Homeਸੰਸਾਰਟਰੰਪ ਦੀ ਮਾਰ-ਏ-ਲਾਗੋ ਰਿਹਾਇਸ਼ ਨੇੜੇ ਨਿੱਜੀ ਜਹਾਜ਼ ਹਾਦਸਾਗ੍ਰਸਤ, ਸਵਾਰ ਸਾਰੇ 9 ਲੋਕਾਂ...

ਟਰੰਪ ਦੀ ਮਾਰ-ਏ-ਲਾਗੋ ਰਿਹਾਇਸ਼ ਨੇੜੇ ਨਿੱਜੀ ਜਹਾਜ਼ ਹਾਦਸਾਗ੍ਰਸਤ, ਸਵਾਰ ਸਾਰੇ 9 ਲੋਕਾਂ ਦੀ ਮੌਤ

Nine Killed as Private Learjet Crashes Near Trump's Mar-a-Lago Residence in Florida

ਫਲੋਰੀਡਾ ਵਿੱਚ ਰਿਹਾਇਸ਼ੀ ਇਲਾਕੇ ’ਚ ਡਿੱਗਿਆ ਲੀਅਰਜੈੱਟ 60, ਹਾਦਸੇ ਤੋਂ ਬਾਅਦ ਲੱਗੀ ਭਿਆਨਕ ਅੱਗ; FAA ਅਤੇ NTSB ਵੱਲੋਂ ਜਾਂਚ ਸ਼ੁਰੂ

ਫਲੋਰੀਡਾ, 2 ਨਵੰਬਰ 2026 (ਗੁਰਮੀਤ ਸਿੰਘ ਤੁੰਗ) : ਅਮਰੀਕਾ ਦੇ ਫਲੋਰੀਡਾ ਸੂਬੇ ਵਿੱਚ ਐਤਵਾਰ ਨੂੰ ਇੱਕ ਨਿੱਜੀ ਜਹਾਜ਼ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਸਾਰੇ 9 ਲੋਕਾਂ ਦੀ ਮੌਤ ਹੋ ਗਈ। ਜਹਾਜ਼ ਦੱਖਣੀ ਫਲੋਰੀਡਾ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਜਾ ਡਿੱਗਿਆ, ਜਿਸ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ ਅਤੇ ਇਲਾਕੇ ਵਿੱਚ ਅੱਗ ਦੀਆਂ ਲਪਟਾਂ ਤੇ ਧੂੰਏਂ ਦਾ ਗੁਬਾਰ ਫੈਲ ਗਿਆ। ਅਮਰੀਕਾ ਦੇ ਟਰਾਂਸਪੋਰਟੇਸ਼ਨ ਸਕੱਤਰ ਸੀਨ ਡਫੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਸ ਹਾਦਸੇ ਨੂੰ ਬੇਹੱਦ ਦੁਖਦਾਈ ਦੱਸਦਿਆਂ ਪੁਸ਼ਟੀ ਕੀਤੀ ਕਿ ਲੀਅਰਜੈੱਟ 60 ਜਹਾਜ਼ ਵਿੱਚ ਸਵਾਰ ਸਾਰੇ ਨੌਂ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਜਹਾਜ਼ ਨੇ ਟੈਕਸਾਸ ਦੇ ਆਸਟਿਨ-ਬਰਗਸਟ੍ਰੋਮ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਅਤੇ ਇਸ ਦੀ ਮੰਜ਼ਿਲ ਬਹਾਮਾਸ ਵਿੱਚ ਨੌਰਥ ਇਲਿਊਥੇਰਾ ਹਵਾਈ ਅੱਡਾ ਸੀ। ਜਹਾਜ਼ ਫਲੋਰੀਡਾ ਦੇ ਕ੍ਰੈਸਟਹੇਵਨ ਇਲਾਕੇ ਨੇੜੇ ਦੁਪਹਿਰ ਕਰੀਬ 12:50 ਵਜੇ ਹਾਦਸਾਗ੍ਰਸਤ ਹੋਇਆ। ਇਹ ਥਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮਾਰ-ਏ-ਲਾਗੋ ਰਿਹਾਇਸ਼ ਤੋਂ ਲਗਭਗ 9 ਮੀਲ ਦੂਰ ਦੱਸੀ ਗਈ ਹੈ।

ਹਾਦਸੇ ਤੋਂ ਬਾਅਦ ਐਮਰਜੈਂਸੀ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ। ਸੁਰੱਖਿਆ ਦੇ ਮੱਦੇਨਜ਼ਰ ਮਿਲਟਰੀ ਟ੍ਰੇਲ ਸੜਕ ਨੂੰ ਕ੍ਰੈਸਟਹੇਵਨ ਬੁਲੇਵਾਰਡ ਤੋਂ 10ਵੀਂ ਐਵੇਨਿਊ ਨੌਰਥ ਤੱਕ ਬੰਦ ਕਰ ਦਿੱਤਾ ਗਿਆ। ਪ੍ਰਸ਼ਾਸਨ ਨੇ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਹਾਦਸੇ ਵਾਲੇ ਇਲਾਕੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਫਲਾਈਟ ਟ੍ਰੈਕਿੰਗ ਵੈੱਬਸਾਈਟ ਫਲਾਈਟਰੇਡਾਰ24 ਦੇ ਅੰਕੜਿਆਂ ਮੁਤਾਬਕ ਉਡਾਣ ਭਰਨ ਤੋਂ ਬਾਅਦ ਜਹਾਜ਼ ਲਗਭਗ 41 ਹਜ਼ਾਰ ਫੁੱਟ ਦੀ ਉਚਾਈ ਤੱਕ ਪਹੁੰਚਿਆ ਸੀ। ਇਸ ਤੋਂ ਬਾਅਦ ਫਲੋਰੀਡਾ ਦੇ ਨੇਪਲਜ਼ ਨੇੜੇ ਇਸ ਦੀ ਉਚਾਈ ਘਟਣ ਲੱਗੀ। ਕੁਝ ਸਮੇਂ ਲਈ ਦੁਬਾਰਾ ਉੱਪਰ ਜਾਣ ਤੋਂ ਬਾਅਦ ਜਹਾਜ਼ ਤੇਜ਼ੀ ਨਾਲ ਸੱਜੇ ਪਾਸੇ ਵੱਲ ਝੁਕਦਿਆਂ ਹੇਠਾਂ ਡਿੱਗਿਆ। ਅਮਰੀਕਾ ਦੀ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਦੱਸਿਆ ਕਿ ਜਾਂਚ ਲਈ ਟੀਮ ਮੌਕੇ ’ਤੇ ਭੇਜੀ ਜਾ ਰਹੀ ਹੈ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਜਾਂਚ ਦੀ ਅਗਵਾਈ ਕਰੇਗਾ। ਫਿਲਹਾਲ ਹਾਦਸੇ ਦੇ ਅਸਲ ਕਾਰਨਾਂ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜਾਂਚ ਤੋਂ ਬਾਅਦ ਹੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।

 

RELATED ARTICLES
- Advertisment -
Google search engine
Google search engine
Google search engine

Most Popular

Recent Comments