ਫਤਹਿਗੜ੍ਹ ਸਾਹਿਬ, 01 ਸਤੰਬਰ, 2026 (ਕਾਜਲ) : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵੀਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੇਡ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਸਾਂਝੇ ਤੌਰ ’ਤੇ ਮੈਰਾਥਨ ਦੌੜ ਕਰਵਾਈ ਗਈ। ਮੈਰਾਥਨ ਨੂੰ ਸਹਾਇਕ ਕਮਿਸ਼ਨਰ (ਜਨਰਲ) ਸੂਬਾ ਸਿੰਘ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਹ ਮੈਰਾਥਨ ਡੀ.ਸੀ. ਕੰਪਲੈਕਸ, ਮਾਤਾ ਗੁਜਰੀ ਕਾਲਜ, ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ, ਗੁਰਦੁਆਰਾ ਬਿਬਾਨਗੜ੍ਹ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਰੋਡ ਅਤੇ ਮੁੜ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੋਂ ਹੁੰਦੀ ਹੋਈ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਮੁੱਖ ਗੇਟ ’ਤੇ ਸਮਾਪਤ ਹੋਈ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਸੂਬਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵੀਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਵੱਖ-ਵੱਖ ਜਾਗਰੂਕਤਾ ਅਤੇ ਸਮਾਜਿਕ ਏਕਤਾ ਨਾਲ ਜੁੜੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦਾ ਮਕਸਦ ਮਹਾਨ ਸੰਤ ਦੀਆਂ ਸਿੱਖਿਆਵਾਂ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣਾ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵੀਦਾਸ ਜੀ ਨੇ ਆਪਣੇ ਜੀਵਨ ਅਤੇ ਉਪਦੇਸ਼ਾਂ ਰਾਹੀਂ ਸਮਾਜ ਵਿੱਚ ਬਰਾਬਰੀ, ਭਾਈਚਾਰਕ ਸਾਂਝ ਅਤੇ ਮਨੁੱਖਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਜਾਤ-ਪਾਤ, ਛੂਆਛਾਤ ਅਤੇ ਸਮਾਜਿਕ ਵਿਤਕਰੇ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਇੱਕ ਸਮਾਨ ਅਤੇ ਨਿਰੋਗ ਸਮਾਜ ਦੀ ਸਿਰਜਣਾ ਕੀਤੀ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੀਆਂ ਹਨ। ਇਸ ਮੌਕੇ ਸ੍ਰੀ ਸੂਬਾ ਸਿੰਘ ਨੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਅਜਿਹੇ ਖੇਡ ਅਤੇ ਸਮਾਜਿਕ ਜਾਗਰੂਕਤਾ ਨਾਲ ਸਬੰਧਤ ਪ੍ਰੋਗਰਾਮਾਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਐਸ.ਪੀ.ਡੀ ਸ੍ਰੀਮਤੀ ਹਰਵੰਤ ਕੌਰ,ਡੀ.ਐਸ.ਪੀ.ਹਰਤੇਸ਼ ਕੌਸ਼ਿਕ, ਜ਼ਿਲ੍ਹਾ ਖੇਡ ਅਫਸਰ ਸ੍ਰੀ ਹਰਪਿੰਦਰ ਸਿੰਘ ਤੋ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਨੋਜਵਾਨ ਹਾਜਰ ਸਨ।
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਰਾਬਰੀ, ਭਾਈਚਾਰੇ ਅਤੇ ਸਮਾਜਿਕ ਏਕਤਾ ਦਾ ਸੰਦੇਸ਼ ਦੇਣ ਲਈ ਕਰਵਾਈ ਗਈ ਮੈਰਾਥਨ
Marathon spreads Guru Ravidas Ji’s message of equality and social unity.
