ਚੰਡੀਗੜ੍ਹ, 5 ਅਕਤੂਬਰ, 2026 (ਸੰਜੀਵ ਸ਼ਰਮਾ) : ਪੰਜਾਬ ਨਾਮਦੇਵ ਸਮਾਜ ਵੱਲੋਂ 756ਵਾਂ ਗੁਰੂ ਪ੍ਰਕਾਸ਼ ਦਿਵਸ ਅਤੇ ਨਾਮਦੇਵ ਜਯੰਤੀ ਸਮਾਰੋਹ 18 ਅਕਤੂਬਰ ਨੂੰ ਚੰਡੀਗੜ੍ਹ ਦੇ ਸੈਕਟਰ-21 ਸਥਿਤ ਨਾਮਦੇਵ ਭਵਨ ਵਿਖੇ ਕਰਵਾਇਆ ਜਾ ਰਿਹਾ ਹੈ। ਸਮਾਰੋਹ ਸਵੇਰੇ 11 ਵਜੇ ਸ਼ੁਰੂ ਹੋਵੇਗਾ, ਜਿਸ ਵਿੱਚ ਪੰਜਾਬ ਰਾਜ ਦੀਆਂ ਵੱਖ-ਵੱਖ ਨਾਮਦੇਵ ਸਭਾਵਾਂ ਵੱਲੋਂ ਸਾਂਝੇ ਤੌਰ ’ਤੇ ਸ਼ਮੂਲੀਅਤ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਨਾਮਦੇਵ ਸਭਾ ਦੇ ਸਕੱਤਰ ਨਰੇਸ਼ ਮਰਜਾਰਾ ਨੇ ਦੱਸਿਆ ਕਿ ਸਮਾਗਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਕੈਬਨਿਟ ਮੰਤਰੀ ਰਣਬੀਰ ਸਿੰਘ ਗੰਗਵਾ ਦੀ ਹਾਜ਼ਰੀ ਰਹੇਗੀ।

ਉਨ੍ਹਾਂ ਦੱਸਿਆ ਕਿ ਨਾਮਦੇਵ ਸਭਾ ਦੇ ਪ੍ਰਧਾਨ ਸਤਬੀਰ ਵਰਮਾ ਵੱਲੋਂ ਸਮਾਗਮ ਵਿੱਚ ਵੱਧ ਤੋਂ ਵੱਧ ਸੰਗਤ ਅਤੇ ਸਮਾਜ ਦੇ ਮੈਂਬਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਵੱਖ-ਵੱਖ ਇਲਾਕਿਆਂ ਵਿੱਚ ਸੰਪਰਕ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਪੰਜਾਬ ਦੇ ਅਬੋਹਰ, ਫਾਜ਼ਿਲਕਾ ਅਤੇ ਸਿਓਵਾਲੀ ਢਾਬ ਸਮੇਤ ਇਲਾਕਿਆਂ ਵਿੱਚ ਛੀਂਬਾ, ਛੀਂਬੀ ਅਤੇ ਦਰਜ਼ੀ ਸਮਾਜ ਦੇ ਲੋਕਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ।

ਇਸ ਮੌਕੇ ਸੂਬਾਸ਼ ਰੋਹਿਲਾ, ਕ੍ਰਿਸ਼ਨ ਕੋਕੱਚਾ, ਮਦਨਲਾਲ ਬਾਟੂ, ਸੰਜੇ ਰੋਹਿਲਾ, ਦੀਪਕ ਰੋਹਿਲਾ, ਪ੍ਰੇਮ ਸਿੰਘ, ਨਰਿੰਦਰ ਵਰਮਾ, ਦੇਵੀਲਾਲ ਪਟਨੇਜਾ, ਹੇਤ ਰਾਮ ਛੀਪਾ, ਹਰਜਿੰਦਰ ਸਿੰਘ, ਚਮਕੌਰ ਸਿੰਘ, ਪਰਵੀਣ ਜੇੱਡੂ, ਤਿਲਕ ਰਾਜ, ਮਨੀਰਾਮ ਖੱਤੀ ਸਮੇਤ ਸਮਾਜ ਦੇ ਕਈ ਮੈਂਬਰ ਹਾਜ਼ਰ ਸਨ। ਆਯੋਜਕਾਂ ਵੱਲੋਂ ਨਾਮਦੇਵ ਸਮਾਜ ਨਾਲ ਸਬੰਧਤ ਸੰਗਤਾਂ ਨੂੰ 18 ਅਕਤੂਬਰ ਨੂੰ ਨਾਮਦੇਵ ਭਵਨ, ਸੈਕਟਰ-21, ਚੰਡੀਗੜ੍ਹ ਵਿਖੇ ਹੋਣ ਵਾਲੇ ਸਮਾਗਮ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।







