Homeਪਟਿਆਲਾ ਅਪਡੇਟਤ੍ਰਿਪੜੀ ਪਾਣੀ ਵਾਲੀ ਟੈਂਕੀ ਚੌਂਕ 'ਚ ਵਧਦੇ ਟ੍ਰੈਫਿਕ ਜਾਮ ਤੇ ਹਾਦਸਿਆਂ ਤੋਂ...

ਤ੍ਰਿਪੜੀ ਪਾਣੀ ਵਾਲੀ ਟੈਂਕੀ ਚੌਂਕ ‘ਚ ਵਧਦੇ ਟ੍ਰੈਫਿਕ ਜਾਮ ਤੇ ਹਾਦਸਿਆਂ ਤੋਂ ਲੋਕ ਪਰੇਸ਼ਾਨ

ਸੀਨੀਅਰ ਸਿਟੀਜ਼ਨ ਕਲੱਬ, ਬਹਾਵਲਪੁਰੀ ਤ੍ਰਿਪੜੀ ਵੱਲੋਂ ਮੇਅਰ ਤੇ ਐਸ.ਪੀ. ਟੈ੍ਰਫਿਕ ਨੂੰ ਦਿੱਤਾ ਮੰਗ ਪੱਤਰ 

ਪਟਿਆਲਾ: 7 ਜੁਲਾਈ 2026 (ਸ਼ਹੀਦ—ਏ—ਆਜ਼ਮ ਬਿਓਰੋ): ਤ੍ਰਿਪੜੀ ਦੇ ਰਤਨ ਨਗਰ, ਏਕਤਾ ਨਗਰ, ਜਗਦੀਸ਼ ਇਨਕਲੇਵ, ਝਿੱਲ ਏਰੀਆ ਅਤੇ ਨਿਊ ਗ੍ਰੀਨ ਪਾਰਕ ਦੇ ਵਸਨੀਕਾਂ ਨੂੰ ਪਾਣੀ ਵਾਲੀ ਟੈਂਕੀ ਚੌਂਕ ਨੇੜੇ ਲੱਗਦੇ ਭਾਰੀ ਟ੍ਰੈਫਿਕ ਅਤੇ ਲਗਾਤਾਰ ਵਾਪਰ ਰਹੇ ਸੜਕ ਹਾਦਸਿਆਂ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਸਬੰਧੀ ਇਲਾਕਾ ਵਾਸੀਆਂ, ਦੀਨ ਦਿਆਲ ਪ੍ਰਧਾਨ, ਸੀਨੀਅਰ ਸਿਟੀਜ਼ਨ ਕਲੱਬ, ਬਹਾਵਲਪੁਰੀ ਤ੍ਰਿਪੜੀ ਦੇ ਸਮੂਹ ਮੈਂਬਰਾਂ ਅਤੇ ਪਵਨ ਕੁਮਾਰ ਸੀਨੀਅਰ ਕਮਾਂਡੈਂਟ ਐਸ.ਐਸ.ਪੀ. ਰਿਟਾਇਰ, ਐਡਵੋਕੇਟ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਪਟਿਆਲਾ ਵੱਲੋਂ ਸ਼ੰਕਰ ਪ੍ਰੋਵਿਜ਼ਨ ਰਾਸ਼ਨ ਸਟੋਰ ਦੇ ਮਾਧਿਅਮ ਰਾਹੀਂ ਮੇਅਰ ਕੁੰਦਨ ਗੋਗੀਆ ਨੂੰ ਮੰਗ ਪੱਤਰ ਦੇ ਕੇ ਤੁਰੰਤ ਟ੍ਰੈਫਿਕ ਸੁਧਾਰ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਗਈ ਹੈ।

ਮੰਗ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਕੋਹਲੀ ਸਵੀਟ ਤੋਂ ਸ਼ੰਕਰ ਕਰਿਆਨਾ ਸਟੋਰ ਵੱਲ ਜਾਂਦੇ ਰਸਤੇ ਦੇ ਵਿਚਕਾਰ ਸਥਿਤ ਪਾਣੀ ਵਾਲੀ ਟੈਂਕੀ ਦੇ ਗੋਲ ਚੱਕਰ ਕਾਰਨ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਕਈ ਵਾਰ ਵਾਹਨ ਚਾਲਕ ਗਲਤ ਦਿਸ਼ਾ ਵੱਲ ਮੁੜ ਜਾਂਦੇ ਹਨ, ਜਿਸ ਕਾਰਨ ਆਪਸੀ ਟੱਕਰਾਂ, ਸੜਕ ਹਾਦਸੇ ਅਤੇ ਲੜਾਈ-ਝਗੜੇ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ।

ਡਿਵਾਈਡਰ ਬਣਾਉਣ, ਰੇਹੜੀਆਂ ਸ਼ਿਫਟ ਕਰਨ ਅਤੇ ਪਾਰਕਿੰਗ ਦੀ ਵੱਖਰੀ ਵਿਵਸਥਾ ਕਰਨ ਦੀ ਕੀਤੀ ਮੰਗ

ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਨੂੰ ਤਿੰਨ ਅਹਿਮ ਸੁਝਾਅ ਵੀ ਦਿੱਤੇ ਹਨ। ਪਹਿਲਾ, ਪਾਣੀ ਵਾਲੀ ਟੈਂਕੀ ਦੇ ਮੁੱਖ ਗੇਟ ਸਾਹਮਣੇ ਟੀ-ਪੁਆਇੰਟ ‘ਤੇ ਲਗਭਗ 10 ਫੁੱਟ ਲੰਬਾ ਡਿਵਾਈਡਰ ਬਣਾਇਆ ਜਾਵੇ, ਤਾਂ ਜੋ ਵੱਡੇ ਵਾਹਨ ਸਹੀ ਦਿਸ਼ਾ ਵਿੱਚ ਚੱਲ ਸਕਣ। ਦੂਜਾ, ਗੋਲ ਚੱਕਰ ਦੇ ਨੇੜੇ ਲੱਗਣ ਵਾਲੀਆਂ ਸਬਜ਼ੀ ਅਤੇ ਫਲਾਂ ਦੀਆਂ ਰੇਹੜੀਆਂ ਨੂੰ ਪਾਣੀ ਵਾਲੀ ਟੈਂਕੀ ਦੇ ਪਿੱਛੇ ਖਾਲੀ ਥਾਂ ‘ਤੇ ਤਬਦੀਲ ਕੀਤਾ ਜਾਵੇ, ਜਿਸ ਨਾਲ ਚੌਂਕ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਘੱਟ ਹੋ ਸਕੇ। ਤੀਜਾ, ਸ਼ੰਕਰ ਰਾਸ਼ਨ ਸਟੋਰ ਸਾਹਮਣੇ ਟੀ-ਪੁਆਇੰਟ ‘ਤੇ ਖੜ੍ਹੇ ਹੋਣ ਵਾਲੇ ਭਾਰੀ ਵਾਹਨਾਂ, ਕਾਰਾਂ ਅਤੇ ਦੋ-ਪਹੀਆ ਵਾਹਨਾਂ ਲਈ ਵੱਖਰੀ ਪਾਰਕਿੰਗ ਦੀ ਵਿਵਸਥਾ ਕੀਤੀ ਜਾਵੇ।

ਇਲਾਕਾ ਵਾਸੀਆਂ ਨੇ ਮੇਅਰ ਕੋਲ ਮੰਗ ਕੀਤੀ ਹੈ ਕਿ ਲੋਕਾਂ ਦੀ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧ ਨੂੰ ਧਿਆਨ ਵਿੱਚ ਰੱਖਦਿਆਂ ਇਨ੍ਹਾਂ ਸਮੱਸਿਆਵਾਂ ਦਾ ਜਲਦ ਹੱਲ ਕੀਤਾ ਜਾਵੇ, ਤਾਂ ਜੋ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ ਅਤੇ ਪੁਲਿਸ ਤੇ ਪ੍ਰਸ਼ਾਸਨ ਨੂੰ ਵੀ ਬੇਲੋੜੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।

RELATED ARTICLES
- Advertisment -
Google search engine
Google search engine
Google search engine

Most Popular

Recent Comments