ਬਾਸਕਟਬਾਲ, ਬੈਡਮਿੰਟਨ, ਟੇਬਲ ਟੈਨਿਸ ਅਤੇ ਸਹਿ–ਪਾਠਕ੍ਰਮ ਮੁਕਾਬਲਿਆਂ ਵਿੱਚ ਜਿੱਤੇ ਕਈ ਸੋਨੇ ਅਤੇ ਚਾਂਦੀ ਦੇ ਤਗਮੇ
ਲੁਧਿਆਣਾ, 29 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ): ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਿਦਿਆਰਥੀਆਂ ਨੇ ਏਮਜ਼ ਬਠਿੰਡਾ ਵੱਲੋਂ ਕਰਵਾਏ ਗਏ ਐਰੋਹਾ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖੇਡਾਂ ਅਤੇ ਸਾਹਿਤਕ ਮੁਕਾਬਲਿਆਂ ਵਿੱਚ ਕਈ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤ ਕੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ।ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਬਾਸਕਟਬਾਲ, ਬੈਡਮਿੰਟਨ, ਟੇਬਲ ਟੈਨਿਸ ਅਤੇ ਹੋਰ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜੇ.ਪੀ.ਐੱਸ. ਗਿੱਲ ਨੇ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀ ਭਲਾਈ ਡਾਇਰੈਕਟੋਰੇਟ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ, ਜੋ ਵਿਦਿਆਰਥੀਆਂ ਵਿੱਚ ਖੇਡਾਂ, ਸਹਿ-ਪਾਠਕ੍ਰਮ ਗਤੀਵਿਧੀਆਂ ਅਤੇ ਉੱਤਮਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰ ਰਿਹਾ ਹੈ। ਬਾਸਕਟਬਾਲ ਮੁਕਾਬਲਿਆਂ ਵਿੱਚ ਕਾਲਜ ਆਫ਼ ਵੈਟਰਨਰੀ ਸਾਇੰਸ ਦੀ ਟੀਮ ਨੇ ਵੱਖ-ਵੱਖ ਵਰਗਾਂ ਵਿੱਚ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ। ਟੀਮ ਨੇ ਸ਼ਾਨਦਾਰ ਤਾਲਮੇਲ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ। ਬੈਡਮਿੰਟਨ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਮਹਿਲਾ ਸਿੰਗਲਜ਼ ਅਤੇ ਓਪਨ ਮਿਕਸਡ ਡਬਲਜ਼ ਵਿੱਚ ਸੋਨੇ ਦੇ ਤਗਮੇ ਜਿੱਤ ਕੇ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ। ਟੇਬਲ ਟੈਨਿਸ ਵਿੱਚ ਵੀ ਵਿਦਿਆਰਥੀਆਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਇਸ ਮੁਕਾਬਲੇ ਵਿੱਚ ਮਹਿਲਾ ਸਿੰਗਲਜ਼ ਵਿੱਚ ਸੋਨੇ ਦਾ ਤਗਮਾ, ਮਿਕਸਡ ਡਬਲਜ਼ ਵਿੱਚ ਇੱਕ ਸੋਨੇ ਅਤੇ ਇੱਕ ਚਾਂਦੀ ਦਾ ਤਗਮਾ ਅਤੇ ਲੜਕਿਆਂ ਦੇ ਡਬਲਜ਼ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ।
ਖੇਡਾਂ ਤੋਂ ਇਲਾਵਾ ਵਿਦਿਆਰਥੀਆਂ ਨੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਵਿਤਾ ਮੁਕਾਬਲੇ ਵਿੱਚ ਆਰੀਅਨ ਗਰੋਵਰ ਨੇ ਪਹਿਲਾ ਅਤੇ ਕਰਨਵੀਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸਾਜ਼ ਸੰਗੀਤ ਮੁਕਾਬਲੇ ਵਿੱਚ ਅਰਸ਼ਵਿੰਦਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥੀ ਭਲਾਈ ਦੇ ਡਾਇਰੈਕਟਰ ਡਾ. ਜਸਪਾਲ ਸਿੰਘ ਹੁੰਦਲ ਅਤੇ ਕਾਲਜ ਆਫ਼ ਵੈਟਰਨਰੀ ਸਾਇੰਸ, ਲੁਧਿਆਣਾ ਦੇ ਡੀਨ ਡਾ. ਐੱਸ.ਐੱਸ. ਰੰਧਾਵਾ ਨੇ ਸਾਰੇ ਭਾਗੀਦਾਰਾਂ ਅਤੇ ਤਗਮਾ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਦੇ ਸਮਰਪਣ, ਪ੍ਰਤਿਭਾ ਅਤੇ ਖੇਡ ਭਾਵਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਪ੍ਰਾਪਤੀਆਂ ਨਾਲ ਯੂਨੀਵਰਸਿਟੀ ਦਾ ਮਾਣ ਵਧਿਆ ਹੈ।ਯੂਨੀਵਰਸਿਟੀ ਦੀ ਖੇਡ ਟੀਮ ਨੇ ਡਾ. ਨਵਦੀਪ ਸਿੰਘ, ਖੇਡ ਇੰਚਾਰਜ ਅਤੇ ਡਾ. ਦਵਿੰਦਰ ਪਾਠਕ, ਡੀਡੀਐੱਮਸੀ ਇੰਚਾਰਜ ਦੀ ਅਗਵਾਈ ਹੇਠ ਮੁਕਾਬਲਿਆਂ ਵਿੱਚ ਭਾਗ ਲਿਆ। ਡਾ. ਪ੍ਰਤੀਕ ਸਿੰਘ ਧਾਲੀਵਾਲ ਅਤੇ ਡਾ. ਗੁਲਗੁਲ ਸਿੰਘ ਵੀ ਵਿਦਿਆਰਥੀਆਂ ਦੇ ਨਾਲ ਮੌਜੂਦ ਰਹੇ ਅਤੇ ਪੂਰੇ ਸਮਾਗਮ ਦੌਰਾਨ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕਰਦੇ ਰਹੇ।
