ਨਵੀਂ ਦਿੱਲੀ, 29 ਅਗਸਤ, 2026 (ਰਾਜੇਸ਼ ਕੁਮਾਰ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਚਾਰ ਦਿਨਾਂ ਦੀ ਕੇਂਦਰੀ ਏਸ਼ੀਆ ਯਾਤਰਾ ’ਤੇ ਰਵਾਨਾ ਹੋ ਰਹੇ ਹਨ। ਇਸ ਦੌਰਾਨ ਉਹ ਉਜ਼ਬੇਕਿਸਤਾਨ ਅਤੇ ਕਿਰਗਿਜ਼ਸਤਾਨ ਦਾ ਦੌਰਾ ਕਰਨਗੇ। ਇਸ ਯਾਤਰਾ ਦਾ ਮੁੱਖ ਉਦੇਸ਼ ਭਾਰਤ ਦੇ ਕੇਂਦਰੀ ਏਸ਼ੀਆਈ ਦੇਸ਼ਾਂ ਨਾਲ ਰਣਨੀਤਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਅਤੇ ਖੇਤਰੀ ਸਹਿਯੋਗ ਨੂੰ ਅੱਗੇ ਵਧਾਉਣਾ ਹੈ। ਵਿਦੇਸ਼ ਮੰਤਰਾਲੇ ਮੁਤਾਬਕ ਪ੍ਰਧਾਨ ਮੰਤਰੀ ਮੋਦੀ 29 ਅਤੇ 30 ਅਗਸਤ ਨੂੰ ਉਜ਼ਬੇਕਿਸਤਾਨ ਦੀ ਰਾਜਕੀ ਯਾਤਰਾ ਕਰਨਗੇ। ਇਹ ਉਜ਼ਬੇਕਿਸਤਾਨ ਦੀ ਉਨ੍ਹਾਂ ਦੀ ਚੌਥੀ ਯਾਤਰਾ ਹੋਵੇਗੀ। ਤਾਸ਼ਕੰਦ ਵਿੱਚ ਉਹ ਰਾਸ਼ਟਰਪਤੀ ਸ਼ਵਕਤ ਮਿਰਜ਼ਿਯੋਯੇਵ ਨਾਲ ਮੁਲਾਕਾਤ ਕਰਨਗੇ ਅਤੇ ਦੋਵਾਂ ਦੇਸ਼ਾਂ ਵਿਚਕਾਰ ਵਪਾਰ, ਨਿਵੇਸ਼, ਰੱਖਿਆ, ਡਿਜੀਟਲ ਕਨੈਕਟੀਵਿਟੀ, ਊਰਜਾ ਅਤੇ ਸਿੱਖਿਆ ਸਮੇਤ ਕਈ ਖੇਤਰਾਂ ਵਿੱਚ ਸਹਿਯੋਗ ਵਧਾਉਣ ਬਾਰੇ ਵਿਚਾਰ-ਵਟਾਂਦਰਾ ਕਰਨਗੇ। ਇਸ ਦੌਰਾਨ ਭਾਰਤ ਦੇ ‘ਵਿਕਸਿਤ ਭਾਰਤ 2047’ ਦੇ ਵਿਜ਼ਨ ਅਤੇ ਉਜ਼ਬੇਕਿਸਤਾਨ ਦੀ ‘Uzbekistan-2030’ ਰਣਨੀਤੀ ਵਿਚਕਾਰ ਸਾਂਝੇ ਵਿਕਾਸ ਦੇ ਮੌਕਿਆਂ ’ਤੇ ਵੀ ਚਰਚਾ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਤਾਸ਼ਕੰਦ ਵਿੱਚ ਸ਼ਾਸਤਰੀ ਸਮਾਰਕ ’ਤੇ ਸ਼ਰਧਾਂਜਲੀ ਭੇਟ ਕਰਨ ਤੋਂ ਇਲਾਵਾ ਤਾਸ਼ਕੰਦ ਸਟੇਟ ਯੂਨੀਵਰਸਿਟੀ ਆਫ ਓਰੀਐਂਟਲ ਸਟੱਡੀਜ਼ ਸਥਿਤ ਮਹਾਤਮਾ ਗਾਂਧੀ ਸੈਂਟਰ ਦਾ ਵੀ ਦੌਰਾ ਕਰਨਗੇ।
ਉਜ਼ਬੇਕਿਸਤਾਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਪਹੁੰਚਣਗੇ। ਇੱਥੇ ਉਹ 31 ਅਗਸਤ ਤੋਂ 1 ਸਤੰਬਰ ਤੱਕ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ (SCO) ਦੇ 26ਵੇਂ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ। ਇਹ ਸੰਮੇਲਨ SCO ਦੀ ਸਥਾਪਨਾ ਦੇ 25 ਸਾਲ ਪੂਰੇ ਹੋਣ ਦੇ ਮੌਕੇ ’ਤੇ ਹੋ ਰਿਹਾ ਹੈ। ਭਾਰਤ 2017 ਤੋਂ ਇਸ ਸੰਗਠਨ ਦਾ ਪੂਰਨ ਮੈਂਬਰ ਹੈ। ਪ੍ਰਧਾਨ ਮੰਤਰੀ ਮੋਦੀ ਸੰਮੇਲਨ ਦੌਰਾਨ ਭਾਰਤ ਦੀਆਂ ਰਣਨੀਤਕ ਤਰਜੀਹਾਂ ਨੂੰ ਰੇਖਾਂਕਿਤ ਕਰਦੇ ਹੋਏ ਸੁਰੱਖਿਆ, ਕਨੈਕਟੀਵਿਟੀ ਅਤੇ ਮੌਕਿਆਂ ’ਤੇ ਜ਼ੋਰ ਦੇ ਸਕਦੇ ਹਨ। ਬਿਸ਼ਕੇਕ ਦੌਰੇ ਦੌਰਾਨ ਪ੍ਰਧਾਨ ਮੰਤਰੀ ਵੱਖ-ਵੱਖ ਦੇਸ਼ਾਂ ਦੇ ਆਗੂਆਂ ਨਾਲ ਦੁਵੱਲੀਆਂ ਮੁਲਾਕਾਤਾਂ ਵੀ ਕਰਨਗੇ। ਇਸ ਤੋਂ ਇਲਾਵਾ ਉਹ ਕੇਂਦਰੀ ਏਸ਼ੀਆ ਦੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਣ ਵਾਲੀਆਂ 6ਵੀਆਂ ਵਰਲਡ ਨੋਮੈਡ ਗੇਮਜ਼ ਦੀ ਉਦਘਾਟਨੀ ਰਸਮ ਵਿੱਚ ਵੀ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਦੀ ਇਹ ਯਾਤਰਾ ਕੇਂਦਰੀ ਏਸ਼ੀਆ ਨਾਲ ਭਾਰਤ ਦੇ ਰਣਨੀਤਕ, ਆਰਥਿਕ ਅਤੇ ਸੁਰੱਖਿਆ ਸਬੰਧਾਂ ਨੂੰ ਹੋਰ ਵਿਸਥਾਰ ਦੇਣ ਦੀ ਦਿਸ਼ਾ ਵਿੱਚ ਅਹਿਮ ਮੰਨੀ ਜਾ ਰਹੀ ਹੈ। ਇਸ ਦੌਰੇ ਰਾਹੀਂ ਖੇਤਰੀ ਕਨੈਕਟੀਵਿਟੀ, ਵਪਾਰ ਅਤੇ ਆਪਸੀ ਸਹਿਯੋਗ ਨੂੰ ਨਵੀਂ ਗਤੀ ਮਿਲਣ ਦੀ ਉਮੀਦ ਹੈ।







