ਪਟਿਆਲਾ:11ਅਗਸਤ (ਪ੍ਰਭਜੋਤ ਸਿੰਘ):ਨਾਭਾ ਰੋਡ ਨੇੜੇ ਭਾਖੜਾ ਨਹਿਰ ਵਿੱਚ 17 ਸਾਲਾ ਨੌਜਵਾਨ ਵਿੱਕੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਆਪਣੇ ਕੁਝ ਦੋਸਤਾਂ ਨਾਲ ਨਹਿਰ ਦੇ ਨੇੜੇ ਪਹੁੰਚਿਆ ਸੀ। ਇਸ ਦੌਰਾਨ ਝਾਲ ਦੇ ਕੋਲ ਤੇਜ਼ ਪਾਣੀ ਦੇ ਵਹਾਅ ਵਿੱਚ ਉਸ ਦੇ ਰੁੜ੍ਹ ਜਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਪਰਿਵਾਰਕ ਮੈਂਬਰਾਂ ਮੁਤਾਬਕ ਵਿੱਕੀ ਆਪਣੇ ਦੋਸਤਾਂ ਨਾਲ ਨਹਾਉਣ ਲਈ ਗਿਆ ਸੀ। ਦੂਜੇ ਪਾਸੇ, ਉਸ ਦੇ ਦੋਸਤਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਕੁਝ ਸਮੇਂ ਬਾਅਦ ਉਸ ਨੂੰ ਪਾਰਕ ਨੇੜੇ ਛੱਡ ਕੇ ਵਾਪਸ ਚਲੇ ਗਏ ਸਨ। ਇਸ ਤੋਂ ਬਾਅਦ ਵਿੱਕੀ ਕਿੱਥੇ ਗਿਆ ਅਤੇ ਕਿਸ ਦੇ ਨਾਲ ਸੀ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਗੋਤਾਖੋਰਾਂ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਨਹਿਰ ਵਿੱਚ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ। ਗੋਤਾਖੋਰ ਟੀਮ ਦੇ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਟੀਮਾਂ ਨੂੰ ਭਾਲ ਲਈ ਤਾਇਨਾਤ ਕੀਤਾ ਗਿਆ ਅਤੇ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਗਈ।
ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਭਾਖੜਾ ਨਹਿਰ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਇੱਥੇ ਨੌਜਵਾਨਾਂ ਨੂੰ ਜਾਣ ਤੋਂ ਸਾਵਧਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿੱਕੀ ਦੀ ਭਾਲ ਲਈ ਪੂਰੀ ਟੀਮ ਲਗਾਈ ਗਈ ਹੈ ਅਤੇ ਉਸ ਨੂੰ ਲੱਭਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਇਸ ਦੌਰਾਨ ਪੁਲਿਸ ਟੀਮ ਵੀ ਮੌਕੇ ’ਤੇ ਪਹੁੰਚੀ। ਪੁਲਿਸ ਨੇ ਵਿੱਕੀ ਦੇ ਨਾਲ ਆਏ ਤਿੰਨ ਨੌਜਵਾਨਾਂ ਨੂੰ ਪੁੱਛਗਿੱਛ ਲਈ ਥਾਣੇ ਲਿਜਾਇਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ।





