ਇਸ ਮੌਕੇ ਮਾਰਕੀਟ ਕਮੇਟੀ ਦਿੜ੍ਹਬਾ ਦੀ ਚੇਅਰਪਰਸਨ ਜਸਵੀਰ ਕੌਰ ਸ਼ੇਰਗਿੱਲ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਓ.ਐਸ.ਡੀ. ਨੇ ਕਿਹਾ ਕਿ ਕੈਬਨਿਟ ਮੰਤਰੀ ਸ. ਹਰਪਾਲ ਸਿੰਘ ਚੀਮਾ ਵੱਲੋਂ ਹਲਕਾ ਦਿੜ੍ਹਬਾ ਵਿੱਚ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਬਿਹਤਰ ਸਿੱਖਿਆ ਸਹੂਲਤਾਂ ਮੁਹੱਈਆ ਕਰਵਾਉਣ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੇਂਟ ਜੋਸਫ ਕਾਨਵੈਂਟ ਸਕੂਲ ਦੀ ਸਥਾਪਨਾ ਨਾਲ ਦਿੜ੍ਹਬਾ ਅਤੇ ਨੇੜਲੇ ਇਲਾਕਿਆਂ ਦੇ ਵਿਦਿਆਰਥੀਆਂ ਲਈ ਸਿੱਖਿਆ ਦੇ ਖੇਤਰ ਵਿੱਚ ਇੱਕ ਹੋਰ ਸਹੂਲਤ ਉਪਲਬਧ ਹੋਵੇਗੀ।
ਉਨ੍ਹਾਂ ਦੱਸਿਆ ਕਿ ਡਾਟਰ ਆਫ ਦੀ ਸੈਕਰਡ ਹਾਰਟ ਸੋਸਾਇਟੀ ਵੱਲੋਂ ਦਿੜ੍ਹਬਾ ਵਿਖੇ ਇੱਕ ਅਜਿਹਾ ਸਿੱਖਿਆ ਸੰਸਥਾਨ ਸਥਾਪਤ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿੱਥੇ ਰਵਾਇਤੀ ਪੜ੍ਹਾਈ ਦੇ ਨਾਲ-ਨਾਲ ਆਧੁਨਿਕ ਸਿੱਖਿਆ ਪ੍ਰਣਾਲੀ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਅਹਿਮੀਅਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਵਿੱਚ ਸਿੱਖਿਆ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਰਹੀ, ਸਗੋਂ ਵਿਦਿਆਰਥੀਆਂ ਵਿੱਚ ਰਚਨਾਤਮਕਤਾ, ਤਰਕਸ਼ੀਲ ਸੋਚ, ਆਤਮ-ਵਿਸ਼ਵਾਸ, ਸੰਚਾਰ ਹੁਨਰ ਅਤੇ ਨੈਤਿਕ ਕਦਰਾਂ-ਕੀਮਤਾਂ ਵਿਕਸਤ ਕਰਨਾ ਵੀ ਬੇਹੱਦ ਜ਼ਰੂਰੀ ਹੈ।
ਓ.ਐਸ.ਡੀ. ਨੇ ਦੱਸਿਆ ਕਿ ਸਕੂਲ ਵਿੱਚ ਭਵਿੱਖਮੁਖੀ ਅਤੇ ਮਨੋਰੰਜਕ ਅਕਾਦਮਿਕ ਪ੍ਰੋਗਰਾਮ, ਡਾਂਸ ਤੇ ਮਿਊਜ਼ਿਕ, ਆਰਟ ਤੇ ਕਰਾਫਟ, ਵਿਸ਼ਾਲ ਬਹੁ-ਉਦੇਸ਼ੀ ਮੈਦਾਨ ਸਮੇਤ ਖੇਡਾਂ ਅਤੇ ਗੇਮਜ਼, ਅਤਿ-ਆਧੁਨਿਕ ਸਾਇੰਸ ਲੈਬ, ਇਨਫਰਮੇਸ਼ਨ ਟੈਕਨਾਲੋਜੀ (ਆਈ.ਟੀ.) ਲੈਬ, ਲੈਂਗੂਏਜ ਲੈਬ, ਸੁਸੱਜਿਤ ਲਾਇਬ੍ਰੇਰੀ, ਵਿੱਦਿਅਕ ਅਤੇ ਐਕਸਪੋਜ਼ਰ ਵਿਜ਼ਿਟਾਂ ਸਮੇਤ ਹੋਰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਦੀ ਯੋਜਨਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਨਵੀਨ ਸੋਚ ਨੂੰ ਉਤਸ਼ਾਹਿਤ ਕਰਨ ਲਈ ਨੈੱਟਵਰਕ ਗਤੀਵਿਧੀਆਂ ਅਤੇ ਇਨੋਵੇਸ਼ਨ ’ਤੇ ਵੀ ਜ਼ੋਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸਮਾਰਟ ਅਤੇ ਮਮਤਾ ਭਰੇ ਮਾਹੌਲ ਵਿੱਚ ਪ੍ਰਸ਼ਿਕਸ਼ਿਤ ਅਧਿਆਪਕਾਂ ਰਾਹੀਂ ਪੜ੍ਹਾਈ ਕਰਵਾਉਣ, ਰਚਨਾਤਮਕ ਮੁਕਾਬਲੇ ਕਰਵਾਉਣ, ਪੰਜ ਏਕੜ ਵਿੱਚ ਹਰਿਆ-ਭਰਿਆ ਕੈਂਪਸ ਵਿਕਸਤ ਕਰਨ ਅਤੇ ਅਤਿ-ਆਧੁਨਿਕ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦੀ ਵਿਵਸਥਾ ਕੀਤੀ ਜਾਵੇਗੀ। ਵਿਦਿਆਰਥੀਆਂ ਦੀ ਸਿੱਖਣ ਪ੍ਰਗਤੀ ਨੂੰ ਹੋਰ ਬਿਹਤਰ ਬਣਾਉਣ ਲਈ ਮੁਲਾਂਕਣ ਦੀ ਆਧੁਨਿਕ ਪ੍ਰਣਾਲੀ ਵੀ ਅਪਣਾਈ ਜਾਵੇਗੀ।
ਮਾਰਕੀਟ ਕਮੇਟੀ ਦਿੜ੍ਹਬਾ ਦੀ ਚੇਅਰਪਰਸਨ ਜਸਵੀਰ ਕੌਰ ਸ਼ੇਰਗਿੱਲ ਨੇ ਕਿਹਾ ਕਿ ਕਿਸੇ ਵੀ ਸਮਾਜ ਦੀ ਮਜ਼ਬੂਤ ਨੀਂਹ ਗੁਣਵੱਤਾਪੂਰਨ ਸਿੱਖਿਆ ਨਾਲ ਹੀ ਰੱਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਦਿੜ੍ਹਬਾ ਵਿਖੇ ਅਜਿਹੇ ਸਿੱਖਿਆ ਸੰਸਥਾਨ ਦੀ ਸਥਾਪਨਾ ਨਾਲ ਇਲਾਕੇ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਮਿਆਰੀ ਸਿੱਖਿਆ ਦਾ ਇੱਕ ਹੋਰ ਵਿਕਲਪ ਮਿਲੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਸੰਸਥਾ ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਅਨੁਸ਼ਾਸਨ, ਸਮਾਜਿਕ ਜ਼ਿੰਮੇਵਾਰੀ ਅਤੇ ਚੰਗੇ ਨਾਗਰਿਕ ਬਣਨ ਦੀਆਂ ਕਦਰਾਂ-ਕੀਮਤਾਂ ਨਾਲ ਵੀ ਜੋੜੇਗੀ।
ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਸੰਸਥਾ ਦਾ ਉਦੇਸ਼ ਬੱਚਿਆਂ ਨੂੰ ਅਜਿਹਾ ਪਿਆਰ ਭਰਿਆ ਅਤੇ ਸੁਰੱਖਿਅਤ ਵਿਦਿਅਕ ਮਾਹੌਲ ਪ੍ਰਦਾਨ ਕਰਨਾ ਹੈ, ਜਿੱਥੇ ਉਹ ਸਿੱਖਣ, ਵਿਚਾਰ ਕਰਨ, ਆਤਮ-ਵਿਸ਼ਵਾਸ ਨਾਲ ਆਪਣੀ ਗੱਲ ਰੱਖਣ ਅਤੇ ਆਪਣੀ ਵਿਲੱਖਣ ਪ੍ਰਤਿਭਾ ਨੂੰ ਨਿਖਾਰਨ ਦੇ ਸਮਰੱਥ ਬਣ ਸਕਣ। ਇਸ ਮੌਕੇ ਮਨਿੰਦਰ ਸਿੰਘ ਪ੍ਰਧਾਨ ਨਗਰ ਪੰਚਾਇਤ ਦਿੜ੍ਹਬਾ, ਅਜੈ ਸਿੰਗਲਾ ਪ੍ਰਧਾਨ ਟਰੱਕ ਯੂਨੀਅਨ ਸਮੇਤ ਇਲਾਕੇ ਦੀਆਂ ਹੋਰ ਪਤਵੰਤੀ ਸ਼ਖ਼ਸੀਅਤਾਂ ਵੀ ਹਾਜ਼ਰ ਸਨ।







