ਗੁਰੂਗ੍ਰਾਮ, 30 ਜੁਲਾਈ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਗੁਰੂਗ੍ਰਾਮ ਵਿੱਚ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਇੱਕ ਚਾਰਟਰਡ ਪਾਇਲਟ ਨੂੰ ਗ੍ਰਿਫ਼ਤਾਰ ਕੀਤਾ ਹੈ। ਕ੍ਰਾਈਮ ਬ੍ਰਾਂਚ ਨੇ ਮੁਲਜ਼ਮ ਕੋਲੋਂ 814 ਗ੍ਰਾਮ MDMA ਡਰੱਗ ਬਰਾਮਦ ਕੀਤੀ ਹੈ, ਜਿਸ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਲਗਭਗ 40 ਲੱਖ ਰੁਪਏ ਦੱਸੀ ਜਾ ਰਹੀ ਹੈ।
ਪੁਲਿਸ ਮੁਤਾਬਕ ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਕੇਰਲ ਦੇ ਰਹਿਣ ਵਾਲੇ 32 ਸਾਲਾ ਅਰਸ਼ਦ ਅਲੀ ਉਰਫ਼ ਅੱਜੂ ਵਜੋਂ ਹੋਈ ਹੈ। ਉਹ ਗੁਰੂਗ੍ਰਾਮ ਦੀ ਦੌਲਤਾਬਾਦ ਸਥਿਤ ਇੱਕ ਹਾਈ-ਪ੍ਰੋਫਾਈਲ ਸੋਸਾਇਟੀ ਵਿੱਚ ਰਹਿ ਰਿਹਾ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਪਹਿਲਾਂ ਇੱਕ ਪ੍ਰਾਈਵੇਟ ਏਅਰਲਾਈਨ ਵਿੱਚ ਪਾਇਲਟ ਰਹਿ ਚੁੱਕਾ ਹੈ ਅਤੇ ਮੌਜੂਦਾ ਸਮੇਂ ਚਾਰਟਰਡ ਜਹਾਜ਼ ਉਡਾਉਣ ਵਾਲੀ ਇੱਕ ਪ੍ਰਾਈਵੇਟ ਕੰਪਨੀ ਨਾਲ ਜੁੜਿਆ ਹੋਇਆ ਸੀ।
ਕ੍ਰਾਈਮ ਬ੍ਰਾਂਚ ਨੂੰ ਮਿਲੀ ਸੂਚਨਾ ਦੇ ਆਧਾਰ ‘ਤੇ ਸੈਕਟਰ-103 ਨੇੜੇ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਸ਼ੱਕੀ ਲਗਜ਼ਰੀ ਕਾਰ ਦੀ ਤਲਾਸ਼ੀ ਲਈ ਗਈ, ਜਿਸ ਵਿੱਚੋਂ ਵੱਡੀ ਮਾਤਰਾ ਵਿੱਚ MDMA ਬਰਾਮਦ ਹੋਈ।
ਪੁਲਿਸ ਜਾਂਚ ਵਿੱਚ ਮੁਲਜ਼ਮ ਨੇ ਦੱਸਿਆ ਕਿ ਉਹ ਪਹਿਲਾਂ ਖੁਦ ਨਸ਼ੇ ਦਾ ਸੇਵਨ ਕਰਦਾ ਸੀ ਅਤੇ ਬਾਅਦ ਵਿੱਚ ਆਰਥਿਕ ਲੋੜਾਂ ਕਾਰਨ ਡਰੱਗਜ਼ ਦੇ ਕਾਰੋਬਾਰ ਨਾਲ ਜੁੜ ਗਿਆ। ਹਾਲਾਂਕਿ ਪੁਲਿਸ ਹੁਣ ਉਸ ਦੇ ਬਿਆਨਾਂ ਦੀ ਪੁਸ਼ਟੀ ਕਰਨ ਦੇ ਨਾਲ-ਨਾਲ ਪੂਰੇ ਨੈੱਟਵਰਕ ਦੀ ਜਾਂਚ ਕਰ ਰਹੀ ਹੈ।
ਏਸੀਪੀ ਕ੍ਰਾਈਮ ਨਵੀਨ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਰਾਜੇਂਦਰ ਪਾਰਕ ਥਾਣੇ ਵਿੱਚ NDPS ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ ਤਾਂ ਜੋ ਡਰੱਗ ਸਪਲਾਈ ਚੇਨ ਨਾਲ ਜੁੜੇ ਹੋਰ ਲੋਕਾਂ ਦਾ ਪਤਾ ਲਗਾਇਆ ਜਾ ਸਕੇ।
ਪੁਲਿਸ ਵੱਲੋਂ ਨੋਇਡਾ ਅਤੇ ਦਿੱਲੀ-ਐਨਸੀਆਰ ਦੇ ਵੱਖ-ਵੱਖ ਇਲਾਕਿਆਂ ਵਿੱਚ ਵੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਸ ਮਾਮਲੇ ਦੇ ਤਾਰ ਇੱਕ ਵੱਡੇ ਡਰੱਗ ਸਿੰਡੀਕੇਟ ਨਾਲ ਜੁੜੇ ਹੋ ਸਕਦੇ ਹਨ।








