ਸੰਗਰੂਰ, 3 ਨਵੰਬਰ, 2026 (ਛਤਰਪਾਲ ਸਿੰਘ ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਮਾਜ ਦੇ ਵੱਖ-ਵੱਖ ਵਰਗਾਂ ਦੀ ਭਲਾਈ ਅਤੇ ਉਨ੍ਹਾਂ ਦੀ ਨੁਮਾਇੰਦਗੀ ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਮੁੱਖ ਮੰਤਰੀ ਦੇ ਓ.ਐਸ.ਡੀ. ਸੁਖਵੀਰ ਸਿੰਘ ਵੱਲੋਂ ਵੱਖ-ਵੱਖ ਭਲਾਈ ਬੋਰਡਾਂ ਦੇ ਚੇਅਰਮੈਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਅੱਗਰਵਾਲ ਭਲਾਈ ਬੋਰਡ, ਬੈਰਾਗੀ ਭਲਾਈ ਬੋਰਡ, ਬਾਜੀਗਰ ਅਤੇ ਟੱਪਰੀਵਾਸ ਭਲਾਈ ਬੋਰਡ, ਬ੍ਰਾਹਮਣ ਭਲਾਈ ਬੋਰਡ, ਦਲਿਤ ਵਿਕਾਸ ਬੋਰਡ, ਗੁੱਜਰ ਭਲਾਈ ਬੋਰਡ, ਕੰਬੋਜ ਭਲਾਈ ਬੋਰਡ, ਕਨੌਜੀਆ ਭਲਾਈ ਬੋਰਡ, ਮਸੀਹ ਭਲਾਈ ਬੋਰਡ, ਪੰਜਾਬ ਸਟੇਟ ਮੁਸਲਿਮ ਡਿਵੈਲਪਮੈਂਟ ਬੋਰਡ, ਪਰਜਾਪਤ ਸਮਾਜ ਭਲਾਈ ਬੋਰਡ, ਰਾਮਗੜ੍ਹੀਆ ਭਲਾਈ ਬੋਰਡ, ਸੈਣੀ ਭਲਾਈ ਬੋਰਡ ਅਤੇ ਸਵਰਨਕਾਰ ਭਲਾਈ ਬੋਰਡ ਦੇ ਚੇਅਰਮੈਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ।

ਇਸੇ ਤਰ੍ਹਾਂ ਜ਼ਿਲ੍ਹਾ ਪੱਧਰ ‘ਤੇ ਅੱਗਰਵਾਲ ਭਲਾਈ ਬੋਰਡ, ਬਾਜੀਗਰ ਅਤੇ ਟੱਪਰੀਵਾਸ ਭਲਾਈ ਬੋਰਡ, ਬ੍ਰਾਹਮਣ ਭਲਾਈ ਬੋਰਡ, ਗੁੱਜਰ ਭਲਾਈ ਬੋਰਡ, ਕੰਬੋਜ ਭਲਾਈ ਬੋਰਡ, ਕਨੌਜੀਆ ਭਲਾਈ ਬੋਰਡ, ਖੱਤਰੀ ਅਰੋੜਾ ਭਲਾਈ ਬੋਰਡ, ਮਸੀਹ ਭਲਾਈ ਬੋਰਡ, ਪੰਜਾਬ ਸਟੇਟ ਮੁਸਲਿਮ ਡਿਵੈਲਪਮੈਂਟ ਬੋਰਡ, ਰਾਮਗੜ੍ਹੀਆ ਭਲਾਈ ਬੋਰਡ, ਸੈਣ ਸਮਾਜ ਭਲਾਈ ਬੋਰਡ ਅਤੇ ਸੈਣੀ ਭਲਾਈ ਬੋਰਡ ਦੇ ਚੇਅਰਮੈਨਾਂ ਨੂੰ ਵੀ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਓ.ਐਸ.ਡੀ. ਸੁਖਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮਾਜ ਦੇ ਹਰ ਵਰਗ ਨੂੰ ਬਣਦਾ ਮਾਣ-ਸਤਿਕਾਰ ਅਤੇ ਨੁਮਾਇੰਦਗੀ ਦੇਣ ਦੇ ਨਾਲ-ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਭਲਾਈ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਲਾਈ ਬੋਰਡਾਂ ਦੇ ਚੇਅਰਮੈਨ ਆਪਣੇ-ਆਪਣੇ ਵਰਗਾਂ ਦੀਆਂ ਲੋੜਾਂ, ਮੁਸ਼ਕਲਾਂ ਅਤੇ ਸੁਝਾਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਨਵ-ਨਿਯੁਕਤ ਚੇਅਰਮੈਨਾਂ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ, ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਲੋਕਾਂ ਨਾਲ ਸਿੱਧਾ ਸੰਪਰਕ ਬਣਾਈ ਰੱਖਣ ਅਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਯੋਗ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਸਰਗਰਮ ਭੂਮਿਕਾ ਨਿਭਾਉਣ। ਇਸ ਮੌਕੇ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਸੁਖਸਾਗਰ ਸਿੰਘ ਸਮੇਤ ਵੱਡੀ ਗਿਣਤੀ ਵੱਖ ਵੱਖ ਬੋਰਡਾਂ ਦੇ ਚੇਅਰਮੈਨ ਮੌਜੂਦ ਸਨ।