ਫ਼ਤਿਹਗੜ੍ਹ ਸਾਹਿਬ, 28 ਅਕਤੂਬਰ 2026 (ਗੁਰਮੀਤ ਸਿੰਘ ਤੁੰਗ ) : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਦੇ ਗਣਿਤ ਵਿਭਾਗ ਵੱਲੋਂ ਰਾਮਾਨੁਜਨ ਗਣਿਤ ਕਲੱਬ ਦੇ ਸਹਿਯੋਗ ਨਾਲ 27 ਅਕਤੂਬਰ 2026 ਨੂੰ ਵਿਸ਼ਵ ਅੰਕੜਾ ਦਿਵਸ ਮੌਕੇ ਪਾਵਰਪੁਆਇੰਟ ਪੇਸ਼ਕਾਰੀ ਮੁਕਾਬਲਾ ਸਫਲ ਢੰਗ ਨਾਲ ਕਰਵਾਇਆ ਗਿਆ। ਇਸ ਮੁਕਾਬਲੇ ਦਾ ਉਦੇਸ਼ ਰੋਜ਼ਾਨਾ ਜੀਵਨ ਵਿੱਚ ਅੰਕੜਾ ਵਿਗਿਆਨ ਦੀ ਅਹਿਮੀਅਤ ਨੂੰ ਉਜਾਗਰ ਕਰਨਾ ਸੀ। ਮੁਕਾਬਲੇ ਦਾ ਵਿਸ਼ਾ “ਗੁਣਵੱਤਾਪੂਰਨ ਅੰਕੜਿਆਂ ਅਤੇ ਸਾਰਿਆਂ ਲਈ ਡਾਟੇ ਰਾਹੀਂ ਬਦਲਾਅ ਲਿਆਉਣਾ” ਸੀ। ਇਹ ਉਪਰਾਲਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਦੀ ਅਗਵਾਈ ਹੇਠ ਕਰਵਾਇਆ ਗਿਆ। ਗਣਿਤ ਵਿਭਾਗ ਦੇ ਮੁਖੀ ਡਾ. ਰਿਚਾ ਬਰਾੜ ਅਤੇ ਐਸੋਸੀਏਟ ਪ੍ਰੋਫੈਸਰ ਡਾ. ਬ੍ਰੇਹਮਿਤ ਕੌਰ ਨੇ ਇਸ ਉਪਰਾਲੇ ਦੇ ਪ੍ਰਬੰਧ ਵਿੱਚ ਅਹਿਮ ਭੂਮਿਕਾ ਨਿਭਾਈ।
ਉਪਰਾਲੇ ਦੀ ਸ਼ੁਰੂਆਤ ਗਣਿਤ ਵਿਭਾਗ ਦੀ ਸਹਾਇਕ ਪ੍ਰੋਫੈਸਰ ਮਿਸ ਸਿਮਰਨਜੀਤ ਕੌਰ ਵੱਲੋਂ ਡੀਨ ਅਕਾਦਮਿਕ ਮਾਮਲੇ, ਨਿਰਣਾਇਕਾਂ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਦੇ ਨਿੱਘੇ ਸਵਾਗਤ ਨਾਲ ਹੋਈ। ਮੁਕਾਬਲੇ ਦੀ ਪਰਖ ਡਾ. ਰਿਚਾ ਬਰਾੜ ਅਤੇ ਕਾਮਰਸ ਐਂਡ ਮੈਨੇਜਮੈਂਟ ਵਿਭਾਗ ਦੀ ਮੁਖੀ ਡਾ. ਕੰਚਨ ਵੱਲੋਂ ਕੀਤੀ ਗਈ। ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਗੁਣਵੱਤਾਪੂਰਨ ਅੰਕੜਿਆਂ, ਪੁਰਾਤਨ ਸਮੇਂ ਤੋਂ ਅਜੋਕੇ ਯੁੱਗ ਤੱਕ ਅੰਕੜਾ ਵਿਗਿਆਨ ਦੇ ਵਿਕਾਸ ਅਤੇ ਅਸਲ ਜੀਵਨ ਵਿੱਚ ਇਸ ਦੀ ਵਰਤੋਂ ਬਾਰੇ ਜਾਣਕਾਰੀ ਭਰਪੂਰ ਪੇਸ਼ਕਾਰੀਆਂ ਦਿੱਤੀਆਂ। ਗਣਿਤ, ਕਾਮਰਸ ਐਂਡ ਮੈਨੇਜਮੈਂਟ ਅਤੇ ਸਿੱਖਿਆ ਵਿਭਾਗ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਗਿਆਨ ਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਦਾ ਮੌਕਾ ਪ੍ਰਾਪਤ ਕੀਤਾ। ਮੁਕਾਬਲੇ ਵਿੱਚ ਬੀ.ਬੀ.ਏ. ਸਮੈਸਟਰ ਪੰਜਵਾਂ ਦੀ ਗੁਰਕਮਲਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਬੀ.ਐੱਸਸੀ. ਆਨਰਜ਼ ਗਣਿਤ, ਸਮੈਸਟਰ ਪਹਿਲਾ ਦੀ ਪਰਨੀਤ ਕੌਰ ਸੋਹੀ ਨੇ ਦੂਜਾ ਅਤੇ ਇਸੇ ਜਮਾਤ ਦੀ ਅਰਸ਼ਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਨੇ ਜੇਤੂ ਵਿਦਿਆਰਥੀਆਂ, ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਗਣਿਤ ਵਿਭਾਗ ਨੂੰ ਇਸ ਸਫਲ ਉਪਰਾਲੇ ਲਈ ਵਧਾਈ ਦਿੱਤੀ। ਉਨ੍ਹਾਂ ਨੇ ਸੰਖਿਆ ਸਿਧਾਂਤ ਅਤੇ ਗਣਿਤ ਦੇ ਖੇਤਰ ਵਿੱਚ ਸ੍ਰੀਨਿਵਾਸ ਰਾਮਾਨੁਜਨ ਦੀ ਅਹਿਮ ਦੇਣ ਨੂੰ ਵੀ ਉਜਾਗਰ ਕੀਤਾ। ਇਹ ਮੁਕਾਬਲਾ ਵਿਦਿਆਰਥੀਆਂ ਦੇ ਸੰਚਾਰ, ਪੇਸ਼ਕਾਰੀ ਅਤੇ ਹੋਰ ਅਮਲੀ ਮੁਹਾਰਤਾਂ ਨੂੰ ਨਿਖਾਰਨ ਲਈ ਇੱਕ ਅਹਿਮ ਮੰਚ ਸਾਬਤ ਹੋਇਆ। ਇਹ ਉਪਰਾਲਾ ਯੂਨੀਵਰਸਿਟੀ ਦੀ ਵੱਖ-ਵੱਖ ਵਿਸ਼ਿਆਂ ਦੇ ਗਿਆਨ ਨੂੰ ਉਤਸ਼ਾਹਿਤ ਕਰਨ, ਵਿਦਿਆਰਥੀਆਂ ਦੀ ਪ੍ਰਤਿਭਾ ਨਿਖਾਰਨ ਅਤੇ ਉਨ੍ਹਾਂ ਨੂੰ ਅਕਾਦਮਿਕ ਤੇ ਕਿੱਤਾਮੁਖੀ ਖੇਤਰਾਂ ਵਿੱਚ ਬਿਹਤਰ ਪ੍ਰਾਪਤੀਆਂ ਲਈ ਤਿਆਰ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
