰ ਲੈ ਕੇ ਆਉਣ।

ਉਨ੍ਹਾਂ ਦੱਸਿਆ ਕਿ ਮੁਹਿੰਮ ਦੇ ਦੂਜੇ ਦਿਨ ਤੱਕ ਬਲਾਕ ਠੱਠੀ ਭਾਈ ਵਿੱਚ 60 ਫ਼ੀਸਦੀ ਤੋਂ ਵੱਧ ਟੀਚਾ ਪੂਰਾ ਕੀਤਾ ਜਾ ਚੁੱਕਾ ਹੈ। ਬਾਕੀ ਰਹਿ ਗਏ ਬੱਚਿਆਂ ਨੂੰ ਵੀ ਕਵਰ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਪੋਲੀਓ ਰੋਕੂ ਬੂੰਦਾਂ ਪਿਲਾ ਰਹੀਆਂ ਹਨ।

ਮਾਸ ਮੀਡੀਆ ਵਿੰਗ ਦੀ ਹਰਜਿੰਦਰ ਕੌਰ ਨੇ ਕਿਹਾ ਕਿ ਪੋਲੀਓ ਮੁਕਤ ਸਮਾਜ ਬਣਾਉਣ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਰ ਮਾਪੇ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੋਈ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਤੋਂ ਵਾਂਝਾ ਨਾ ਰਹੇ।

ਇਸ ਮੌਕੇ ਹਰਜੋਤ ਸਿੰਘ (ਆਈਸੀਟੀਸੀ ਕੌਂਸਲਰ), ਸੁਰਿੰਦਰ ਸਿੰਘ, ਛਿੰਦਰਪਾਲ (ਐਮਪੀਐਚਡਬਲਿਊ), ਭੁਪਿੰਦਰ ਸਿੰਘ ਅਤੇ ਬੂਥ ਸੁਪਰਵਾਈਜ਼ਰ ਹਰਜਿੰਦਰ ਕੌਰ ਸਮੇਤ ਸਿਹਤ ਵਿਭਾਗ ਦਾ ਸਟਾਫ਼ ਹਾਜ਼ਰ ਰਿਹਾ। ਸਿਹਤ ਵਿਭਾਗ ਨੇ ਲੋਕਾਂ ਨੂੰ ਮੁਹਿੰਮ ਵਿੱਚ ਵੱਧ-ਚੜ੍ਹ ਕੇ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।

Exit mobile version