Homeਹਰਿਆਣਾਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਗੁਰੁਕੁਲ ਕੁਰੂਕਸ਼ੇਤਰ ਦੇ 114ਵੇਂ ਸਥਾਪਨਾ ਵਰ੍ਹੇ ਅਤੇ ਸਵਾਮੀ...

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਗੁਰੁਕੁਲ ਕੁਰੂਕਸ਼ੇਤਰ ਦੇ 114ਵੇਂ ਸਥਾਪਨਾ ਵਰ੍ਹੇ ਅਤੇ ਸਵਾਮੀ ਸ਼ਰਧਾਨੰਦ ਜੀ ਦੇ ਬਲੀਦਾਨ ਸ਼ਤਾਬਦੀ ਸਮਾਗਮ ਵਿੱਚ ਕੀਤੀ ਸ਼ਿਰਕਤ

President Droupadi Murmu Attends 114th Foundation Day Celebrations of Gurukul Kurukshetra, Pays Tribute to Swami Shraddhanand

ਕੁਰੂਕਸ਼ੇਤਰ, 1 ਨਵੰਬਰ, 2026 (ਸੰਜੀਵ ਸ਼ਰਮਾ ) : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਗੁਰੁਕੁਲ ਵਰਗੀਆਂ ਸੰਸਥਾਵਾਂ ਭਾਰਤੀ ਗਿਆਨ ਪਰੰਪਰਾ, ਨੈਤਿਕ ਕਦਰਾਂ-ਕੀਮਤਾਂ ਅਤੇ ਸੰਸਕਾਰਾਂ ਨੂੰ ਸੰਭਾਲਣ ਦੇ ਨਾਲ-ਨਾਲ ਆਉਣ ਵਾਲੀ ਪੀੜ੍ਹੀ ਨੂੰ ਰਾਸ਼ਟਰ ਨਿਰਮਾਣ ਲਈ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਸਵਾਮੀ ਸ਼ਰਧਾਨੰਦ ਜੀ ਦੇ ਮਹਾਨ ਵਿਅਕਤੀਤਵ, ਤਿਆਗ, ਤਪੱਸਿਆ ਅਤੇ ਰਾਸ਼ਟਰ ਸੇਵਾ ਪ੍ਰਤੀ ਸਮਰਪਣ ਨੂੰ ਨਮਨ ਕੀਤਾ ਅਤੇ ਭਾਰਤੀ ਸੱਭਿਆਚਾਰ ਤੇ ਵੈਦਿਕ ਸਿੱਖਿਆ ਦੇ ਪ੍ਰਚਾਰ-ਪ੍ਰਸਾਰ ਵਿੱਚ ਗੁਰੁਕੁਲ ਕੁਰੂਕਸ਼ੇਤਰ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਰਾਸ਼ਟਰਪਤੀ ਐਤਵਾਰ ਨੂੰ ਕੁਰੂਕਸ਼ੇਤਰ ਸਥਿਤ ਗੁਰੁਕੁਲ ਵਿੱਚ ਕਰਵਾਏ ਗਏ 114ਵੇਂ ਸਥਾਪਨਾ ਵਰ੍ਹੇ ਦੇ ਸਮਾਗਮ ਅਤੇ ਸਵਾਮੀ ਸ਼ਰਧਾਨੰਦ ਜੀ ਦੇ ਬਲੀਦਾਨ ਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਇਸ ਮੌਕੇ ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰਤ, ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਆਰੀਆ ਪ੍ਰਤੀਨਿਧੀ ਸਭਾ ਦੇ ਨੁਮਾਇੰਦਿਆਂ ਸਮੇਤ ਕਈ ਪਤਵੰਤੇ ਮੌਜੂਦ ਸਨ।

ਨੌਜਵਾਨਾਂ ਦੇ ਸੰਸਕਾਰ ਅਤੇ ਸਮਰੱਥਾ ਨਾਲ ਬਣਦਾ ਹੈ ਰਾਸ਼ਟਰ ਦਾ ਭਵਿੱਖ : ਮੁੱਖ ਮੰਤਰੀ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗੁਰੁਕੁਲ ਦੇ ਇਸ ਪਵਿੱਤਰ ਵਿਹੜੇ ਵਿੱਚ ਇਤਿਹਾਸ ਦੀ ਪ੍ਰੇਰਣਾ, ਵਰਤਮਾਨ ਦਾ ਮਾਣ ਅਤੇ ਭਵਿੱਖ ਦਾ ਸੰਕਲਪ ਇਕੱਠੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਹਰਿਆਣਾ ਵਾਸੀਆਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ, ਕਿਉਂਕਿ ਸੂਬਾ ਆਪਣੀ ਸਥਾਪਨਾ ਦੇ 60 ਸਾਲ ਪੂਰੇ ਕਰਕੇ ਹੀਰਕ ਜਯੰਤੀ ਮਨਾ ਰਿਹਾ ਹੈ। ਇਸੇ ਮੌਕੇ ਮਹਾਨ ਆਜ਼ਾਦੀ ਘੁਲਾਟੀਏ, ਸਿੱਖਿਆ ਸ਼ਾਸਤਰੀ ਅਤੇ ਸਮਾਜ ਸੁਧਾਰਕ ਸਵਾਮੀ ਸ਼ਰਧਾਨੰਦ ਜੀ ਦੀ ਬਲੀਦਾਨ ਸ਼ਤਾਬਦੀ ਅਤੇ ਗੁਰੁਕੁਲ ਕੁਰੂਕਸ਼ੇਤਰ ਦਾ 114ਵਾਂ ਸਥਾਪਨਾ ਸਮਾਗਮ ਵੀ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸਵਾਮੀ ਸ਼ਰਧਾਨੰਦ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਗੁਰੁਕੁਲ ਪਰਿਵਾਰ ਨੂੰ ਸਥਾਪਨਾ ਦਿਵਸ ਅਤੇ ਸੂਬਾ ਵਾਸੀਆਂ ਨੂੰ ਹਰਿਆਣਾ ਦਿਵਸ ਤੇ ਹੀਰਕ ਜਯੰਤੀ ਦੀਆਂ ਮੁਬਾਰਕਾਂ ਦਿੱਤੀਆਂ। ਮੁੱਖ ਮੰਤਰੀ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਸਵਾਗਤ ਕਰਦਿਆਂ ਕਿਹਾ ਕਿ ਗਿਆਨ ਅਤੇ ਸੰਸਕਾਰਾਂ ਦੇ ਇਸ ਪਵਿੱਤਰ ਸਥਾਨ ’ਤੇ ਉਨ੍ਹਾਂ ਦੀ ਮੌਜੂਦਗੀ ਸਿੱਖਿਆ ਦੇ ਮਹੱਤਵ ਨੂੰ ਹੋਰ ਵੀ ਉਜਾਗਰ ਕਰਦੀ ਹੈ।

ਸਵਾਮੀ ਸ਼ਰਧਾਨੰਦ ਜੀ ਨੇ ਸਿੱਖਿਆ ਨੂੰ ਰਾਸ਼ਟਰ ਜਾਗਰਣ ਦਾ ਬਣਾਇਆ ਆਧਾਰ

ਮੁੱਖ ਮੰਤਰੀ ਨੇ ਕਿਹਾ ਕਿ ਸਵਾਮੀ ਸ਼ਰਧਾਨੰਦ ਜੀ ਨੇ ਗੁਲਾਮ ਭਾਰਤ ਵਿੱਚ ਲੋਕਾਂ ਅੰਦਰ ਸਵੈਮਾਣ ਦੀ ਭਾਵਨਾ ਜਗਾਈ, ਸਮਾਜਿਕ ਸੁਧਾਰ ਦੀ ਚੇਤਨਾ ਪੈਦਾ ਕੀਤੀ ਅਤੇ ਦੇਸ਼ ਦੀ ਆਜ਼ਾਦੀ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਮਹਾਰਿਸ਼ੀ ਦਇਆਨੰਦ ਸਰਸਵਤੀ ਜੀ ਦੇ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਗਿਆਨ, ਚਰਿੱਤਰ ਅਤੇ ਸੇਵਾ ਦੇ ਆਧਾਰ ’ਤੇ ਇੱਕ ਮਜ਼ਬੂਤ ਸਮਾਜ ਦੀ ਉਸਾਰੀ ਦਾ ਰਾਹ ਦਿਖਾਇਆ। ਉਨ੍ਹਾਂ ਕਿਹਾ ਕਿ ਸਵਾਮੀ ਜੀ ਜਾਣਦੇ ਸਨ ਕਿ ਕਿਸੇ ਵੀ ਦੇਸ਼ ਦਾ ਭਵਿੱਖ ਉਸ ਦੀ ਨੌਜਵਾਨ ਪੀੜ੍ਹੀ ਦੇ ਸੰਸਕਾਰਾਂ ਅਤੇ ਸਮਰੱਥਾ ’ਤੇ ਨਿਰਭਰ ਕਰਦਾ ਹੈ। ਇਸੇ ਉਦੇਸ਼ ਨਾਲ ਉਨ੍ਹਾਂ ਅਜਿਹੀ ਸਿੱਖਿਆ ਪ੍ਰਣਾਲੀ ਦਾ ਸੰਕਲਪ ਲਿਆ, ਜੋ ਵਿਦਿਆਰਥੀਆਂ ਨੂੰ ਗਿਆਨਵਾਨ, ਅਨੁਸ਼ਾਸਿਤ, ਸਾਹਸੀ, ਸਵੈ-ਨਿਰਭਰ ਅਤੇ ਰਾਸ਼ਟਰ ਪ੍ਰਤੀ ਸਮਰਪਿਤ ਬਣਾਏ। ਮੁੱਖ ਮੰਤਰੀ ਨੇ ਕਿਹਾ ਕਿ ਸਵਾਮੀ ਸ਼ਰਧਾਨੰਦ ਜੀ ਦੇ ਬਲੀਦਾਨ ਦੇ 100 ਸਾਲ ਪੂਰੇ ਹੋਣ ’ਤੇ ਉਨ੍ਹਾਂ ਦੇ ਆਦਰਸ਼ ਸਾਨੂੰ ਆਪਣੇ ਫਰਜ਼ਾਂ ਪ੍ਰਤੀ ਹੋਰ ਸੁਚੇਤ ਰਹਿਣ ਦੀ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਪ੍ਰਤੀ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਸਿੱਖਿਆ ਦਾ ਚਾਨਣ ਸਮਾਜ ਦੇ ਆਖਰੀ ਵਿਅਕਤੀ ਤੱਕ ਪਹੁੰਚਾਇਆ ਜਾਵੇ। ਉਨ੍ਹਾਂ ਦੱਸਿਆ ਕਿ ਸਾਲ 1912 ਵਿੱਚ ਸਵਾਮੀ ਸ਼ਰਧਾਨੰਦ ਜੀ ਵੱਲੋਂ ਸਥਾਪਿਤ ਕੀਤਾ ਗਿਆ ਇਹ ਗੁਰੁਕੁਲ ਉਨ੍ਹਾਂ ਦੀ ਦੂਰਅੰਦੇਸ਼ੀ ਦੀ ਜਿਉਂਦੀ-ਜਾਗਦੀ ਵਿਰਾਸਤ ਹੈ। ਇੱਥੇ ਭਾਰਤੀ ਪਰੰਪਰਾਵਾਂ ਅਤੇ ਵਿਗਿਆਨਕ ਸੋਚ ਦੇ ਸੁਮੇਲ ਰਾਹੀਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸੰਸਥਾ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਵਾਲੇ ਆਚਾਰੀਆਂ, ਪ੍ਰਬੰਧਕਾਂ, ਸਹਿਯੋਗੀਆਂ ਅਤੇ ਸਾਬਕਾ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਨੇ ਆਚਾਰੀਆ ਦੇਵਵ੍ਰਤ ਜੀ ਵੱਲੋਂ ਗੁਰੁਕੁਲ ਪ੍ਰਤੀ ਸਮਰਪਣ ਅਤੇ ਸੰਸਕਾਰਾਂ ਭਰਪੂਰ ਸਿੱਖਿਆ ਦੇ ਪ੍ਰਸਾਰ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਚਾਰੀਆ ਦੇਵਵ੍ਰਤ ਵੱਲੋਂ ਕੀਤੀ ਜਾ ਰਹੀ ਕੁਦਰਤੀ ਖੇਤੀ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ 180 ਏਕੜ ਜ਼ਮੀਨ ਵਿੱਚ ਬਿਨਾਂ ਕਿਸੇ ਕੀਟਨਾਸ਼ਕ ਦਵਾਈ ਦੀ ਵਰਤੋਂ ਕੀਤੇ ਕੁਦਰਤੀ ਖੇਤੀ ਕੀਤੀ ਜਾ ਰਹੀ ਹੈ।

ਵਿਦਿਆਰਥੀਆਂ ਨੇ ਪੇਸ਼ਕਾਰੀਆਂ ਰਾਹੀਂ ਸਵਾਮੀ ਸ਼ਰਧਾਨੰਦ ਜੀ ਦੇ ਜੀਵਨ ਅਤੇ ਬਲੀਦਾਨ ਨੂੰ ਕੀਤਾ ਪੇਸ਼

ਸਮਾਗਮ ਦੌਰਾਨ ਗੁਰੁਕੁਲ ਦੇ ਵਿਦਿਆਰਥੀਆਂ ਨੇ ਭਾਰਤੀ ਸੱਭਿਆਚਾਰ, ਵੈਦਿਕ ਪਰੰਪਰਾਵਾਂ ਅਤੇ ਸਰੀਰਕ ਸਿੱਖਿਆ ’ਤੇ ਆਧਾਰਿਤ ਵੱਖ-ਵੱਖ ਪੇਸ਼ਕਾਰੀਆਂ ਰਾਹੀਂ ਮਹਿਮਾਨਾਂ ਦਾ ਮਨ ਮੋਹ ਲਿਆ। ਵਿਦਿਆਰਥੀਆਂ ਨੇ ਮੱਲਖੰਭ, ਸੂਰਜ ਨਮਸਕਾਰ ਅਤੇ ਕਸਰਤ ਦੇ ਪ੍ਰਦਰਸ਼ਨ ਰਾਹੀਂ ਆਪਣੀ ਪ੍ਰਤਿਭਾ, ਅਨੁਸ਼ਾਸਨ ਅਤੇ ਸਰੀਰਕ ਸਮਰੱਥਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਸਵਾਮੀ ਸ਼ਰਧਾਨੰਦ ਜੀ ਦੇ ਜੀਵਨ, ਸੰਘਰਸ਼, ਸਮਾਜ ਸੁਧਾਰ ਦੇ ਕਾਰਜਾਂ, ਦੇਸ਼ ਭਗਤੀ ਅਤੇ ਬਲੀਦਾਨ ਨੂੰ ਸਮਰਪਿਤ ਵਿਸ਼ੇਸ਼ ਸੱਭਿਆਚਾਰਕ ਪੇਸ਼ਕਾਰੀ ਵੀ ਦਿੱਤੀ ਗਈ। ਵਿਦਿਆਰਥੀਆਂ ਨੇ ਆਪਣੀ ਪੇਸ਼ਕਾਰੀ ਰਾਹੀਂ ਇਸ ਮਹਾਨ ਸੰਤ ਅਤੇ ਰਾਸ਼ਟਰ ਭਗਤ ਦੇ ਪ੍ਰੇਰਨਾਦਾਇਕ ਜੀਵਨ ਅਤੇ ਆਦਰਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ।

 

RELATED ARTICLES
- Advertisment -
Google search engine
Google search engine
Google search engine

Most Popular

Recent Comments