Home ਪੰਜਾਬ ਪੀੜ੍ਹੀਆਂ ਤੋਂ ਵੱਸਦੇ ਘਰਾਂ ਨੂੰ ਮਿਲੀ ਮਾਲਕੀ ਦੀ ਦਸਤਾਵੇਜ਼ੀ ਪਛਾਣ

ਪੀੜ੍ਹੀਆਂ ਤੋਂ ਵੱਸਦੇ ਘਰਾਂ ਨੂੰ ਮਿਲੀ ਮਾਲਕੀ ਦੀ ਦਸਤਾਵੇਜ਼ੀ ਪਛਾਣ

Generational Homeowners Receive Official Ownership Documents After Years of Occupancy

0

ਕਿਹਾ, ਲੋਕਾਂ ਦੇ ਹੱਕਾਂ ਨੂੰ ਮਜ਼ਬੂਤ ਕਰਨਾ ਅਤੇ ਸਰਕਾਰੀ ਸੇਵਾਵਾਂ ਉਨ੍ਹਾਂ ਤੱਕ ਪਹੁੰਚਾਉਣਾ ਪੰਜਾਬ ਸਰਕਾਰ ਦੀ ਤਰਜੀਹ

ਦਿੜ੍ਹਬਾ, 28 ਅਕਤੂਬਰ, 2026 (ਛਤਰਪਾਲ ਸਿੰਘ ) : ਪੀੜ੍ਹੀਆਂ ਤੋਂ ਆਪਣੇ ਘਰਾਂ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਮਾਲਕੀ ਹੱਕਾਂ ਦਾ ਦਸਤਾਵੇਜ਼ੀ ਆਧਾਰ ਮੁਹੱਈਆ ਕਰਵਾਉਣ ਲਈ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਹਲਕਾ ਦਿੜ੍ਹਬਾ ਦੇ ਸੱਤ ਪਿੰਡਾਂ ਵਿੱਚ 1,227 ਪ੍ਰਾਪਰਟੀ ਕਾਰਡ ਵੰਡੇ ਗਏ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਓ.ਐੱਸ.ਡੀ. ਤਪਿੰਦਰ ਸਿੰਘ ਸੋਹੀ ਨੇ ਵਸਨੀਕਾਂ ਨੂੰ ਇਹ ਕਾਰਡ ਸੌਂਪਦਿਆਂ ਕਿਹਾ ਕਿ ਘਰ ਦੀ ਮਾਲਕੀ ਦੀ ਸਪੱਸ਼ਟ ਪਛਾਣ ਹਰ ਪਰਿਵਾਰ ਦੇ ਭਰੋਸੇ ਅਤੇ ਸਵੈਮਾਣ ਨਾਲ ਜੁੜੀ ਹੋਈ ਹੈ।

ਪ੍ਰਾਪਰਟੀ ਕਾਰਡਾਂ ਦੀ ਵੰਡ ਦੌਰਾਨ ਪਿੰਡ ਉਗਰਾਹਾਂ ਦੇ 235, ਜਖੇਪਲ ਦੇ 161, ਤਰੰਜੀਖੇੜਾ ਦੇ 131, ਛਾਜਲਾ ਦੇ 164, ਕੋਹਰੀਆਂ ਦੇ 300, ਮੌਜੋਵਾਲ ਦੇ 108 ਅਤੇ ਮੈਦੇਵਾਸ ਦੇ 128 ਲਾਭਪਾਤਰੀਆਂ ਨੂੰ ਲਾਲ ਲਕੀਰ ਅੰਦਰ ਸਥਿਤ ਉਨ੍ਹਾਂ ਦੀਆਂ ਰਿਹਾਇਸ਼ੀ ਜਾਇਦਾਦਾਂ ਸਬੰਧੀ ਦਸਤਾਵੇਜ਼ ਦਿੱਤੇ ਗਏ। ਤਪਿੰਦਰ ਸਿੰਘ ਸੋਹੀ ਨੇ ਕਿਹਾ ਕਿ ਘਰ ਨਾਲ ਮਨੁੱਖ ਦੀ ਉਮਰ ਭਰ ਦੀ ਮਿਹਨਤ ਅਤੇ ਪਰਿਵਾਰ ਦੀਆਂ ਅਨੇਕਾਂ ਯਾਦਾਂ ਜੁੜੀਆਂ ਹੁੰਦੀਆਂ ਹਨ। ਅਜਿਹੇ ਘਰ ਦੀ ਮਾਲਕੀ ਦਾ ਦਸਤਾਵੇਜ਼ ਮਿਲਣਾ ਪਰਿਵਾਰ ਲਈ ਅਹਿਮ ਪ੍ਰਾਪਤੀ ਹੈ। ਉਨ੍ਹਾਂ ਦੱਸਿਆ ਕਿ ‘ਮੇਰਾ ਘਰ ਮੇਰੇ ਨਾਮ’ ਸਕੀਮ ਦਾ ਮਕਸਦ ਲਾਲ ਲਕੀਰ ਅੰਦਰ ਰਹਿੰਦੇ ਲੋਕਾਂ ਨੂੰ ਉਨ੍ਹਾਂ ਦੀਆਂ ਰਿਹਾਇਸ਼ੀ ਜਾਇਦਾਦਾਂ ਦੇ ਮਾਲਕਾਨਾ ਹੱਕਾਂ ਸਬੰਧੀ ਸਪੱਸ਼ਟ ਰਿਕਾਰਡ ਮੁਹੱਈਆ ਕਰਵਾਉਣਾ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਦੀਆਂ ਜ਼ਮੀਨੀ ਲੋੜਾਂ ਅਨੁਸਾਰ ਕੰਮ ਕਰ ਰਹੀ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਹਲਕਾ ਦਿੜ੍ਹਬਾ ਦੇ ਪਿੰਡਾਂ ਤੱਕ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਉਪਰਾਲੇ ਜਾਰੀ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਹੱਕਾਂ ਨੂੰ ਮਜ਼ਬੂਤ ਕਰਨਾ ਅਤੇ ਲੋੜੀਂਦੀਆਂ ਸੇਵਾਵਾਂ ਉਨ੍ਹਾਂ ਤੱਕ ਸੁਖਾਲੇ ਢੰਗ ਨਾਲ ਪਹੁੰਚਾਉਣਾ ਸਰਕਾਰ ਦੀ ਤਰਜੀਹ ਹੈ। ਸ੍ਰ ਸੋਹੀ ਨੇ ਵਸਨੀਕਾਂ ਨੂੰ ਆਪਣੇ ਪ੍ਰਾਪਰਟੀ ਕਾਰਡਾਂ ਵਿੱਚ ਦਰਜ ਵੇਰਵੇ ਧਿਆਨ ਨਾਲ ਵੇਖਣ ਅਤੇ ਦਸਤਾਵੇਜ਼ ਸੰਭਾਲ ਕੇ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੇਰਵੇ ਸਬੰਧੀ ਸਪੱਸ਼ਟੀਕਰਨ ਦੀ ਲੋੜ ਹੋਵੇ ਤਾਂ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਪਤਵੰਤੇ ਅਤੇ ਪਿੰਡਾਂ ਦੇ ਵਸਨੀਕ ਹਾਜ਼ਰ ਸਨ।

Exit mobile version