ਮਸਕਟ [ਓਮਾਨ], 3 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ): ਹੁਰਮੁਜ਼ ਜਲਡਮਰੂਮੱਧ ਵਿੱਚ ਕੁਵੈਤ ਦੇ ਝੰਡੇ ਹੇਠ ਚੱਲ ਰਹੇ ਇੱਕ ਤੇਲ ਟੈਂਕਰ ਨੂੰ ਪ੍ਰੋਜੈਕਟਾਈਲ ਨਾਲ ਨੁਕਸਾਨ ਪਹੁੰਚਣ ਤੋਂ ਬਾਅਦ ਉਸ ਵਿੱਚ ਸਵਾਰ ਪੰਜ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਤੌਰ ’ਤੇ ਤੱਟ ’ਤੇ ਲਿਆਂਦਾ ਗਿਆ। ਭਾਰਤੀ ਦੂਤਾਵਾਸ, ਓਮਾਨ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਸ ਨੇ ਕੁਵੈਤ-ਝੰਡੇ ਵਾਲੇ ਟੈਂਕਰ MT Kazimah III ’ਤੇ ਸਵਾਰ ਪੰਜ ਭਾਰਤੀ ਨਾਗਰਿਕਾਂ ਦੇ ਬਚਾਅ ਲਈ ਤਾਲਮੇਲ ਕੀਤਾ। ਪ੍ਰੋਜੈਕਟਾਈਲ ਲੱਗਣ ਤੋਂ ਬਾਅਦ ਸਾਰੇ ਪੰਜ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਢੰਗ ਨਾਲ ਤੱਟ ’ਤੇ ਪਹੁੰਚਾ ਦਿੱਤਾ ਗਿਆ। ਦੂਤਾਵਾਸ ਨੇ ਬਚਾਅ ਕਾਰਵਾਈ ਦੌਰਾਨ ਲਗਾਤਾਰ ਸਹਿਯੋਗ ਅਤੇ ਮਦਦ ਲਈ ਓਮਾਨੀ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ।
ਕੁਵੈਤ-ਝੰਡੇ ਵਾਲਾ ਕੱਚੇ ਤੇਲ ਦਾ ਟੈਂਕਰ : MT Kazimah III ਇੱਕ ਕੱਚੇ ਤੇਲ ਦਾ ਟੈਂਕਰ ਹੈ, ਜੋ ਕੁਵੈਤ ਦੇ ਝੰਡੇ ਹੇਠ ਚੱਲ ਰਿਹਾ ਹੈ ਅਤੇ ਟੋਗੋ ਦੇ ਲੋਮੇ ਬੰਦਰਗਾਹ ਵੱਲ ਜਾ ਰਿਹਾ ਸੀ। ਘਟਨਾ ਤੋਂ ਬਾਅਦ ਭਾਰਤੀ ਅਧਿਕਾਰੀ ਖੇਤਰ ਵਿੱਚ ਮੌਜੂਦ ਭਾਰਤੀ ਸਮੁੰਦਰੀ ਕਰਮਚਾਰੀਆਂ ਦੀ ਸੁਰੱਖਿਆ ’ਤੇ ਨਜ਼ਰ ਰੱਖ ਰਹੇ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਵੀ ਦੱਸਿਆ ਕਿ ਫ਼ਾਰਸੀ ਖਾੜੀ ਖੇਤਰ ਵਿੱਚ ਵੱਖ-ਵੱਖ ਵਪਾਰਕ ਜਹਾਜ਼ਾਂ ’ਤੇ 4,500 ਤੋਂ ਵੱਧ ਭਾਰਤੀ ਸਮੁੰਦਰੀ ਕਰਮਚਾਰੀ ਮੌਜੂਦ ਹਨ। ਉਨ੍ਹਾਂ ਮੁਤਾਬਕ, ਭਾਰਤ ਨਾਲ ਸਬੰਧਤ ਜਾਂ ਭਾਰਤ ਲਈ ਮਾਲ ਲੈ ਕੇ ਜਾ ਰਹੇ 12 ਵਪਾਰਕ ਜਹਾਜ਼ਾਂ ’ਤੇ ਲਗਭਗ 163 ਭਾਰਤੀ ਸਮੁੰਦਰੀ ਕਰਮਚਾਰੀ ਸਵਾਰ ਹਨ। ਜੈਸਵਾਲ ਨੇ ਕਿਹਾ ਕਿ ਜਹਾਜ਼ਰਾਨੀ ਮੰਤਰਾਲਾ ਭਾਰਤੀ ਡਿਪਲੋਮੈਟਿਕ ਮਿਸ਼ਨਾਂ ਅਤੇ ਸਥਾਨਕ ਭਾਈਵਾਲਾਂ ਨਾਲ ਤਾਲਮੇਲ ਕਰਕੇ ਇਨ੍ਹਾਂ ਜਹਾਜ਼ਾਂ ਦੀ ਆਵਾਜਾਈ ਅਤੇ ਭਾਰਤੀ ਸਮੁੰਦਰੀ ਕਰਮਚਾਰੀਆਂ ਦੀ ਸੁਰੱਖਿਆ ਦੀ ਨਿਗਰਾਨੀ ਕਰ ਰਿਹਾ ਹੈ।
ਵਪਾਰਕ ਜਹਾਜ਼ਾਂ ਦੀ ਸੁਰੱਖਿਆ ’ਤੇ ਭਾਰਤ ਦੀ ਚਿੰਤਾ : ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਫ਼ਾਰਸੀ ਖਾੜੀ, ਲਾਲ ਸਾਗਰ ਅਤੇ ਕਾਲਾ ਸਾਗਰ ਸਮੇਤ ਕਈ ਮਹੱਤਵਪੂਰਨ ਸਮੁੰਦਰੀ ਰਸਤਿਆਂ ’ਤੇ ਵਪਾਰਕ ਜਹਾਜ਼ਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧੀਆਂ ਹੋਈਆਂ ਹਨ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰਦਿਆਂ ਵਪਾਰਕ ਜਹਾਜ਼ਾਂ ਅਤੇ ਸਮੁੰਦਰੀ ਕਰਮਚਾਰੀਆਂ ’ਤੇ ਹੋ ਰਹੇ ਹਮਲਿਆਂ ਦਾ ਮੁੱਦਾ ਉਠਾਇਆ ਸੀ। ਉਨ੍ਹਾਂ ਨੇ ਕਿਹਾ ਕਿ ਸਮੁੰਦਰੀ ਰਸਤਿਆਂ ਅਤੇ ਸਮੁੰਦਰੀ ਕਰਮਚਾਰੀਆਂ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਹੋਣਾ ਚਾਹੀਦਾ ਅਤੇ ਖੇਤਰ ਵਿੱਚ ਤਣਾਅ ਘਟਾਉਣ ਲਈ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ। ਭਾਰਤ ਵੱਲੋਂ ਵਪਾਰਕ ਸਮੁੰਦਰੀ ਰਸਤਿਆਂ ਦੀ ਸੁਰੱਖਿਆ ਅਤੇ ਵਿਦੇਸ਼ਾਂ ਵਿੱਚ ਮੌਜੂਦ ਭਾਰਤੀ ਸਮੁੰਦਰੀ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਨਿਗਰਾਨੀ ਜਾਰੀ ਰੱਖਣ ਦੀ ਗੱਲ ਕਹੀ ਗਈ ਹੈ।







