ਅਮਲੋਹ/ਮੰਡੀ ਗੋਬਿੰਦਗੜ੍ਹ, 01 ਸਤੰਬਰ, 2026 (ਹਰਸ਼ਪ੍ਰੀਤ ਕੌਰ) : ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਕਲੀਨ ਪੰਜਾਬ ਤਹਿਤ ਅੱਜ ਨਗਰ ਕੌਂਸਲ ਅਮਲੋਹ ਵੱਲੋਂ ਹਲਕਾ ਵਿਧਾਇਕ ਸ੍ਰੀ ਗੁਰਿੰਦਰ ਸਿੰਘ ਗੈਰੀ ਵੜਿੰਗ ਦੀ ਅਗਵਾਈ ਹੇਠ ਚੌਥੇ ਦਿਨ ਵਿਸ਼ੇਸ਼ ਸਫਾਈ ਅਭਿਆਨ ਚਲਾਇਆ ਗਿਆ। ਇਸ ਦੌਰਾਨ ਅਮਲੋਹ ਦੇ ਖੰਨਾ ਰੋਡ ਸਥਿਤ ਨੇਕ ਡੱਗ ਕੋਲ ਲੱਗੇ ਕੂੜੇ ਦੇ ਢੇਰਾਂ ਨੂੰ ਸਥਾਈ ਤੌਰ ’ਤੇ ਹਟਾ ਕੇ ਇਲਾਕੇ ਦੀ ਸਫਾਈ ਨੂੰ ਯਕੀਨੀ ਬਣਾਇਆ ਗਿਆ। ਇਸ ਮੌਕੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਨਾਲ, ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਸ੍ਰੀਮਤੀ ਹਰਿੰਦਰ ਕੌਰ ਚੀਮਾ ਨੇ ਸਫਾਈ ਅਭਿਆਨ ਦਾ ਜਾਇਜਾ ਲਿਆ। ਇਸਦੇ ਨਾਲ ਹੀ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵੱਲੋਂ ਪਿੰਡ ਜੱਸੜਾਂ ਵਿਖੇ ਵੀ ਸਾਫ ਸਫਾਈ ਦਾ ਕੰਮ ਕਰਵਾਇਆ ਗਿਆ, ਜਿਸ ਤਹਿਤ ਜਨਤਕ ਥਾਵਾਂ, ਸੜਕਾਂ ਦੇ ਕਿਨਾਰਿਆਂ ਅਤੇ ਹੋਰ ਸਥਾਨਾਂ ਦੀ ਸਫਾਈ ਕਰਵਾਈ ਗਈ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ਼ ਨੇ ਮੌਕੇ ਤੇ ਪਹੁੰਚ ਕੇ ਸਫਾਈ ਕਾਰਜਾਂ ਦਾ ਜਾਇਜਾ ਲਿਆ।

ਹਲਕਾ ਵਿਧਾਇਕ ਗੈਰੀ ਵੜਿੰਗ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਨਤਕ ਥਾਵਾਂ ’ਤੇ ਕੂੜਾ ਸੁੱਟਣ ਤੋਂ ਗੁਰੇਜ਼ ਕਰਨ ਅਤੇ ਘਰੇਲੂ ਕੂੜਾ ਕੇਵਲ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਨੂੰ ਹੀ ਦੇਣ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਫਾਈ ਅਤੇ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਕਲੀਨ ਪੰਜਾਬ ਤਹਿਤ ਸੂਬੇ ਨੂੰ ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਲੋਕਾਂ ਦੇ ਸਹਿਯੋਗ ਨਾਲ ਹੀ ਸਫਲ ਬਣਾਇਆ ਜਾ ਸਕਦਾ ਹੈ। ਇਸ ਮੌਕੇ ਨਗਰ ਕੌਂਸਲ ਅਮਲੋਹ ਦੇ ਮੀਤ ਪ੍ਰਧਾਨ ਸ੍ਰੀ ਅਤੁਲ ਲੁਟਾਵਾ, ਸੁਖਵਿੰਦਰ ਕੌਰ ਗਹਿਲੋਤ,ਕੌਂਸਲਰ ਸ੍ਰੀਮਤੀ ਜਾਹਨਵੀ ਸ਼ਰਮਾ, ਸ੍ਰੀ ਜਗਤਾਰ ਸਿੰਘ, ਸ੍ਰੀ ਦਰਸ਼ਨ ਸਿੰਘ ਚੀਮਾ, ਨਗਰ ਕੌਂਸਲ ਦੇ ਸੈਕਟਰੀ-ਕਮ-ਇੰਸਪੈਕਟਰ ਸ੍ਰੀ ਹੁਸਨ ਲਾਲ, ਸ੍ਰੀ ਸੰਦੀਪ ਸਿੰਘ ,ਸਮੂਹ ਮੋਟੀਵੇਟਰ, ਨਗਰ ਕੌਂਸਲ ਦਾ ਸਟਾਫ਼ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਸਨ।
ਮਿਸ਼ਨ ਕਲੀਨ ਪੰਜਾਬ’ ਤਹਿਤ ਅਮਲੋਹ ਵਿੱਚ ਵਿਸ਼ੇਸ਼ ਸਫਾਈ ਅਭਿਆਨ ਦੌਰਾਨ ਕੂੜੇ ਦੇ ਢੇਰਾਂ ਦਾ ਕੀਤਾ ਸਥਾਈ ਨਿਪਟਾਰਾ
Special drive clears garbage heaps under Mission Clean Punjab.