Home ਮਨੋਰੰਜਨ ਪੌਲ ਮੈਕਕਾਰਟਨੀ ਬਣੇ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਸੰਗੀਤਕਾਰ, 1.4 ਅਰਬ...

ਪੌਲ ਮੈਕਕਾਰਟਨੀ ਬਣੇ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਸੰਗੀਤਕਾਰ, 1.4 ਅਰਬ ਡਾਲਰ ਦੀ ਜਾਇਦਾਦ

aul McCartney Ranks Third Among World’s Richest Musicians with a Net Worth of $1.4 Billion

0

ਲਾਸ ਏਂਜਲਸ, 11 ਨਵੰਬਰ, 2026 (ਛਤਰਪਾਲ ਸਿੰਘ ) : ਮਸ਼ਹੂਰ ਬ੍ਰਿਟਿਸ਼ ਬੈਂਡ ‘ਦਿ ਬੀਟਲਜ਼’ ਦੇ ਮਹਾਨ ਸੰਗੀਤਕਾਰ ਪੌਲ ਮੈਕਕਾਰਟਨੀ ਨੇ ਦੁਨੀਆ ਦੇ ਅਮੀਰ ਸੰਗੀਤਕਾਰਾਂ ਦੀ ਸੂਚੀ ਵਿੱਚ ਤੀਜਾ ਸਥਾਨ ਹਾਸਲ ਕਰ ਲਿਆ ਹੈ। ਫੋਰਬਸ ਦੇ ਅਨੁਮਾਨ ਮੁਤਾਬਕ 84 ਸਾਲਾ ਮੈਕਕਾਰਟਨੀ ਦੀ ਕੁੱਲ ਜਾਇਦਾਦ 1.4 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਈ ਹੈ। ਇਸ ਸੂਚੀ ਵਿੱਚ ਮੈਕਕਾਰਟਨੀ ਤੋਂ ਅੱਗੇ ਗਾਇਕਾ ਟੇਲਰ ਸਵਿਫਟ ਹਨ, ਜਿਨ੍ਹਾਂ ਦੀ ਜਾਇਦਾਦ ਲਗਭਗ 2 ਅਰਬ ਡਾਲਰ ਦੱਸੀ ਗਈ ਹੈ। ਸੀਐੱਨਐੱਨ ਦੀ ਰਿਪੋਰਟ ਮੁਤਾਬਕ ਮੈਕਕਾਰਟਨੀ ਦੀ ਦੌਲਤ ਪਿੱਛੇ ਉਨ੍ਹਾਂ ਦਾ ਦਹਾਕਿਆਂ ਲੰਮਾ ਗੀਤ-ਸੰਗੀਤ ਦਾ ਸਫ਼ਰ, ਕਾਰੋਬਾਰੀ ਸੂਝ-ਬੂਝ ਅਤੇ ਕਲਾ-ਕਿਰਤਾਂ ਦਾ ਵੱਡਾ ਸੰਗ੍ਰਹਿ ਅਹਿਮ ਕਾਰਨ ਹਨ। ਲਿਵਰਪੂਲ ਦੇ ਇੱਕ ਮੱਧਵਰਗੀ ਪਰਿਵਾਰ ਵਿੱਚ ਜਨਮੇ ਮੈਕਕਾਰਟਨੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਹੁਤ ਸਾਦੇ ਹਾਲਾਤਾਂ ਵਿੱਚ ਕੀਤੀ ਸੀ। ‘ਦਿ ਬੀਟਲਜ਼’ ਨੇ ਦੁਨੀਆ ਭਰ ਵਿੱਚ ਬੇਮਿਸਾਲ ਪ੍ਰਸਿੱਧੀ ਹਾਸਲ ਕੀਤੀ, ਪਰ ਬੈਂਡ ਦੇ ਮੈਂਬਰਾਂ ਨੂੰ ਆਪਣੀ ਸਫਲਤਾ ਦੇ ਮੁਕਾਬਲੇ ਸ਼ੁਰੂਆਤੀ ਦੌਰ ਵਿੱਚ ਬਹੁਤ ਘੱਟ ਕਮਾਈ ਮਿਲਦੀ ਸੀ। ਫੋਰਬਸ ਅਨੁਸਾਰ, ਉਨ੍ਹਾਂ ਦੇ ਪਹਿਲੇ ਰਿਕਾਰਡ ਸਮਝੌਤੇ ਤਹਿਤ ਹਰ ਵਿਕਣ ਵਾਲੀ ਐਲਬਮ ਪਿੱਛੇ ਬੈਂਡ ਨੂੰ ਇੱਕ ਪੈਸੇ ਤੋਂ ਵੀ ਘੱਟ ਮਿਲਦਾ ਸੀ।

ਮੈਕਕਾਰਟਨੀ ਨੇ 2017 ਵਿੱਚ ਫੋਰਬਸ ਲਈ ਲਿਖੇ ਇੱਕ ਲੇਖ ਵਿੱਚ ਦੱਸਿਆ ਸੀ ਕਿ ਕੰਪਨੀ ਦੀ ਸਫਲਤਾ ਵਧਣ ਦੇ ਬਾਵਜੂਦ ਉਨ੍ਹਾਂ ਦੀ ਆਮਦਨ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਇਸ ਸਮੱਸਿਆ ਦਾ ਹੱਲ ਲੱਭਦਿਆਂ ਉਨ੍ਹਾਂ ਨੇ 1969 ਵਿੱਚ ਆਪਣੀ ਪ੍ਰਕਾਸ਼ਨ ਕੰਪਨੀ MPL Communications ਦੀ ਸਥਾਪਨਾ ਕੀਤੀ। ਇਸ ਕਦਮ ਨਾਲ ਉਨ੍ਹਾਂ ਨੇ ਆਪਣੇ ਸੰਗੀਤ ਅਤੇ ਬੌਧਿਕ ਜਾਇਦਾਦ ਦੇ ਅਧਿਕਾਰਾਂ ਦਾ ਪ੍ਰਬੰਧ ਖੁਦ ਕਰਨਾ ਸ਼ੁਰੂ ਕੀਤਾ ਅਤੇ ਰਾਇਲਟੀ ਤੋਂ ਵਧੇਰੇ ਆਮਦਨ ਹਾਸਲ ਕਰਨ ਲੱਗੇ। MPL Communications ਰਾਹੀਂ ਮੈਕਕਾਰਟਨੀ ਨੇ ਹਜ਼ਾਰਾਂ ਗੀਤਾਂ ਦੇ ਕਾਪੀਰਾਈਟ ਵੀ ਖਰੀਦੇ। ਇਨ੍ਹਾਂ ਵਿੱਚ ਰੌਕ ਐਂਡ ਰੋਲ ਦੇ ਮਸ਼ਹੂਰ ਕਲਾਕਾਰ ਬੱਡੀ ਹੋਲੀ ਦੇ ਗੀਤਾਂ ਦਾ ਪੁਰਾਣਾ ਸੰਗ੍ਰਹਿ ਵੀ ਸ਼ਾਮਲ ਹੈ। ਬੱਡੀ ਹੋਲੀ ਨੂੰ ਮੈਕਕਾਰਟਨੀ ਨੇ ‘ਦਿ ਬੀਟਲਜ਼’ ਲਈ ਆਪਣੀਆਂ ਮੁੱਖ ਸੰਗੀਤਕ ਪ੍ਰੇਰਨਾਵਾਂ ਵਿੱਚੋਂ ਇੱਕ ਦੱਸਿਆ ਹੈ। ਇਸ ਤਰ੍ਹਾਂ ਸੰਗੀਤਕ ਪ੍ਰਤਿਭਾ ਦੇ ਨਾਲ-ਨਾਲ ਸਹੀ ਕਾਰੋਬਾਰੀ ਫ਼ੈਸਲਿਆਂ ਨੇ ਵੀ ਪੌਲ ਮੈਕਕਾਰਟਨੀ ਨੂੰ ਦੁਨੀਆ ਦੇ ਸਭ ਤੋਂ ਅਮੀਰ ਸੰਗੀਤਕਾਰਾਂ ਵਿੱਚ ਸ਼ਾਮਲ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ।

 

Exit mobile version