ਦਾਨਾਂਗ, 5 ਸਤੰਬਰ, 2026 (ਅਰਸ਼ਦੀਪ ਸਿੰਘ) : ਪਿਕਲਬਾਲ ਵਰਲਡ ਕੱਪ ਵਿੱਚ ਭਾਰਤ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਟੀਮ ਮੁਕਾਬਲੇ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਦੂਜੇ ਦਿਨ ਭਾਰਤੀ ਟੀਮ ਨੇ ਚੀਨ ਅਤੇ ਫਿਲੀਪੀਨਜ਼ ਨੂੰ ਲਗਾਤਾਰ ਹਰਾਕੇ ਅਜੇਤੂ ਰਿਕਾਰਡ ਕਾਇਮ ਰੱਖਿਆ। ਭਾਰਤ ਨੇ ਰਾਊਂਡ ਆਫ਼ 32 ਵਿੱਚ ਚੀਨ ਨੂੰ ਇਕਤਰਫ਼ਾ ਅੰਦਾਜ਼ ਵਿੱਚ 4-0 ਨਾਲ ਮਾਤ ਦਿੱਤੀ। ਭਾਰਤੀ ਟੀਮ ਵਿੱਚ ਹਰਸ਼ ਮਹਿਤਾ, ਅਰਜੁਨ ਸਿੰਘ, ਅਨਿਸ਼ ਫ੍ਰੋਇਲਨ, ਅਮਨ ਪਟੇਲ, ਪਰਲ ਅਮਲਸਾਦੀਵਾਲਾ, ਨਾਓਮੀ ਅਮਲਸਾਦੀਵਾਲਾ, ਆਲੀਆ ਇਬਰਾਹਿਮ ਅਤੇ ਮਿਹਿਕਾ ਯਾਦਵ ਸ਼ਾਮਲ ਹਨ। ਚੀਨ ਖ਼ਿਲਾਫ਼ ਪਰਲ ਅਮਲਸਾਦੀਵਾਲਾ ਅਤੇ ਮਿਹਿਕਾ ਯਾਦਵ ਨੇ ਮਹਿਲਾ ਡਬਲਜ਼ ਵਿੱਚ 21-19 ਦੀ ਜਿੱਤ ਨਾਲ ਭਾਰਤ ਦਾ ਖਾਤਾ ਖੋਲ੍ਹਿਆ। ਇਸ ਤੋਂ ਬਾਅਦ ਹਰਸ਼ ਮਹਿਤਾ ਅਤੇ ਅਰਜੁਨ ਸਿੰਘ ਨੇ ਦੂਜਾ ਅੰਕ ਹਾਸਲ ਕੀਤਾ। ਤੀਜੇ ਮੁਕਾਬਲੇ ਵਿੱਚ ਹਰਸ਼ ਮਹਿਤਾ ਅਤੇ ਪਰਲ ਅਮਲਸਾਦੀਵਾਲਾ ਨੇ ਸਖ਼ਤ ਟੱਕਰ ਤੋਂ ਬਾਅਦ ਜਿੱਤ ਦਰਜ ਕੀਤੀ, ਜਦਕਿ ਅਰਜੁਨ ਸਿੰਘ ਅਤੇ ਮਿਹਿਕਾ ਯਾਦਵ ਨੇ ਚੌਥਾ ਮੁਕਾਬਲਾ ਜਿੱਤ ਕੇ ਭਾਰਤ ਨੂੰ 4-0 ਦੀ ਜਿੱਤ ਦਿਵਾਈ। ਰਾਊਂਡ ਆਫ਼ 16 ਵਿੱਚ ਭਾਰਤ ਦਾ ਸਾਹਮਣਾ ਫਿਲੀਪੀਨਜ਼ ਨਾਲ ਹੋਇਆ, ਜਿੱਥੇ ਟੀਮ ਨੇ 4-1 ਨਾਲ ਜਿੱਤ ਹਾਸਲ ਕੀਤੀ। ਪਰਲ ਅਤੇ ਮਿਹਿਕਾ ਦੀ ਮਹਿਲਾ ਡਬਲਜ਼ ਜੋੜੀ ਨੇ ਇੱਕ ਵਾਰ ਫਿਰ ਭਾਰਤ ਨੂੰ ਪਹਿਲਾ ਅੰਕ ਦਿਵਾਇਆ। ਹਾਲਾਂਕਿ ਪੁਰਸ਼ ਡਬਲਜ਼ ਵਿੱਚ ਭਾਰਤੀ ਜੋੜੀ ਨੂੰ 19-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਭਾਰਤ ਨੇ ਜ਼ਬਰਦਸਤ ਵਾਪਸੀ ਕਰਦਿਆਂ ਦੋਵੇਂ ਮਿਕਸਡ ਡਬਲਜ਼ ਮੁਕਾਬਲੇ ਜਿੱਤ ਲਏ ਅਤੇ ਸਕੋਰ 3-1 ਕਰ ਦਿੱਤਾ। ਆਖ਼ਰੀ ਮੁਕਾਬਲੇ ਵਿੱਚ ਆਲੀਆ ਇਬਰਾਹਿਮ ਨੇ 21-12 ਦੀ ਆਰਾਮਦਾਇਕ ਜਿੱਤ ਦਰਜ ਕਰਕੇ ਭਾਰਤ ਦੀ ਕੁਆਰਟਰ ਫਾਈਨਲ ਵਿੱਚ ਥਾਂ ਪੱਕੀ ਕਰ ਦਿੱਤੀ। ਹੁਣ ਕੁਆਰਟਰ ਫਾਈਨਲ ਵਿੱਚ ਭਾਰਤ ਦੀ ਟੱਕਰ ਮਜ਼ਬੂਤ ਅਮਰੀਕੀ ਟੀਮ ਨਾਲ ਹੋਵੇਗੀ। ਭਾਰਤੀ ਟੀਮ ਦੀ ਮੌਜੂਦਾ ਫਾਰਮ ਨੂੰ ਦੇਖਦਿਆਂ ਇਸ ਮੁਕਾਬਲੇ ਵਿੱਚ ਵੀ ਰੋਮਾਂਚਕ ਟੱਕਰ ਦੀ ਉਮੀਦ ਹੈ।







